ਆਪਣੇ ਅਖਤਿਆਰੀ ਕੋਟੇ ਵਿੱਚੋਂ ਬੱਚਿਆਂ ਨੂੰ ਦਿੱਤੇ 50-50 ਹਜ਼ਾਰ ਰੁਪਏ
ਫਰੀਦਕੋਟ, 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਫਿਰੋਜ਼ਪੁਰ ਜਿਲੇ ਦੇ ਪਿੰਡ ਬਾਜੀਦਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸਿਲੰਡਰ ਫੱਟਣ ਦੇ ਹਾਦਸੇ ਕਾਰਨ ਜਖਮੀ ਹੋਏ ਬੱਚਿਆਂ ਦਾ ਹਾਲ ਜਾਣਨ ਅਤੇ ਸਬੰਧਤ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਮਿਲਣ ਲਈ ਬੀਤੀ ਸ਼ਾਮ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚੇ। ਇਸ ਮੌਕੇ ਸਪੀਕਰ ਸੰਧਵਾਂ ਨੇ ਜਖਮੀਆਂ ਦਾ ਹਾਲ-ਚਾਲ ਜਾਣਿਆ ਅਤੇ ਉਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨਾਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਦਾ ਇਲਾਜ ਵਧੀਆ ਤਰੀਕੇ ਨਾਲ ਕੀਤਾ ਜਾਵੇ। ਇਸ ਮੌਕੇ ਪੀੜਤ ਬੱਚਿਆਂ ਦੇ ਮਾਪਿਆਂ ਨੇ ਹੋ ਰਹੇ ਇਲਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਉਨਾਂ ਜ਼ਖਮੀ ਸਕੂਲੀ ਬੱਚਿਆਂ ਨੂੰ 50-50 ਹਜ਼ਾਰ ਰੁਪਏ ਆਪਣੇ ਅਖਤਿਆਰੀ ਕੋਟੇ ’ਚੋਂ ਵੀ ਦਿੱਤੇ। ਉਨਾਂ ਕਿਹਾ ਕਿ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਪੰਜਾਬ ਸਰਕਾਰ ਹਮੇਸ਼ਾ ਦੁੱਖ ਦੀ ਘੜੀ ਵਿੱਚ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ। ਇਸ ਮੌਕੇ ਉਹਨਾਂ ਨਾਲ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਗੁਰਮੀਤ ਸਿੰਘ ਧੂੜਕੋਟ ਬਲਾਕ ਪ੍ਰਧਾਨ ਸਮੇਤ ਡਾਕਟਰੀ ਅਮਲਾ ਅਤੇ ਜਖਮੀਆਂ ਦੇ ਪਰਿਵਾਰਕ ਮੈਂਬਰ ਆਦਿ ਵੀ ਹਾਜਰ ਸਨ।