ਗੂੜ੍ਹੀ ਨੀਂਦੇ ਸੁੱਤੇ ਪਏ ਨੂੰ, ਮਾਂ ਨੇ ਉਠਾਇਆ ਸੀ,
ਨਲਕੇ ਤੇ ਲਿਜਾ ਕੇ ਫਿਰ ਮੂੰਹ ਜਾ ਧੁਆਇਆ ਸੀ
ਮਲੀ ਜਾਂਵਾਂ ਅੱਖਾਂ ਅਜੇ,ਨੀਂਦ ਆਈ ਜਾਂਦੀ ਸੀ,-
ਹੋ ਗਿਆਂ ਏਂ ਸਕੂਲੋਂ ਲੇਟ, ਮਾਂ ਪਈ ਆਂਹਦੀ ਸੀ।
ਮੂੰਹ ਹੱਥ ਧੋ ਕੇ ਫਿਰ, ਵਰਦੀ ਸੀ ਪਾ ਲਈ,
ਝੋਲੇ ਵਿੱਚ ਕੈਦਾ ਫੱਟੀ ਫੜ੍ਹ ਲਮਕਾ ਲਈ
ਖਾਦ ਵਾਲੇ ਗੱਟੇ ਵਾਲਾ ਝੋਲਾ,ਗਲ ਪਾ ਲਿਆ,
ਹੱਥ ਚ ਪਰਾਂਠਾ ਫੜ੍ਹ, ਤੁਰੇ ਜਾਂਦੇ ਖਾ ਲਿਆ।
ਰੁਲੀਏ,ਦੀ ਹੱਟੀ ਤੋਂ, ਗਾਚਣੀ ਲਈ ਖੱਟੀ ਸੀ,
ਅੱਧੀ ਛੁੱਟੀ ਬਾਦ ਹੁੰਦੀ ਪੋਚਣੀ ਜੂ ਫੱਟੀ ਸੀ।
ਕਾਗਜ ਦੀਆਂ ਪੁੜੀਆਂ ਚ, ਸਿਆਹੀ ਹੁੰਦੀ,ਕਾਲੀ ਸੀ
ਕਾਨੇ ਦੀ ਵੀ ਘੜ ਕੇ ਇੱਕ ਕਲਮ ਬਣਾ ਲਈ ਸੀ
ਖੋਲ੍ਹ ਕੇ ਦਵਾਤ ਵਿਚ ਪਾਣੀ ਵਾਹਵਾ ਪਾ ਕੇ ਤੇ,
ਪੁੜੀਆਂ ਚੋਂ, ਸਿਆਹੀ ਪਾ ,ਚੰਗੀ ਤਰ੍ਹਾਂ ਹਿਲਾ ਕੇ ਤੇ,
ਅਧੀ ਛੁੱਟੀ ਪੋਚ ਫੱਟੀ, ਧੁੱਪ ਤੇ ਸੁਕਾਉਂਦੇ ਸਾਂ,
ਫੱਟੀ ਨੂੰ ਸਕਾਉਣ ਵੇਲੇ ਗੀਤ ਇੱਕ ਗਾਉਂਦੇ ਸਾਂ,
ਅੱਜ ਫਿਰ ਚੇਤੇ ਆਇਆ,ਚਿਰ ਐਨੇ ਬਾਦ ਏ
ਪੰਜਾਹ ਸਾਲ ਹੋ ਗਏ ਭਾਂਵੇ, ਅੱਜ ਵੀ ਉਹ ਯਾਦ ਏ,
ਚਿੱਤ ਕਰੇ ਮੇਰਾ,ਅੱਜ ਫਿਰ ਉਵੇਂ ਗਾ ਦਿਆਂ,
ਬੋਲ ਕੇ ਤੁਹਾਨੂੰ ਅੱਜ ਸਭ ਨੂੰ ਸੁਣਾ ਦਿਆਂ।
ਸੂਰਜਾ ਸੂਰਜਾ ਫੱਟੀ ਸੁਕਾ,
ਨਹੀਂ ਸਕਾਉਣੀ ਜੰਗਲ ਜਾਹ
ਜੰਗਲ ਵਿੱਚ ਗਨੇਰੀਆਂ,
ਦੋ ਤੇਰੀਆਂ ਦੋ ਮੇਰੀਆਂ,
ਇੱਕ ਗਨੇਰੀ ਲੁੱਕ ਗਈ,
ਮੇਰੀ ਫੱਟੀ ਸੁਕ ਗਈ,
ਉੱਚੀ ਉੱਚੀ ਗੀਤ ਇਹ ਘੜੀ ਮੁੜੀ ਗਾਉਂਦੇ ਸਾਂ,
ਗਿੱਲੀ ਫ਼ੱਟੀ ਜੋਰ ਨਾਲ, ਫੜ੍ਹ ਕੇ ਘੁਮਾਉਂਦੇ ਸਾਂ,
ਅੱਧੀ ਛੁੱਟੀ ਬੰਦ ਤੋਂ ਪੂਰਨੇ ਪੁਆਉਂਦੇ ਸੀ
ਸੋਹਣੀ ਸੋਹਣੀ ਲਿਖ ਫੱਟੀ ਬੜੀ ਹੀ ਸਜਾਉਂਦੇ ਸੀ
ਕਰਦੇ ਸਾਂ ਪਹਾੜੇ ਯਾਦ ਉੱਚੀ ਉੱਚੀ ਬੋਲ ਕੇ,
ਕਹਿੰਦਾ ਸੀ ਮਾਸਟਰ ਕਿਤਾਬਾਂ ਰੱਖੋ ਖੋਲ੍ਹ ਕੇ,
ਕਰਕੇ ਪੜਾਈ ਫਿਰ ਹੁੰਦੀ ਜਦੋਂ ਵਿਹਲ ਸੀ,
ਦੋ ਦੋ ਬੁੱਕ ਦਲੀਆ ਤੇ ਨਾਲ ਮਿਲਦਾ ਤੇਲ ਸੀ,
ਘਰ ਆਕੇ ਚਾਂਈ ਚਾਂਈ,ਪਤੀਲੀ ਚੁੱਲ੍ਹੇ ਧਰਨੀ,
ਦਲੀਆ ਬਣਾ ਕੇ ਮਿੱਠਾ ਮਸਤੀ ਵੀ ਕਰਨੀ,
ਲੰਘ ਗਿਆ ਸਮਾਂ ਵੀਰੇ ਹੁਣ ਨਹੀਉਂ ਮੁੜਨਾ,
ਬੇਲੀਆਂ ਤੇ ਦੋਸਤਾਂ ਨੇ ਕਦੇ ਵੀ ਨਹੀ ਜੁੜਨਾ
ਬੇਲੀਆਂ ਤੇ ਦੋਸਤਾਂ ਨੇ ਕਦੇ ਵੀ ਨਹੀ ਜੁੜਨਾ।
ਵੀਰ ਸਿੰਘ ਵੀਰਾ– ਪੰਜਾਬੀ ਲਿਖਾਰੀ ਸਾਹਿਤ
ਸਭਾ ਪੀਰ ਮੁਹੰਮਦ –ਮੋਬ< 9855069972>
Leave a Comment
Your email address will not be published. Required fields are marked with *