ਫ਼ਗਵਾੜਾ 09 ਜੂਨ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤਿ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 08 ਜੂਨ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਸਤਨਾਮ ਸਿੰਘ ਅਬੋਹਰ, ਸਿਮਰਨ ਧੁੱਗਾ, ਗੁਰਦੀਪ ਸਿੰਘ ਲੋਟੇ, ਜਸਵੰਤ ਗਰੇਵਾਲ, ਵਿਪਨ ਗੁਪਤਾ ਸ਼ਾਮਿਲ ਹੋਏ ਪਰ ਨਵਨੀਤ ਸਿੰਘ ਗੁਰਦਾਸਪੁਰ ਨੈੱਟਵਰਕ ਦੀ ਪਰੇਸ਼ਾਨੀ ਕਰਕੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਸਿਮਰਨ ਧੁੱਗਾ ਨੇ ਕੌੜਾ ਸੱਚ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਜਸਵੰਤ ਗਰੇਵਾਲ ਨੇ ਇਸ਼ਕ ਹਕੀਕੀ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਗੁਰਦੀਪ ਸਿੰਘ ਲੋਟੇ ਨੇ ਵੀ ਸੇਧਵਰਧਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਸਤਨਾਮ ਸਿੰਘ ਅਬੋਹਰ ਨੇ ਵੀ ਸੱਚੇ ਸੁੱਚੇ ਹਰਫ਼ਾਂ ਦੀ ਰੰਗਤ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਵਿਪਨ ਗੁਪਤਾ ਨੇ ਵੀ ਦਰਦ ਭਰੀ ਕਵਿਤਾ ਦੇ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਕਲਮਕਾਰਾਂ ਨੂੰ ਕਲਮ ਦਾ ਸਫ਼ਰ ਜਾਰੀ ਰੱਖਣ ਦਾ ਸੁਨੇਹਾ ਦਿੱਤਾ।