ਲੁਧਿਆਣਾ ਵਿਖੇ ਸਕੂਲਾਂ ਵਿੱਚ ਕਵਿਤਾ ਮੁਕਾਬਲੇ ਦੀ ਲੜੀ ਮੈਡਮ ਅਮਨਦੀਪ ਕੌਰ ਸਰਨਾ ਜੀ ਦੀ ਖਵਾਇਸ਼ ਸੀ
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਸਕੂਲਾਂ ਅਤੇ ਕਾਲਜਾਂ ਵਿੱਚ ਕਵਿਤਾ ਮੁਕਾਬਲੇ ਕਰਵਾ ਕੇ ਆਪਣੀ ਅਗਲੀ ਪੀੜੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਅਤੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਣਾ ਹੈ। ਇਸ ਮੰਚ ਦਾ ਉਦੇਸ਼ ਅਗਲੀ ਪੀੜੀ ਨੂੰ ਪੰਜਾਬੀ ਵਿਰਸੇ ਦੀ ਸ਼ਾਨੋ-ਸ਼ੌਕਤ ਨਾਲ ਵਾਕਿਫ ਕਰਵਾਉਣਾ ਹੈ। ਇਸ ਕਾਰਜ ਵਿੱਚ ਮੰਚ ਨਾਲ ਜੁੜੇ ਲੁਧਿਆਣ ਤੋਂ ਲੇਖਕ ਵਕੀਲ ਤ੍ਰਿਪਤਾ ਬਰਮੋਤਾ ਜੀ, ਅਧਿਆਪਕ ਕੁਲਦੀਪ ਕੌਰ ਸਚਦੇਵਾ ਜੀ ਅਤੇ ਪ੍ਰਭਜੋਤ ਸਿੰਘ ਜੀ ਦੀ ਅਣਥੱਕ ਮਿਹਨਤ ਸਫਲ ਹੋ ਰਹੀ ਹੈ। ਮੰਚ ਵੱਲੋਂ 27 ਜੁਲਾਈ ਨੂੰ ਲੁਧਿਆਣਾ ਵਿਖੇ ਸ. ਆਤਮਾ ਸਿੰਘ ਪਬਲਿਕ ਸਕੂਲ ਵਿਖੇ ਦੂਜਾ ਕਵਿਤਾ ਮੁਕਾਬਲਾ ਕਰਵਾਇਆ ਗਿਆ। ਜਿਸ ਨੂੰ ਸਪਾਂਸਰ ਕੀਤਾ ਸੀ ਯੂਕੋ ਬੈਂਕ ਬ੍ਰਾਂਚ ਹੱਬੋਵਾਲ ਲੁਧਿਆਣਾ ਨੇ। ਯੂਕੋ ਬੈਂਕ ਦੇ ਮੈਨੇਜਰ ਰਛਪਾਲ ਸਿੰਘ ਜੀ ਇਸ ਮੰਚ ਦੀਆਂ ਗਤੀਵਿਧੀਆਆਂ ਤੋਂ ਪ੍ਰਭਾਵਿਤ ਹੋ ਕੇ ਇਸ ਮੰਚ ਨਾਲ ਜੁੜ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। 27 ਜੁਲਾਈ ਦੇ ਮੁਕਾਬਲੇ ਵਿੱਚ ਰਛਪਾਲ ਸਿੰਘ ਜੀ ਨੇ ਸਕੂਲ ਦੇ ਬੱਚਿਆਂ ਨੂੰ 3100 ਰੁਪਏ ਕੈਸ਼ ਇਨਾਮ ਵੀ ਦਿੱਤਾ ਸੀ। 9 ਅਗਸਤ 2024 ਨੂੰ ਸ. ਆਤਮਾ ਸਿੰਘ ਸੀ.ਸੈ.ਪਬਲਿਕ ਸਕੂਲ ਨੇ ਆਪਣੀ ਜਿੰਮੇਵਾਰੀ ਸਮਝਦੇ ਹੋਏ, ਉਸ ਕੈਸ਼ ਦੇ ਤੋਹਫੇ ਲਿਆ ਕੇ ਬੱਚਿਆਂ ਨੂੰ ਵੰਡੇ। ਸਕੂਲ ਦੀ ਪ੍ਰਬੰਧਕੀ ਟੀਮ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਕਾਰਜਸ਼ੀਲ ਰਹਿਣ ਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਸਰਾਹਣਾ ਕਰਦਾ ਹੈ। ਇਹ ਛੋਟੇ ਛੋਟੇ ਤੋਹਫੇ ਬੱਚਿਆਂ ਦਾ ਉਤਸ਼ਾਹ ਵਧਾਉਂਦੇ ਹਨ ਅਤੇ ਸਕੂਲ ਦੀ ਉੱਚੀ ਸੋਚ ਨੂੰ ਦਰਸਾਉਂਦੇ ਹਨ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਜੇਕਰ ਅਸੀਂ ਸਾਰੇ ਆਪਣਾ ਫਰਜ਼ ਸਮਝ ਕੇ ਆਪਣੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਜਾਗਰੁਕ ਕਰਦੇ ਰਹਿਏ ਤਾਂ ਅਸੀਂ ਆਪਣੇ ਦੇਸ਼ ਪੰਜਾਬ ਦੀ ਸੇਵਾ ਵਿੱਚ ਆਪਣਾ ਵੱਢਮੁੱਲਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਤੇ ਮੈਡਮ ਰਸ਼ਪਿੰਦਰ ਕੌਰ ਗਿੱਲ ਨੇ ਮੈਡਮ ਅਮਨਦੀਪ ਕੌਰ ਸਰਨਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਲੁਧਿਆਣਾ ਵਿਖੇ ਪਹਿਲਾ ਕਵਿਤਾ ਮੁਕਾਬਲਾ ਸ.ਸੀ.ਸੈ.ਸਕੂਲ ਅਯਾਲੀ ਖੁਰਦ 30 ਅਪ੍ਰੈਲ 2024 ਨੂੰ ਅਮਨਦੀਪ ਕੌਰ ਸਰਨਾ ਜੀ ਨੇ ਕਰਵਾਉਣਾ ਸੀ। ਪਰ 25 ਅਪ੍ਰੈਲ 2024 ਨੂੰ ਸੜਕ ਹਾਦਸੇ ਵਿੱਚ ਉਨਾਂ ਦੇ ਅਕਾਲ ਚਲਾਣੇ ਤੋਂ ਬਾਦ ਇਹ ਮੁਕਾਬਲਾ 18 ਮਈ ਨੂੰ ਮੰਚ ਦੀ ਸਮੁੱਚੀ ਟੀਮ ਨੇ ਆਪਣਾ ਫਰਜ਼ ਸਮਝਦੇ ਹੋਏ ਕਰਵਾਇਆ। ਮੈਡਮ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਲੁਧਿਆਣਾ ਵਿਖੇ ਸਕੂਲਾਂ ਵਿੱਚ ਕਵਿਤਾ ਮੁਕਾਬਲੇ ਦੀ ਲੜੀ ਮੈਡਮ ਅਮਨਦੀਪ ਕੌਰ ਸਰਨਾ ਜੀ ਦੀ ਖਵਾਇਸ਼ ਸੀ ਜੋ ਸਾਡਾ ਮੰਚ ਪੂਰਾ ਕਰਦਾ ਰਹੇਗਾ ਅਤੇ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078
Leave a Comment
Your email address will not be published. Required fields are marked with *