ਬੀਸੀ ਐਨਡੀਪੀ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋਇਆ- ਸਰੀ ਗਿਲਫਰਡ ਦੀ ਸੀਟ ਨੇ ਕੀਤਾ ਨਿਪਟਾਰਾ
ਚੋਣਾਂ ਜਿੱਤਣ ਵਾਲ਼ੇ ਪੰਜਾਬੀਆਂ ਦੀ ਗਿਣਤੀ ਹੁਣ 14 ਤੋਂ ਘਟ ਕੇ 13 ਹੋਈ

ਸਰੀ, 30 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਸੀ ਅਸੈਂਬਲੀ ਚੋਣਾਂ ਦੇ ਫਾਈਨਲ ਨਤੀਜਿਆਂ ਅਨੁਸਾਰ ਬੀਸੀ ਐਨਡੀਪੀ ਨੂੰ ਸਰਕਾਰ ਬਣਾਉਣ ਲਈ ਲੋੜੀਂਦੀਆਂ 47 ਸੀਟਾਂ ਪ੍ਰਾਪਤ ਹੋ ਗਈਆਂ ਹਨ ਅਤੇ ਬੀਸੀ ਐਨੜੀਪੀ ਲਈ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਸੀ ਅਸੈਂਬਲੀ ਲਈ 19 ਅਕਤੂਬਰ ਨੂੰ ਵੋਟਾਂ ਪਈਆਂ ਸਨ ਅਤੇ ਉਸ ਦਿਨ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਜੋ ਮੁੱਢਲੇ ਨਤੀਜੇ ਆਏ ਸਨ ਉਨ੍ਹਾਂ ਵਿਚ ਬੀਸੀ ਐਨਡੀਪੀ ਨੂੰ 46 ਸੀਟਾਂ, ਬੀਸੀ ਕੰਜਰਵੇਟਿਵ ਨੂੰ 45 ਸੀਟਾਂ ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਉੱਪਰ ਜਿੱਤ ਹਾਸਲ ਹੋਈ ਸੀ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਸੀ ਹੋਇਆ ਪਰ ਅਜੇ ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ 66074 ਵੋਟਾਂ ਦੀ ਗਿਣਤੀ ਹੋਣੀ ਬਾਕੀ ਸੀ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ ਲਈ 26 ਤੋਂ 28 ਅਕਤੂਬਰ ਤੱਕ ਤਿੰਨ ਦਿਨ ਨਿਸ਼ਚਿਤ ਕੀਤੇ ਗਏ ਸਨ।
ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ 26 ਅਕਤੂਬਰ ਨੂੰ ਸ਼ੁਰੂ ਹੋਈ ਤਾਂ ਲੋਕਾਂ ਦੀ ਦਿਲਚਸਪੀ ਫੇਰ ਜਾਗੀ ਕਿ ਦੇਖੋ ਪਹਿਲਾਂ ਵਾਲੇ ਨਤੀਜਿਆਂ ਵਿਚ ਕੋਈ ਤਬਦੀਲੀ ਆਉਂਦੀ ਹੈ ਕਿ ਨਹੀਂ? ਅੱਜ ਫਾਈਨਲ ਗਿਣਤੀ ਦੇ ਤੀਜੇ ਦਿਨ ਸਰੀ ਗਿਲਫਰਡ ਦੀ ਸੀਟ ਨੇ ਪਾਸਾ ਪਲਟ ਦਿੱਤਾ। ਇੱਥੇ ਮੁੱਢਲੇ ਚੋਣ ਨਤੀਜੇ ਅਨੁਸਾਰ ਬੀਸੀ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਰੰਧਾਵਾ 103 ਵੋਟਾਂ ਨਾਲ ਅੱਗੇ ਸਨ ਪਰ ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ‘ਤੇ ਇਸ ਸੀਟ ਦਾ ਨਤੀਜਾ ਉਲਟ ਗਿਆ ਹੈ ਅਤੇ ਹੁਣ ਇਸ ਸੀਟ ਤੋਂ ਬੀਸੀ ਐਨਡੀਪੀ ਦੇ ਉਮੀਦਵਾਰ ਗੈਰੀ ਬੈੱਗ 18 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਇਸ ਨਤੀਜੇ ਦੇ ਉਲਟ ਫੇਰ ਸਦਕਾ ਬੀਸੀਐਨਡੀਪੀ ਹੁਣ 47 ਸੀਟਾਂ ਉੱਪਰ ਜੇਤੂ ਹੋ ਗਈ ਹੈ ਅਤੇ ਬੀਸੀ ਕੰਸਰਵੇਟਿਵ ਕੋਲ 44 ਸੀਟਾਂ ਰਹਿ ਗਈਆਂ ਹਨ ਜਦੋਂ ਕਿ 2 ਸੀਟਾਂ ਗ੍ਰੀਨ ਪਾਰਟੀ ਦੇ ਹਿੱਸੇ ਆਈਆਂ ਹਨ। ਹੁਣ ਬੀਸੀ ਅਸੈਂਬਲੀ ਚੋਣਾਂ ਜਿੱਤਣ ਵਾਲ਼ੇ ਪੰਜਾਬੀਆਂ ਦੀ ਗਿਣਤੀ ਵੀ 14 ਤੋਂ ਘਟ ਕੇ 13 ਹੋ ਗਈ ਹੈ।
ਜਿੱਥੇ ਸਿਆਸੀ ਮਾਹਿਰਾਂ ਵੱਲੋਂ ਪਹਿਲਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਜੇਕਰ 19 ਅਕਤੂਬਰ ਨੂੰ ਆਏ ਨਤੀਜੇ ਫਾਈਨਲ ਗਿਣਤੀ ਹੋਣ ਤੱਕ ਉਵੇਂ ਹੀ ਬਰਕਰਾਰ ਰਹਿੰਦੇ ਹਨ ਤਾਂ ਬੀਸੀ ਐਨਡੀਪੀ ਨੂੰ ਸਰਕਾਰ ਬਣਾਉਣ ਲਈ ਗਰੀਨ ਪਾਰਟੀ ਦਾ ਸਹਿਯੋਗ ਲੈਣਾ ਜ਼ਰੂਰੀ ਹੋ ਜਾਵੇਗਾ ਉੱਥੇ ਅੱਜ ਸਰੀ ਗਿਲਫਰਡ ਦੀ ਸੀਟ ਨੇ ਬੀਸੀ ਐਨਡੀਪੀ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ ਉਸ ਨੂੰ ਹੁਣ ਕਿਸੇ ਹੋਰ ਪਾਰਟੀ ਦੇ ਸਹਾਰੇ ਦੀ ਲੋੜ ਨਹੀਂ ਹੈ।
ਇਸੇ ਦੌਰਾਨ ਪਤਾ ਲੱਗਿਆ ਹੈ ਕਿ ਸਾਬਕਾ ਪ੍ਰੀਮੀਅਰ ਅਤੇ ਬੀਸੀ ਐਨਡੀਪੀ ਆਗੂ ਡੇਵਿਡ ਈਬੀ ਅੱਜ ਵਿਕੌਰੀਆ ਵਿਖੇ ਬੀਸੀ ਦੇ ਗਵਰਨਰ ਜਨਰਲ ਨੂੰ ਮਿਲੇ ਅਤੇ ਉਨ੍ਹਾਂ ਅਨੁਸਾਰ ਗਵਰਨਰ ਜਨਰਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਇਹ ਵੀ ਸੂਚਨਾ ਹੈ ਕਿ ਅੱਜ 29 ਅਕਤੂਬਰ ਨੂੰ ਸਵੇਰੇ 11 ਵਜੇ ਡੇਵਿਡ ਈਬੀ ਮੀਡੀਆ ਦੇ ਰੂਬਰੂ ਹੋਣਗੇ।