ਲੁਧਿਆਣਾ ਸਮੇਤ ਮੋਗਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਡੇਅਰੀ ਕਿਸਾਨਾਂ ਨੂੰ ਹੋਵੇਗਾ ਫਾਇਦਾ
ਲੁਧਿਆਣਾ 9 ਜੂਨ (ਵਰਲਡ ਪੰਜਾਬੀ ਟਾਈਮਜ਼ )
ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਆਪਣੇ ਦੁੱਧ ਖ਼ੇਤਰ ਵਿੱਚ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਦੁੱਧ ਸਪਲਾਈ ਕਰਨ ਵਾਲ਼ੇ ਡੇਅਰੀ ਕਿਸਾਨਾਂ ਦੇ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਦਸ ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ । ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਵਾਧਾ ਕਰਦਿਆਂ ਮੱਝਾਂ ਦੇ ਦੁੱਧ ਦਾ ਭਾਅ ਹੁਣ 810 ਰੁਪਏ ਪ੍ਰਤੀ ਕਿਲੋ ਫੈਟ ਤੋਂ ਵਧਾ ਕੇ 820 ਰੁਪਏ ਪ੍ਰਤੀ ਕਿਲੋ ਕੀਤਾ ਗਿਆ ਹੈ ਅਤੇ ਗਾਵਾਂ ਦੇ ਦੁੱਧ ਦਾ ਭਾਅ 770 ਰੁਪਏ ਪ੍ਰਤੀ ਕਿਲੋ ਫੈਟ ਤੋਂ ਵਧਾ ਕੇ 780 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਗਿਆ ਹੈ । ਇਹ ਵਾਧਾ 11 ਜੂਨ 2024 ਤੋਂ ਲਾਗੂ ਹੋ ਜਾਵੇਗਾ । ਡਾ ਭਦੌੜ ਨੇ ਦੱਸਿਆ ਕਿ ਮਿਲਕਫ਼ੈਡ ਪੰਜਾਬ ਵੱਲੋਂ ਇਹ ਫੈਸਲਾ ਡੇਅਰੀ ਕਿਸਾਨਾਂ ਦੇ ਇਸ ਮੌਸਮ ਦੌਰਾਨ ਵਧਦੇ ਦੁੱਧ ਪੈਦਾਵਾਰ ਦੇ ਖਰਚਿਆਂ ਨੂੰ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਇਸ ਗਰਮੀਆਂ ਦੇ ਸੀਜ਼ਨ ਦੌਰਾਨ ਵਧਦੇ ਤਾਪਮਾਨ ਦੇ ਚਲਦਿਆਂ ਪਸ਼ੂਆਂ ਦੇ ਦੁੱਧ ਉਤਪਾਦਨ ਘਟਣ ਕਰਕੇ ਕਿਸਾਨਾਂ ਦੇ ਦੁੱਧ ਪੈਦਾਵਾਰ ਦੇ ਖਰਚੇ ਵਧ ਜਾਂਦੇ ਹਨ। ਉਹਨਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਲੁਧਿਆਣਾ ਸਮੇਤ ਜਿਲ੍ਹਾ ਮੋਗਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਥਾਪਿਤ ਸਹਿਕਾਰੀ ਦੁੱਧ ਸਭਾਵਾਂ ਅਤੇ ਪ੍ਰਗਤੀਸ਼ੀਲ ਡੇਅਰੀ ਫਾਰਮਾਂ ਤੋਂ ਦੁੱਧ ਇਕੱਤਰ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਦੁੱਧ ਦੇ ਵਾਜਿਬ ਮੁੱਲ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਲੁਧਿਆਣਾ ਕਿਸਾਨਾਂ ਨੂੰ ਕਈ ਤਕਨੀਕੀ ਸਹੂਲਤਾਂ ਵੀ ਉਪਲਭਦ ਕਰਵਾ ਰਿਹਾ ਹੈ, ਜਿਨਾਂ ਵਿੱਚ ਡੇਅਰੀ ਕਿਸਾਨਾਂ ਦੇ ਪਸੂਆਂ ਦੇ ਮੁਫਤ ਇਲਾਜ ਅਤੇ ਸਬਸਿਡੀ ਤੇ ਦੁੱਧ ਚੋਆਈ ਦੀਆਂ ਮਸ਼ੀਨਾਂ ਦੇਣਾ ਵੀ ਸ਼ਾਮਿਲ ਹੈ।
Leave a Comment
Your email address will not be published. Required fields are marked with *