ਮਿਸਟਰ ਸਿੰਘ ਪਬਲੀਕੇਸ਼ਨ, ਤਲਵੰਡੀ ਸਾਬੋ ਦੇ ਸੂਤਰਧਾਰ ਕਰਮ ਸਿੰਘ ਮਹਿਮੀ (ਜਨਮ 1994) ਨੇ ਪਿਛਲੇ ਦਿਨੀਂ ਪਾਕਿਸਤਾਨੀ ਪੰਜਾਬੀ ਸ਼ਾਇਰ ਜਨਾਬ ਲਿਆਕਤ ਗਡਗੋਰ ਦੀਆਂ ਸ਼ਾਹਮੁਖੀ ਲਿਪੀ ਵਿੱਚ ਲਿਖੀਆਂ ਗ਼ਜ਼ਲਾਂ ਨੂੰ ਗੁਰਮੁਖੀ ਵਿੱਚ ਪ੍ਰਕਾਸ਼ਿਤ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ‘ਗੁੰਝਲਾਂ’ (ਪੰਨੇ 112, ਮੁੱਲ 260/-) ਨਾਂ ਦੀ ਇਸ ਪੁਸਤਕ ਦਾ ਲਿਪੀਅੰਤਰਨ ਪੱਚੀ-ਸਾਲਾ ਮੁਬਾਰਕ ਨੇ ਕੀਤਾ ਹੈ, ਜਿਸਨੂੰ ਸੰਗੀਤ ਤੇ ਸਾਹਿਤ ਨਾਲ ਲਗਾਓ ਹੈ। ਪੰਜ ਭਾਸ਼ਾਵਾਂ ਦੇ ਗਿਆਤਾ ਮੁਬਾਰਕ ਨੇ ਖ਼ੁਦ ਛੰਦਬੱਧ/ਛੰਦਮੁਕਤ ਕਵਿਤਾ ਵੀ ਲਿਖੀ ਹੈ ਤੇ ਹੁਣ ਨਾਵਲ ਲਿਖਣ ਵੱਲ ਰੁਚਿਤ ਹੈ।
ਲਿਆਕਤ ਗਡਗੋਰ ਚੌਧਰੀ ਰਹਿਮਤ ਖ਼ਾਨ ਗਡਗੋਰ ਦੇ ਘਰ ਜ਼ਿਲ੍ਹਾ ਗੁਜਰਾਤ ਵਿੱਚ 1958 ਵਿੱਚ ਪੈਦਾ ਹੋਏ, ਜੋ ‘ਸੋਹਣੀ’ ਦੇ ਜਨਮ-ਸਥਾਨ ਵਜੋਂ ਮਸ਼ਹੂਰ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਵਿੱਚ ਐਮਏ (ਪੰਜਾਬੀ) ਕਰਨ ਮਗਰੋਂ ਉਨ੍ਹਾਂ ਨੇ ਸਕੂਲ-ਅਧਿਆਪਕ ਵਜੋਂ ਕਾਰਜ ਕੀਤਾ ਜਿੱਥੋਂ ਉਹ ਹੁਣ ਸੇਵਾਮੁਕਤ ਹੋ ਚੁੱਕੇ ਹਨ। ਗੁੰਝਲਾਂ ਤੋਂ ਬਿਨਾਂ ਉਨ੍ਹਾਂ ਨੇ ਸੱਧਰਾਂ, ਸੁਫ਼ਨੇ, ਔਂਸੀਆਂ, ਅੜੀਆਂ ਆਦਿ ਕਿਤਾਬਾਂ ਦੀ ਰਚਨਾ ਕੀਤੀ। ਕਿਤਾਬਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਤਿੰਨ-ਅੱਖਰੀ ਨਾਵਾਂ ਨਾਲ ਕਿੰਨੀ ਮੁਹੱਬਤ ਹੈ!
‘ਗੁੰਝਲਾਂ’ ਵਿੱਚ 100 ਗ਼ਜ਼ਲਾਂ ਹਨ, ਜੋ ਲੱਗਭੱਗ ਸਾਰੀਆਂ ਹੀ ਛੋਟੀ ਬਹਿਰ ਵਿੱਚ ਹਨ। ਵਧੇਰੇ ਗ਼ਜ਼ਲਾਂ ਵਿੱਚ 5, 6, 7 ਸ਼ੇਅਰਾਂ ਦੀ ਵਰਤੋਂ ਕੀਤੀ ਗਈ ਹੈ। ਪੁਸਤਕ ਦੀ ਭੂਮਿਕਾ ਵਿੱਚ ਨਿਊਯਾਰਕ (ਅਮਰੀਕਾ) ਦੇ ਅਲਤਾਫ਼ ਸਿਕੰਦਰ ਬੋਸਾਲ ਨੇ ਲਿਆਕਤ ਦੀ ਸ਼ਾਇਰੀ ਵਿੱਚ ਮੁਹੱਬਤ ਦੇ ਰੰਗਾਂ ਨੂੰ ਤਸਲੀਮ ਕੀਤਾ ਹੈ। ਸਿਆਲਕੋਟ ਦੇ ਅਹਿਸਾਨ ਬਾਜਵਾ ਨੇ ਲਿਆਕਤ ਨੂੰ ਡੂੰਘੇ ਵਹਿਣਾਂ ਦਾ ਸ਼ਾਇਰ ਕਹਿ ਕੇ ਵਡਿਆਇਆ ਹੈ।
ਕੁਝ ਕੁ ਗ਼ਜ਼ਲਾਂ ਵਿੱਚ ਕਾਫ਼ੀਆ ਰਦੀਫ਼ ਨੂੰ ਵਿਸਤ੍ਰਿਤ ਪੈਟਰਨ ਵਿੱਚ ਵਿਉਂਤ ਕੇ ਸੌਂਦਰਯਬੋਧ ਨੂੰ ਤਿਖੇਰਾ ਕੀਤਾ ਗਿਆ ਹੈ, ਜਿਵੇਂ ਕਿ : ਜੇ ਹੋ ਗਿਆ ਤੇ (10), ਹੱਦ ਨਈਂ ਹੋ ਗਈ (11), ਏਂ ਅੱਜ ਵੀ (14), ਲੱਭ ਲੈਨਾ ਵਾਂ (15), ਕੇ ਚੁੱਪ ਆਂ (18), ਦੀ ਦੇਰ ਏ (21), ਹੁੰਦੇ ਨੇ ਝੱਲਿਆ (23), ਮੰਗ ਲਿਆ ਏ (23), ਨਾ ਲੜਿਆ ਕਰ (32), ਹੋ ਗਿਆ ਵੇਂਹਦਿਆਂ ਵੇਂਹਦਿਆਂ (38), ਨਈਂ ਸੌਣ ਦਿੰਦੇ (39), ਦੀ ਧਮਕੀ ਦਿੰਦਾ (47), ਤੇ ਕੁਝ ਵੀ ਨਈਂ (48), ਤੇ ਨਈਂਨਾ (51), ਦੀ ਆਦਤ ਪੈ ਗਈ ਏ (52), ਨੂੰ ਵੇਖ ਕੇ ਤੇ ਸਹੀ (54), ਲਿਆ ਏ ਉਹਨੇ (55), ਵੀ ਕੋਈ ਨਈਂ (61), ਕੇ ਡੋਲ ਨਾ ਜਾਵੀਂ (63), ਹੋ ਗਿਆ ਏ (66), ਕੇ ਖ਼ੁਸ਼ ਏ (67), ਕਦੀ ਨਾ ਕਦੀ ਤਾਂ (78), ਵੇਖੇ ਨੇ ਮੈਂ (79), ਹੁਣ ਨਈਂ ਕਰਨਾ (85), ਏ ਅੱਜਕੱਲ੍ਹ (89), ਰਲ਼ ਨਾ ਬਹੀਏ (98), ਤੇ ਨਈਂ ਸੀ (99), ਲੋਕੀਂ ਦੱਸਦੇ ਨੇ (103), ਦਾ ਲੱਗਦਾ ਏ (104) ਆਦਿ।
ਦੁਨੀਆਂ ਵਿੱਚ ਪੱਸਰੇ ਲਾਲਚ, ਫ਼ਰੇਬ, ਹਿਰਸ, ਦੁਖ ਦੇ ਨਾਲ-ਨਾਲ ਪਿਆਰ, ਮਿੰਨਤਾਂ, ਤਰਲੇ, ਵਿਰਦ ਆਦਿ ਦੀ ਨਿਸ਼ਾਨਦੇਹੀ ਵੀ ਲਿਆਕਤ ਦੀਆਂ ਗ਼ਜ਼ਲਾਂ ਵਿੱਚ ਪੇਸ਼ ਪੇਸ਼ ਹੈ। (ਲਾਲਚ, ਹਸਦ ਤੇ ਖ਼ੁਦਗਰਜ਼ੀ ਏ ਹਰ ਪਾਸੇ/ਲੱਭ ਜਾਏ ਉਹ ਪਿਆਰ ਪੁਰਾਣਾ ਮੁਸ਼ਕਿਲ ਏ, 105)। ਪੰਜਾਬੀ ਵਿੱਚ ਆਮ ਅਖਾਣ ਹੈ ਕਿ ਮਨੁੱਖ ਗ਼ਲਤੀ ਦਾ ਪੁਤਲਾ ਹੈ ਤੇ ਦੋਸਤੀ ਵਿੱਚ ਨਿੱਕੀ-ਮੋਟੀ ਨੋਕਝੋਕ ਚੱਲਦੀ ਹੀ ਰਹਿੰਦੀ ਹੈ
ਸੌ ਵਾਰੀ ਨਾਦਾਨ ਏਂ ਝੱਲਿਆ
ਫਿਰ ਵੀ ਮੇਰੀ ਜਾਨ ਏਂ ਝੱਲਿਆ
ਤੂੰ ਵੀ ਗ਼ਲਤੀ ਕਰ ਸਕਦਾ ਏਂ
ਤੂੰ ਵੀ ਤੇ ਇਨਸਾਨ ਏਂ ਝੱਲਿਆ (13)
ਲਿਆਕਤ ਮੁਹੱਬਤ ਅਤੇ ਪਿਆਰ ਦਾ ਸ਼ਾਇਰ ਹੈ। ਹੁਸਨ, ਸ਼ਬਾਬ ਤੇ ਸ਼ਿੰਗਾਰ ਉਹਦੀ ਕਵਿਤਾ ਨੂੰ ਖ਼ੂਬਸੂਰਤੀ ਬਖ਼ਸ਼ਦੇ ਹਨ। ਆਪਣੀ ਰਚਨਾ ਵਿੱਚ ਉਨ੍ਹਾਂ ਨੇ ਕਿੱਸਾ-ਕਾਵਿ ਦੇ ਨਾਇਕ-ਨਾਇਕਾਵਾਂ ਦਾ ਵੀ ਖ਼ੂਬ ਵਰਣਨ ਕੀਤਾ ਹੈ। ਸੋਹਣੀ, ਝੰਗ, ਘੜੇ ਦਾ ਜ਼ਿਕਰ ਉਨ੍ਹਾਂ ਨੇ ਖ਼ਾਸ ਤੌਰ ਤੇ ਕੀਤਾ ਹੈ। ਮਿਸਾਲ ਵਜੋਂ :
ਸੋਹਣੀ ਦੀ ਤਸਵੀਰ ਏਂ ਅੱਜ ਵੀ
ਮੇਰੇ ਲਈ ਤਾਂ ਹੀਰ ਏਂ ਅੱਜ ਵੀ (14)
ਸੱਚੇ ਪਿਆਰ ਦੇ ਰਾਹ ‘ਚ ਹਮੇਸ਼ਾ
ਘੜਾ, ਚਨਾਬ ਹੁੰਦੇ ਨੇ ਝੱਲਿਆ (23)
ਵਿੱਚ ਝਨਾਵਾਂ ਝੂਠ ਫ਼ਰੇਬ ਨੂੰ ਰੋੜ੍ਹ ਦਿੱਤਾ
ਜ਼ਿਦ ਦੀ ਪੱਕੀ ਵਖ਼ਤਾਂ ਮਾਰੀ ਝੱਲੀ ਨੇ
ਸੱਸੀ ਬੋਲੀ ਨੂਰ ਤੇ ਖ਼ਾਕ ਨਈਂ ਮਿਲ ਸਕਦੇ
ਕੀਤੀ ਕੈਸੀ ਗੱਲ ਕਰਾਰੀ ਝੱਲੀ ਨੇ
ਮੈਂ ਆਹਨਾਂ ਵਾਂ ਸੋਹਣੀ ਡੁੱਬ ਕੇ ਤਰ ਗਈ ਏ
ਕਮਲ਼ੇ ਆਂਹਦੇ ਬਾਜ਼ੀ ਹਾਰੀ ਝੱਲੀ ਨੇ (31)
ਤੂੰ ਜਾਣੇਂ ਜਾਂ ਤੇਰੀਆਂ ਮੱਝੀਆਂ
ਸਹੁਰੇ ਆਇਆਂ, ਝੰਗ ਨਈਂ ਆਇਆ
ਮਿਰਜ਼ੇ ਲੱਖਾਂ ਤੋਹਮਤਾਂ ਝੱਲੀਆਂ
ਜੱਟ ਸੀ ਛੱਡ ਕੇ ਮੰਗ ਨਈਂ ਆਇਆ (43)
ਇਸ਼ਕ ਝਨਾਂ ਦੇ ਦੂਜੇ ਪਾਸੇ
ਜਾਣਾ ਤਰ ਕੇ ਡੋਲ ਨਾ ਜਾਵੀਂ (63)
ਆਪਣੇ ਮਹਿਬੂਬ ਦੀ ਪ੍ਰਸੰਸਾ ਵਿੱਚ ਕਿੱਸਾ ਕਵੀਆਂ ਵਾਂਗ ਲਿਆਕਤ ਵੀ ਨਖਸ਼ਿਖ ਵਰਣਨ ਦਾ ਉਸਤਾਦ ਹੈ, ਜਿਸ ਵਿੱਚ ਉਹ ਆਪਣੇ ਪਿਆਰੇ ਦੇ ਕੱਦ, ਬੁੱਤ, ਲਬ, ਰੁਖ਼ਸਾਰ, ਅੱਖਾਂ, ਮੁਖੜੇ ਤੋਂ ਕੁਰਬਾਨ ਜਾਂਦਾ ਹੈ। ਕਿਤੇ ਕਿਤੇ ਉਨ੍ਹਾਂ ਦੀ ਸ਼ਾਇਰੀ ਸੂਫ਼ੀਆਨਾ ਰੰਗਣ ਵਾਲੀ ਜਾਪਦੀ ਹੈ, ਜਦੋਂ ਉਹ ਮਾਧੋਲਾਲ (ਸ਼ਾਹ ਹੁਸੈਨ) ਨੂੰ ਯਾਦ ਕਰਦੇ ਹਨ (ਇਹ ਦੁਨੀਆਂ ਏ ਚਾਰ ਦਿਹਾੜੇ/ਸੱਚੀਂ ਮਾਧੋ ਲਾਲ ਦੀ ਗੱਲ, 22)। ਜਿਵੇਂ ਬੁੱਲ੍ਹੇ ਸ਼ਾਹ ਆਪਣੇ ਮੁਰਸ਼ਿਦ ਨੂੰ ‘ਤਬੀਬਾ’ ਕਹਿ ਕੇ ‘ਵਾਜਾਂ ਮਾਰਦਾ ਹੈ (ਬਹੁੜੀਂ ਬਹੁੜੀਂ ਵੇ ਤਬੀਬਾ ਮੇਰੀ ਜਿੰਦ ਗਈ ਆ…) ਲਿਆਕਤ ਨੇ ਵੀ ‘ਤਬੀਬਾ’ ਕਾਫ਼ੀਏ ਨਾਲ ਇੱਕ ਪੂਰੀ ਦੀ ਪੂਰੀ ਗ਼ਜ਼ਲ ਮੁਕੰਮਲ ਕੀਤੀ ਹੈ (25)।
ਲਿਆਕਤ ਦੀਆਂ ਗ਼ਜ਼ਲਾਂ ਵਿੱਚ ਪਰਦੇਸ ਵੱਸੇ ਮਿੱਤਰਾਂ ਬਾਰੇ ਫ਼ਿਕਰਮੰਦੀ ਵੀ ਹੈ (ਕੱਲਾ ਡੌਂ ਡੌਂ ਕਰਦਾ ਫਿਰਨਾਂ/ਵਿੱਚ ਪ੍ਰਦੇਸਾਂ ਵੱਸ ਗਏ ਬੇਲੀ, 57) ਅਤੇ ਇਸ਼ਕ ਦੇ ਮੁਸ਼ਕਿਲ ਰਾਹਾਂ ਬਾਰੇ ਤਾਕੀਦ ਵੀ (ਪਿਆਰ ਦੇ ਰਾਹ ਤੋਂ ਮੁੜਨਾ ਔਖਾ/ਪਗਡੰਡੀ ਜਾਂ ਮੋੜ ਵੀ ਕੋਈ ਨਈਂ, 61) ਕਿਰਤੀਆਂ ਦੇ ਹੱਕਾਂ ਬਾਰੇ ਕਵੀ ਆਸਵੰਦ ਹੈ। ਉਹਨੂੰ ਉਮੀਦ ਹੈ ਕਿ ਇੱਕ ਦਿਨ ਇਨ੍ਹਾਂ ਨੇ ਆਪਣੇ ਹੱਕ ਲੈ ਹੀ ਲੈਣੇ ਹਨ। ਉਹ ਮਨੁੱਖ ਨੂੰ ਉਦਾਸ/ਨਿਰਾਸ਼ ਹੋਣ ਦੀ ਥਾਂ ਤੇ ਹੌਸਲਾ ਦਿੰਦਾ ਹੈ :
ਹੋਣਾ ਏ ਸਵੇਰਾ ਕਦੀ ਨਾ ਕਦੀ ਤਾਂ
ਇਹ ਮੁਕਣਾ ਏ ਹਨੇਰਾ ਕਦੀ ਨਾ ਕਦੀ ਤਾਂ
ਮਾਯੂਸ ਹੋ ਨਾ ਤੂੰ ਜਿੱਤਣਾ ਏ ਆਖ਼ਰ
ਉਠ ਮੇਰੇ ਸ਼ੇਰਾ ਕਦੀ ਨਾ ਕਦੀ ਤਾਂ (78)
ਚਿੜੀ ਤੋਂ ਬਣਾਵਾਂਗਾ ਮੈਂ ਬਾਜ਼ ਇੱਕ ਦਿਨ
ਜੁਗਨੂੰ ਤੋਂ ਮੈਂ ਸ਼ਰਾਰਾ ਕਰਾਂਗਾ (83)
ਪੁਸਤਕ ਦੀ ਇਹ ਖ਼ਾਸੀਅਤ ਹੈ ਕਿ ਉਰਦੂ/ਫ਼ਾਰਸੀ ਦੇ ਕੁਝ ਮੁਸ਼ਕਿਲ ਸ਼ਬਦਾਂ ਦੇ ਅਰਥ ਉਸੇ ਗ਼ਜ਼ਲ ਦੇ ਹੇਠਾਂ ਦਿੱਤੇ ਗਏ ਹਨ। ਲਿਆਕਤ ਦੀ ਬੋਲੀ ਵਿੱਚ ਇਸ ਕਦਰ ਮਿਠਾਸ ਭਰੀ ਹੋਈ ਹੈ ਕਿ ਇਹਦਾ ਇੱਕ-ਇੱਕ ਲਫ਼ਜ਼ ਸਾਨੂੰ ਅਪਣੱਤ ਭਰਿਆ ਲੱਗਦਾ ਹੈ, ਕਿਧਰੇ ਕੋਈ ਓਪਰਾਪਣ ਜਾਂ ਬੇਗਾਨਗੀ ਨਹੀਂ ਦਿੱਸਦੀ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਕਵੀ ਨੇ ਬੜੀ ਸਹਿਜਤਾ ਨਾਲ ਪਾਠਕ ਦੇ ਸਮਝ ਵਿੱਚ ਆਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਨ੍ਹਾਂ ਗ਼ਜ਼ਲਾਂ ਰਾਹੀਂ ਕਵੀ ਦੀ ਸੁਹਜਾਤਮਕ ਸ਼ਖ਼ਸੀਅਤ ਹੂਬਹੂ ਅੱਖਾਂ ਸਾਹਮਣੇ ਆ ਜਾਂਦੀ ਹੈ।ਪੰਜਾਬੀ ਅਦਬੋ-ਜ਼ੁਬਾਨ ਵਿੱਚ ‘ਗੁੰਝਲਾਂ’ ਦਾ ਖ਼ੈਰ-ਮਕਦਮ!

~ ਪ੍ਰੋ.ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.