ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਏਕਤਾ ਸਿੱਧੂਪੁਰ ਵੱਲੋਂ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ, ਇੰਦਰਜੀਤ ਸਿੰਘ ਘਣੀਆਂ, ਵਿਪਨ ਸਿੰਘ ਫਿੱਡੇ, ਸੁਖਜੀਵਨ ਸਿੰਘ ਕੋਟਕਪੂਰਾ, ਜਸਵੀਰ ਸਿੰਘ ਧਾਲੀਵਾਲ ਰੁਪੱਈਆਂਵਾਲਾ ਦੀ ਅਗਵਾਈ ਵਿੱਚ ਨੇੜਲੇ ਪਿੰਡ ਵਾੜਾ ਦਰਾਕਾ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ’ਚ ਕਰਮਜੀਤ ਸਿੰਘ ਪ੍ਰਧਾਨ, ਮਨਿੰਦਰ ਸਿੰਘ ਜਰਨਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ, ਮੀਤ ਪ੍ਰਧਾਨ, ਹਰਨਵਦੀਪ ਸਿੰਘ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਖਜ਼ਾਨਚੀ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਗੁਰਜਿੰਦਰ ਸਿੰਘ, ਜਥੇਬੰਦੀਆਂ ਸਕੱਤਰ ਕਰਮਪ੍ਰੀਤ ਨੂੰ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਹੜ ਸਿੰਘ ਰੁਪੱਈਆਂਵਾਲਾ ਨੇ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟਪੱਖੀ ਅਤੇ ਕਿਸਾਨ ਮਜਦੂਰ ਵਪਾਰੀ ਮਾਰੂ ਨੀਤੀਆਂ ਦਾ ਟਾਕਰਾ ਕਰਨ ਲਈ ਲੋਕਾਂ ਦਾ ਜਥੇਬੰਦੀ ਹੋਣਾ ਬਹੁਤ ਜਰੂਰੀ ਹੈ। ਉਹਨਾ ਅੱਗੇ ਦੱਸਿਆ ਕਿ ਅੱਜ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਐੱਸ.ਐੱਸ.ਪੀ. ਦਫਤਰ ਮੋਹਾਲੀ ਤੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜਦੂਰ ਮੋਰਚਾ ਦੀ ਅਗਵਾਈ ’ਚ ਪੈਦਲ ਮਾਰਚ ਕੀਤਾ ਗਿਆ, ਕਿਸਾਨਾਂ-ਮਜਦੂਰਾਂ ਅਤੇ ਇੱਕ ਖਾਸ ਧਰਮ ਵਿਰੁੱਧ ਭੜਕਾਊ ਬਿਆਨਬਾਜੀ ਅਤੇ ਜਾਤੀ ਸੂਚਕ ਟਿੱਪਣੀਆਂ ਕਰਨ ਵਾਲੇ ਲੋਕਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਆਪਣੇ ਸੰਬੋਧਨ ਦੌਰਾਨ ਜਗਜੀਤ ਸਿੰਘ ਡੱਲੇਵਾਲ ਅਤੇ ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਕੰਗਣਾ ਰਣੌਤ ਵਲੋਂ ਚੰਡੀਗੜ ਏਅਰਪੋਰਟ ’ਤੇ ਪੰਜਾਬ ਦੀ ਧੀ ਕੁਲਵਿੰਦਰ ਕੌਰ ਉੱਪਰ ਉਸ ਨਾਲ ਬਦਸਲੂਕੀ ਕਾਰਨ ਦੇ ਇਲਜਾਮ ਲਾਏ ਗਏ ਹਨ, ਜੋ ਕਿ ਸਰਾਸਰ ਝੂਠੇ ਹਨ, ਕਿਉਂਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਡਿਬੇਟ ’ਚ ਇਹ ਮੰਨਿਆ ਹੈ ਕਿ ਕੰਗਣਾ ਰਣੌਤ ਵੱਲੋਂ ਏਅਰਪੋਰਟ ਉੱਪਰ ਸਕਿਉਰਟੀ ਚੈਕਿੰਗ ਸਮੇਂ ਮੁਲਾਜਮਾਂ ਦੇ ਨਾਲ ਸਹਿਯੋਗ ਨਹੀਂ ਕੀਤਾ ਗਿਆ ਅਤੇ ਜੇਕਰ ਕੰਗਣਾ ਰਣੌਤ ਵੱਲੋਂ ਥੱਪੜ ਮਾਰਨ ਦੇ ਲਾਏ ਗਏ ਇਲਜਾਮ ਸੱਚੇ ਹੁੰਦੇ ਤਾਂ ਉਹ ਥੱਪੜ ਮਾਰਨ ਦੀ ਵੀਡੀਓ ਹੁਣ ਤੱਕ ਜਨਤਕ ਹੋ ਜਾਂਦੀ ਪਰ ਉਸ ਦੇ ਸਹਾਇਕ ਵਲੋਂ ਏਅਰਪੋਰਟ ਉੱਪਰ ਹੀ ਇੱਕ ਹੋਰ ਔਰਤ ਦੇ ਥੱਪੜ ਮਾਰਨ ਦੀ ਵੀਡੀਓ ਸਾਰੇ ਹੀ ਟੀਵੀ ਚੈਨਲਾਂ ਅਤੇ ਸੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਪਰ ਕੰਗਣਾ ਰਣੌਤ ਅਤੇ ਉਸ ਦੇ ਸਹਿਯੋਗੀ ਉੱਪਰ ਕਾਰਵਾਈ ਕਰਨ ਦੀ ਬਜਾਏ ਕੁਲਵਿੰਦਰ ਕੌਰ ਨੂੰ ਹੀ ਸਾਜਿਸ ਅਧੀਨ ਫਸਾਇਆ ਜਾ ਰਿਹਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਐਨ ਡਿਊਟੀ ਕੁਲਵਿੰਦਰ ਕੌਰ ਨਾਲ ਬਦਸਲੂਕੀ ਕਰਨ ਲਈ ਕੰਗਣਾ ਰਣੌਤ ਉੱਪਰ ਕਾਰਵਾਈ ਕੀਤੀ ਜਾਂਦੀ।