ਭੈਣਾ ਦਾ ਤਿਉਹਾਰ ਹੈ ਰੱਖੜੀ।
ਰੀਝਾਂ ਦਾ ਸ਼ਿੰਗਾਰ ਹੈ ਰੱਖੜੀ।
ਉਮਰ ਭਰ ਇਹ ਸਾਥ ਨਿਭਾਵੇ
ਸਾਂਝਾਂ ਦਾ ਗਲ ਹਾਰ ਹੈ ਰੱਖੜੀ।
ਭੈਣ-ਭਰਾ ਦਾ ਰਿਸ਼ਤਾ ਮੁੱਢੋਂ ਹੀ ਨਿੱਘ ਅਤੇ ਮੋਹ ਭਰਿਆ ਹੈ। ਭੈਣ-ਭਰਾ ਦਾ ਰਿਸ਼ਤਾ ਖੱਟਾ-ਮਿੱਠਾ ਹੋਣ ਦੇ ਨਾਲ-ਨਾਲ ਬੇਹੱਦ ਖਾਸ ਵੀ ਹੁੰਦਾ ਹੈ। ਉਹ ਆਪਸ ਵਿੱਚ ਲੜ-ਝਗੜ ਕੇ ਵੀ ਅੰਦਰੋਂ ਇੱਕ ਹੁੰਦੇ ਹਨ। ਭੈਣ-ਭਰਾ ਦਾ ਰਿਸ਼ਤਾ ਮੋਹ ਪਿਆਰ ਦੇ ਮਜਬੂਤ ਧਾਗਿਆਂ ਨਾਲ਼ ਬੰਨ੍ਹਿਆ ਹੁੰਦਾ ਹੈ। ਇਸ ਤਰ੍ਹਾਂ ਹਰ ਸਾਲ ਰੱਖੜੀ ਦਾ ਤਿਉਹਾਰ ਰਿਸ਼ਤਿਆਂ ਦੀਆਂ ਇਨ੍ਹਾਂ ਡੋਰਾਂ ਨੂੰ ਹੋਰ ਮਜਬੂਤ ਕਰਦਾ ਹੈ।
ਰਿਸ਼ਤੇ ਤਾਂ ਦੁਨੀਆ ‘ਚ ਕਈ ਹੁੰਦੇ ਹਨ ਪਰ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ। ਭੈਣ ਭਰਾ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੋਣ, ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ ਮਾਂ ਤੋਂ ਬਾਅਦ ਭੈਣ ਹੀ ਹੁੰਦੀ ਹੈ ਜੋ ਇੱਕ ਭਰਾ ਲਈ ਹਮੇਸ਼ਾ ਦੁਆਵਾਂ ਮੰਗਦੀ ਰਹਿੰਦੀ ਹੈ ਅਤੇ ਉਸ ਦੇ ਹਾਸਿਆਂ ਖੇੜਿਆਂ ਦੀ ਆਸ ਰੱਖਦੀ ਹੈ ਭੈਣ ਛੋਟੀ ਹੋਵੇ ਜਾਂ ਵੱਡੀ, ਉਹ ਹਮੇਸ਼ਾ ਭਰਾ ਦਾ ਖਿਆਲ ਰੱਖਦੀ ਹੈ ਅਤੇ ਆਪਣੇ ਭਰਾਵਾਂ ਉੱਤੋਂ ਜਾਨ ਵਾਰਦੀ ਹੈ। ਵੈਸੇ ਤਾਂ ਭੈਣ ਭਰਾ ਦਾ ਪਿਆਰ ਸਦਾ ਹੀ ਦੋਵਾਂ ਦੇ ਦਿਲਾਂ ਵਿੱਚ ਬਰਕਰਾਰ ਰਹਿੰਦਾ ਹੈ ਪਰ ਰੱਖੜੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜੋ ਇਸ ਪਿਆਰ ਨੂੰ ਕਈ ਗੁਣਾ ਹੋਰ ਵਧਾ ਦਿੰਦਾ ਹੈ।
ਰੱਖੜੀ ਦਾ ਤਿਉਹਾਰ ਸਾਉਣ, ਭਾਦੋਂ ਦੀ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ ਹੈ।ਜਿਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ।
ਇੱਕ ਗੀਤ ਦੇ ਬੋਲ ਵੀ ਹਨ:-
ਭੈਣ ਕੋਲ਼ੋਂ ਵੀਰ ਵੇ ਬਨ੍ਹਾ ਲੈ ਰੱਖੜੀ,
ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ।
ਭੈਣ ਆਪਣੇ ਰੱਬ ਕੋਲੋਂ ਅਰਦਾਸਾਂ ਕਰਕੇ ਵੀਰ ਦੀ ਮੰਗ ਕਰਦੀ ਹੈ। ਸਾਉਣ ਮਹੀਨੇ ਦੀ ਪੁੰਨਿਆ ਨੂੰ ਭੈਣ ਭਰਾ ਦੇ ਭਾਵਨਾਵਾਂ ਦਾ ਤਿਉਹਾਰ ਰੱਖੜੀ ਜੋ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਦਾ ਹੈ।ਜਿਥੋ ਤੱਕ ਰੱਖੜੀ ਦਾ ਸਬੰਧ ਹੈ ਇਹ ਸੰਜੀਦਾ, ਸਵੈ-ਸੁਰੱਖਿਆ ਦਾ ਅਹਿਸਾਸ ਕਰਵਾਉਂਦਾ ਹੈ। ਰੱਖੜੀ ਦੇ ਤਿਉਹਾਰ ਤੇ ਭੈਣ ਆਪਣੇ ਪਿਆਰ ਦਾ ਪ੍ਰਗਟਾਵਾ ਵੀਰ ਦੀ ਕਲਾਈ ਬਾਂਹ ਤੇ ਰੱਖੜੀ ਬੰਨ੍ਹ ਕੇ ਕਰਦੀ ਹੈ ਤੇ ਉਸਦੀਆਂ ਸੱਤੇ ਖੈਰਾਂ ਮੰਗਦੀ ਹੈ।
ਭੈਣ ਵੀਰ ਦੇ ਬੰਨ ਰੱਖੜੀ ਵੀਰ ਲਈ ਸੁੱਖ ਮਨਾਵੇ।
ਵੀਰ ਗੁੱਟ ਤੇ ਬੰਨ੍ਹਾ ਰੱਖੜੀ ਆਪਣਾ ਫਰਜ਼ ਨਿਭਾਵੇ।
ਵੀਰ ਦੇ ਬਿਨ੍ਹਾਂ ਭੈਣ ਨੂੰ ਇਹ ਸਾਰਾ ਜੱਗ ਸੁੰਨਾ-ਸੁੰਨਾ ਲੱਗਦਾ ਹੈ। ਸਾਰੇ ਤਿੱਥ ਤਿਉਹਾਰ ਸੱਖਣੇ-ਵਿਹੁਣੇ ਪ੍ਰਤੀਤ ਹੁੰਦੇ ਹਨ। ਭੈਣ ਨੂੰ ਵੀਰ ਬਿਨ੍ਹਾਂ ਆਪਣਾ ਆਪ ਊਣਾਂ-ਊਣਾਂ ਲੱਗਦਾ ਤੇ ਉਹ ਕਿਸੇ ਖਾਸ ਮੌਕੇ ਤੇ ਅੱਖਾਂ ਭਰ ਲੈਂਦੀ ਹੈ।ਰੱਖੜੀ ਦੇ ਤਿਉਹਾਰ ਦੀ ਉਡੀਕ ਹਰੇਕ ਭੈਣ ਬੜੀ ਸ਼ਿੱਦਤ ਨਾਲ ਕਰਦੀ ਹੈ। ਪਹਿਲੇ ਜ਼ਮਾਨੇ ਵਿਚ ਭੈਣਾਂ ਆਪ ਰੱਖੜੀ ਤਿਆਰ ਕਰਦੀਆਂ ਸਨ ਅਤੇ ਆਪਣੇ ਵੀਰ ਦਾ ਮੂੰਹ ਮਿੱਠਾ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਘਰ ਦੀ ਰਸੋਈ ਵਿਚ ਆਪ ਬਣਾਉਂਦੀਆਂ ਸਨ ਜਿਨ੍ਹਾਂ ਵਿਚ ਖੋਏ ਦੀਆਂ ਪਿੰਨੀਆਂ, ਲੱਡੂ, ਗੁੜ ਵਾਲੀਆਂ ਮੱਠੀਆਂ, ਗੁਲਗਲੇ, ਖੀਰ, ਸੇਵੀਆਂ ਆਦਿ ਵਿਸ਼ੇਸ਼ ਹੁੰਦੇ ਸਨ।
ਭੈਣਾਂ ਭਰਾਵਾਂ ਨੂੰ ਹੀ ਸਾਰੀ ਉਮਰ ਦੇ ਮਾਪੇ ਕਹਿੰਦੀਆਂ ਹਨ ਕਿਉਂਕਿ ਭਰਾਵਾਂ ਨਾਲ਼ ਹੀ ਸਾਕ ਅਖੀਰ ਤਕ ਨਿਭਦੇ ਹਨ। ਭੈਣ-ਭਰਾ ਹੀ ਇਕ ਦੂਜੇ ਲਈ ਸਾਰੀ ਉਮਰ ਔਖੇ-ਸੌਖੇ ਵਕਤ ਵਿਚ ਸਹਾਈ ਹੁੰਦੇ ਹਨ। ਜੇਕਰ ਕਿਸਮਤਵਸ ਕਿਸੇ ਭਰਾ ਦੇ ਭੈਣ ਨਹੀਂ ਹੁੰਦੀ ਅਤੇ ਭੈਣ ਦੇ ਭਰਾ ਨਹੀਂ ਹੁੰਦਾ ਤਾਂ ਇਸ ਦਿਨ ਇਹ ਦੋਨੋਂ ਹੀ ਇਸ ਰਿਸ਼ਤੇ ਦੀ ਘਾਟ ਨੂੰ ਮਹਿਸੂਸ ਕਰਦੇ ਹਨ। ਇਸ ਘਾਟ ਦੀ ਪੂਰਤੀ ਲਈ ਪੰਜਾਬੀ ਸੱਭਿਆਚਾਰ ਵਿਚ ਧਰਮ ਦੇ ਭੈਣ-ਭਰਾ ਬਣਾਉਣ ਦੀ ਰੀਤ ਹੈ। ਅਜੋਕੇ ਯੁੱਗ ਵਿਚ ਪਰਵਾਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਜਿਨ੍ਹਾਂ ਸਦਕਾ ਪੰਜਾਬੀ ਧੀਆਂ ਅਤੇ ਗੱਭਰੂ ਬਾਹਰਲੇ ਮੁਲਕਾਂ ਵਿਚ ਜਾ ਵਸੇ ਹਨ। ਮਜਬੂਰੀ ਦੇ ਮਾਰੇ ਉਹ ਰੱਖੜੀ ਦੇ ਤਿਉਹਾਰ ’ਤੇ ਆਪਣੇ ਭੈਣ-ਭਰਾਵਾਂ ਕੋਲ ਆਪਣੇ ਵਤਨ ਨਹੀਂ ਆ ਸਕਦੇ।
ਪ੍ਰਦੇਸ ਬੈਠੇ ਵੀਰਿਆਂ ਲਈ ਭੈਣਾਂ ਦੇ ਬੋਲ:-
ਰਾਹਾਂ ਤੱਕਾਂ ਬੂਹੇ ਖੋਲ੍ਹ ਕੇ, ਡੁੱਲ੍ਹੇ ਅੱਖੀਆਂ ਚੋਂ ਤਿੱਪ ਤਿੱਪ ਨੀਰ ਵੇ।
ਸਾਲ ਪਿੱਛੋਂ ਆਉਂਦਾ ਇਹ ਭਾਗਾਂ ਵਾਲਾ ਦਿਨ ਵੇ।
ਕਿਵੇਂ ਖੁਸ਼ ਹੋਣ ਭੈਣਾਂ, ਵੀਰਿਆਂ ਤੋਂ ਬਿਨ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਮੈਂ ਸੋਹਣੇ ਵੀਰ ਵੇ।..
ਅੱਜ-ਕੱਲ੍ਹ ਦੀਆਂ ਕੁੜੀਆਂ ਬਹੁਤ ਤਾਕਤਵਰ ਹਨ ਉਹ ਆਪਣੀ ਰਾਖੀ ਆਪ ਕਰ ਸਕਦੀਆਂ ਹਨ ਪਰ ਇਹ ਰੱਖੜੀ ਕੋਈ ਪੈਸੇ ਜਾਂ ਸੂਟਾਂ ਦੇ ਲੈਣ ਦੇਣ ਦਾ ਤਿਉਹਾਰ ਨਹੀਂ ਹੈ , ਲੋਕਾਂ ਨੇ ਇਸ ਤਿਉਹਾਰ ਵਾਲੇ ਦਿਨ ਦਿਖਾਵੇ ਬਾਜੀਆਂ ਬਹੁਤ ਵਧਾ ਦਿੱਤੀਆਂ ਹਨ ਭੈਣਾਂ ਵੀ ਆਪਣੇ ਵੀਰਾਂ ਲਈ ਮਹਿੰਗੇ ਗਿਫਟ ਲੈ ਕੇ ਜਾਂਦੀਆ ਹਨ ਅਤੇ ਵੀਰ ਵੀ ਆਪਣੀਆਂ ਭੈਣਾਂ ਨੂੰ ਮਹਿੰਗੇ ਗਿਫਟ ਦਿੰਦੇ ਹਨ ਇਸ ਭੈਣ ਭਰਾ ਦੇ ਤਿਉਹਾਰ ਨੂੰ ਮਹਿੰਗੇ ਗਿਫਟਾਂ ਦੇ ਭਾਰ ਨਾਲ ਦੱਬ ਦਿੱਤਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਭੈਣ ਭਰਾ ਦੇ ਪਿਆਰ ਵਾਲੇ ਤਿਉਹਾਰ ਨੂੰ ਪਿਆਰ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਇਹ ਤਿਉਹਾਰ ਤਾਂ ਭੈਣਾਂ ਭਰਾਵਾਂ ਆਪਸੀ ਪਿਆਰ ਤੇ ਪਿਆਰੇ ਰਿਸ਼ਤਿਆਂ ਦਾ ਪ੍ਰਤੀਕ ਹੈ ।
ਰਾਜਿੰਦਰ ਰਾਣੀ ਗੰਢੂਆਂ (ਸੰਗਰੂਰ)