– ਬਾਬੂ ਜੀ! ਬੁਰਾ ਤਾਂ ਨਹੀਂ ਮਨਾਓਗੇ?
– ਨਹੀਂ! ਦੱਸ, ਕੀ ਗੱਲ ਹੈ?
– ਹੁਣ ਤੁਹਾਡੀ ਚੱਪਲ ਦੀ ਜ਼ਿੰਦਗੀ ਪੂਰੀ ਹੋ ਗਈ ਹੈ! ਇਸ ਵਾਰ ਤਾਂ ਮੈਂ ਇਸਨੂੰ ਗੰਢ ਦਿੰਦਾ ਹਾਂ। ਅੱਗੇ ਮੁਸ਼ਕਲ ਹੋਵੇਗੀ! ਫਿਰ ਨਵੀਂ ਲੈ ਲੈਣੀ! ਮੈਂ ਗੰਢ ਨਹੀਂ ਸਕਾਂਗਾ!
– ਹੈਂ! ਚੱਪਲ ਨੂੰ ਕੀ ਹੋਇਐ? ਬਸ ਥੋੜੀ ਜਿਹੀ ਤਾਂ ਠੀਕ ਕਰਨੀ ਹੈ!
– ਇਹੋ ਤਾਂ ਮੈਂ ਕਿਹਾ ਹੈ ਬਾਬੂ ਜੀ! ਜਦੋਂ ਮੈਂ ਥੋੜ੍ਹੇ-ਥੋੜ੍ਹੇ ਟਾਂਕੇ ਲਗਾਉਂਦਾ ਹਾਂ ਤਾਂ ਮੇਰੀਆਂ ਅੱਖਾਂ ਉਸ ਵਿਚ ਅਟਕ ਜਾਂਦੀਆਂ ਹਨ। ਹੁਣ ਤੁਸੀਂ ਨਵੀਂ ਲੈ ਲੈਣਾ, ਬਾਬੂ ਜੀ! ਹੁਣ ਇਸ ਦੇ ਕਈ ਆਪਰੇਸ਼ਨ ਹੋ ਚੁੱਕੇ ਹਨ! ਹੁਣ ਇਹਦੀ ਲਾਈਫ਼ ਨਹੀਂ ਬਚੀ।
– ਠੀਕ ਹੈ, ਮੈਂ ਤਾਂ ਤੇਰੇ ਬਾਰੇ ਸੋਚ ਰਿਹਾ ਸੀ! ਹੁਣ ਤੇਰੇ ਕੋਲ ਕੰਮ ਹੀ ਕਿੰਨਾ ਬਚਿਆ ਹੈ?
– ਹਾਂ ਬਾਬੂ ਜੀ! ਕੰਮ ਤਾਂ ਪਹਿਲਾਂ ਰੈਡੀਮੇਡ ਜੁੱਤੀਆਂ ਅਤੇ ਚੱਪਲਾਂ ਨੇ ਖੋਹ ਲਿਆ। ਹੁਣ ਮੁਰੰਮਤ ਵੀ ਬਹੁਤ ਘੱਟ ਆਉਂਦੀ ਹੈ! ਲੋਕ ਘਰ ਵਿੱਚ ਹੀ ਜੁੱਤੀਆਂ ਪਾਲਿਸ਼ ਕਰ ਲੈਂਦੇ ਹਨ। ਪਰ ਜਦੋਂ ਮੈਂ ਏਥੇ ਬਾਜ਼ਾਰ ਵਿੱਚ ਆਉਂਦਾ ਹਾਂ, ਤਾਂ ਤੁਹਾਡੇ ਵਰਗੇ ਲੋਕਾਂ ਨਾਲ ਮੇਰਾ ਦਿਲ ਬਹਿਲ ਜਾਂਦਾ ਹੈ! ਹੋਰ ਤਾਂ ਕੀ ਹੈ! ਕੰਮ ਹੁਣ ਕਿੱਥੇ ਰਹਿ ਗਿਆ ਹੈ?
– ਫਿਰ ਗੁਜ਼ਾਰਾ ਕਿਵੇਂ ਹੁੰਦਾ ਹੈ?
– ਬੇਟਾ ਪੜ੍ਹ-ਲਿਖ ਗਿਆ। ਨੌਕਰੀ ਮਿਲ ਗਈ ਹੈ! ਬੱਸ,
ਉਸਦਾ ਹੀ ਸਹਾਰਾ ਹੈ! ਤੁਸੀਂ ਬਾਬੂ ਜੀ? ਤੁਸੀਂ ਆਪਣਾ ਦਿਨ ਕਿਵੇਂ ਬਿਤਾਉਂਦੇ ਹੋ?
– ਬਿਲਕੁਲ ਤੇਰੇ ਵਾਂਗ! ਕੁਝ ਏਥੇ ਬੈਠ ਕੇ, ਕੁਝ ਓਥੇ ਬਹਿ ਕੇ! ਬਸ ਦਿਨ ਬੀਤ ਜਾਂਦਾ ਹੈ!
– ਕਿਵੇਂ?
– ਦਿਨਾਂ ਦੀ ਮੁਰੰਮਤ ਕਰ ਕੇ, ਗੰਢਾਂ ਲਾਉਂਦਿਆਂ, ਕਦੇ ਦੁੱਖ ਦੀ, ਕਦੇ ਸੁੱਖ ਦੀ!
– ਲਓ, ਬਾਬੂ ਜੀ, ਤੁਹਾਡੀ ਚੱਪਲ ਤਿਆਰ ਹੈ!
– ਠੀਕ ਹੈ। ਕਿੰਨੇ ਪੈਸੇ ਹੋਏ?
– ਅੰਤਿਮ ਸੰਸਕਾਰ ਦੇ ਕਾਹਦੇ ਪੈਸੇ?
ਬਾਬੂ ਜੀ ਦੀਆਂ ਅੱਖਾਂ ਨਮ ਹੋ ਗਈਆਂ,ਆਪਣੀ ਚੱਪਲ ਨੂੰ ਆਖਰੀ ਵਾਰ ਦੇਖ ਕੇ!

# ਮੂਲ : ਕਮਲੇਸ਼ ਭਾਰਤੀ, 1034 ਬੀ, ਅਰਬਨ ਐਸਟੇਟ 2, ਹਿਸਾਰ-125005 (ਹਰਿਆਣਾ) 9416047075.
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
बहुत शुक्रिया