ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ ਰਣਧੀਰ

ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ ਰਣਧੀਰ

ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ ਦੇ ਮਾਪਿਆਂ ਪਿਤਾ ਜੀ ਸ. ਭਾਗ ਸਿੰਘ ਅਤੇ ਮਾਤਾ ਸਿੰਦਰ ਕੌਰ
ਦੇ ਨਾਲ ਨਾਲ ਪਤਨੀ ਰੀਤ ਨੂੰ ਵੀ ਹੈ।
ਢਾਈ ਮਹੀਨੇ ਦੀ ਇੱਕ ਬੇਟੀ ਮੁਬਾਰਕ ਕੌਰ ਜਦ ਵੱਡੀ ਹੋਵੇਗੀ ਤਾਂ ਕਿੰਨਾ ਮਾਣ ਮਹਿਸੂਸ ਕਰੇਗੀ ਕਿ ਮੇਰੇ ਜੰਮਣ ਸਾਰ ਮੇਰੇ ਬਾਬਲ ਨੂੰ ਏਨਾ ਵੱਡਾ ਸਾਹਿੱਤ ਪੁਰਸਕਾਰ ਮਿਲਿਆ। ਨਾਭਾ ਕਵਿਤਾ ਉਤਸਵ ਉਪਰ ਉਸਨੂੰ “ਕੰਵਰ ਚੌਹਾਨ ਨਵ-ਪ੍ਰਤਿਭਾ ਪੁਰਸਕਾਰ 2024”ਵੀ ਇਸੇ ਕਿਤਾਬ ਲਈ ਮਿਲ ਚੁਕਾ ਹੈ।
18 ਜੁਲਾਈ 1990 ਨੂੰ ਪਿੰਡ ਘਨੌੜ ਰਾਜਪੂਤਾਂ(ਦਿੜਬਾ) ਸੰਗਰੂਰ ਵਿਖੇ ਜਨਮੇ ਰਣਧੀਰ ਨੇ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ, ਕਮਾਲਪੁਰ ਵਿਖੇ ਪ੍ਰਾਪਤ ਕੀਤੀ। ਉਸ ਨੇ ਗਰੈਜੂਏਸ਼ਨ ਪਬਲਿਕ ਕਾਲਜ ਸਮਾਣਾ ਤੋਂ ਅਤੇ ਐਮ.ਏ (ਪੰਜਾਬੀ)ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ। ਐਮ. ਫਿਲ ਦੀ ਪੜ੍ਹਾਈ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਵਿੰਦਰ ਸੈਣੀ ਦੀ ਨਿਗਰਾਨੀ ਹੇਠ ਨਿਰੰਜਨ ਸਿੰਘ ਨੂਰ ਦੀ ਗ਼ਜ਼ਲ :ਪਰਵਾਸੀ ਸਰੋਕਾਰ ਅਤੇ ਸੰਚਾਰ ਵਿਸ਼ੇ ਤੇ ਕੀਤੀ।
ਵਰਤਮਾਨ ਸਮੇਂ ਉਹ ਸਰਕਾਰੀ ਹਾਈ ਸਕੂਲ,ਖੇਤਲਾ (ਸੰਗਰੂਰ)ਵਿਖੇ ਪੰਜਾਬੀ ਮਾਸਟਰ ਵਜੋਂ ਕਾਰਜਸ਼ੀਲ ਹੈ।
ਸਾਹਿੱਤ ਪੜ੍ਹਨ ਤੇ ਸਿਰਜਣ ਦੀ ਪ੍ਰੇਰਨਾ ਸਕੂਲ ਸਮੇਂ ਦੌਰਾਨ ਗ਼ਜ਼ਲਗੋ ਬਲਕਾਰ ਔਲਖ ਜੋ ਉਸਦੇ ਅਧਿਆਪਕ ਸਨ, ਤੋਂ ਪ੍ਰੇਰਨਾ ਲਈ।
ਉਹ ਅਕਸਰ ਸ਼ਾਇਰੀ ਸੁਣਾਉਂਦੇ ਜਾਂ ਕਿਸੇ ਕਵੀ ਦੀ ਕਿਤਾਬ ਦੀ ਚਰਚਾ ਕਰਦੇ ਸਨ। ਇਹਨਾਂ ਤੋਂ ਬਿਨਾਂ ਉਨ੍ਹਾਂ ਦੇ ਪਿੰਡ ਦਾ ਗੀਤਕਾਰ ਗੁਰਜੰਟ ਜੌੜੀਆਂ ਘਨੌੜ ਵੀ ਸਾਹਿਤ ਪੜਦਾ ਸੀ ਤੇ ਉਸਨੂੰ ਵੀ ਪੜਨ ਲਈ ਪ੍ਰੇਰਦਾ। ਇਹਨਾਂ ਦੋਵਾਂ ਦੇ ਪ੍ਰਭਾਵ ਹੇਠ ਆ ਕੇ ਸਕੂਲ ਸਮੇਂ ਤੋਂ ਹੀ ਉਸ ਨੇ ਸਾਹਿਤ ਪੜ੍ਹਨ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ।
ਰਣਧੀਰ ਹੁਣ ਤੱਕ ਸਾਹਿੱਤਕ ਮੈਗਜ਼ੀਨ ਹੁਣ,ਸਰੋਕਾਰ,ਰਾਗ ਵਿੱਚ ਛਪਣ ਤੋਂ ਬਿਨਾਂ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਵੀ ਕਵਿਤਾਵਾਂ ਪ੍ਰਕਾਸ਼ਿਤ ਕਰਦਾ ਰਿਹਾ ਹੈ।
ਇਸ ਸੰਭਾਵਨਾਵਾਂ ਭਰਪੂਰ ਸ਼ਾਇਰ ਦੀਆਂ ਕੁਝ ਰਚਨਾਵਾਂ ਨਾਲ ਤੁਸੀਂ ਵੀ ਸਾਂਝ ਪਾਉ।

5.
ਬੂੰਦ

ਮੈਂ ਬਾਰਿਸ਼ ਦੀ ਹਰ ਬੂੰਦ ਨਾਲ
ਮਹਿਸੂਸ ਕੀਤਾ
ਕਿੰਨੇ ਸਾਗਰਾਂ ਦਰਿਆਵਾਂ ਨੂੰ
ਛੂਹ ਸਕਣ ਦਾ ਅਨੁਭਵ।

  1. ਤੇਰੇ ਮਿਲਣ ਤੋੰ ਪਹਿਲਾਂ

ਤੇਰੇ ਮਿਲਣ ਤੋਂ ਪਹਿਲਾਂ
ਇਹ ਨਹੀਂ ਸੀ
ਕਿ ਹੱਸਦਾ ਨਹੀਂ ਸਾਂ
ਪੰਛੀ ਚਹਿਚਹਾਉਂਦੇ ਨਹੀ ਸਨ
ਦਰਿਆ ਵਗਦੇ
ਫੁੱਲ ਮਹਿਕਦੇ ਨਹੀਂ ਸਨ
ਜਾਂ ਮੌਸਮੀ ਚੱਕਰ ਨਹੀਂ ਸੀ ਘੁੰਮਦਾ
ਇਹ ਵੀ ਨਹੀਂ
ਕਿ ਜਿਉਦਾ ਨਹੀ ਸਾਂ।
ਬਸ ਤੇਰੇ ਮਿਲਣ ਤੋਂ ਪਹਿਲਾਂ
ਮੈਂ ਅਰਥਹੀਣ ਸੀ
ਸਾਹਾਂ ਨਾਲ ਭਰਿਆ
ਮਹਿਸੂਸਣ ਤੋਂ ਸੱਖਣਾ
ਫੁੱਲ ਦੀ ਛੋਹ ਦੇ ਅਹਿਸਾਸ ਨੂੰ
ਰੰਗ ਖੂਸਬੋ ਦੇ ਉਰੇ ਹੀ ਜਾਣਦਾ
ਪੰਛੀਆਂ ਦੀ ਪਾਈ ਬੋਲੀ ਦੀ
ਤਾਲ ਤੋਂ ਬੇਖ਼ਬਰ
ਏਸ ਗਾਉਦੀ ਮਹਿਕਦੀ ਧੁਨ ਨੂੰ ਰਿਕਾਰਡ ਲੋਚਦਾ।

ਜੰਗਲਾਂ ‘ਚ ਭਟਕਦਾ
ਰੁੱਖਾਂ ਬਰਾਬਰ
ਸਾਹ ਲੈਣ ਤੋਂ ਅਸਮਰਥ
ਪਤੰਗ ਦੀ ਉਡਾਣ ਨੂੰ
ਡੋਰ ਨਾਲ ਹੀ ਵੇਖਦਾ
ਹੱਥਾਂ ਦੀ ਤਿਆਹ ਤੋਂ ਅਣਜਾਣ
ਪਾਣੀ ਦੀ ਮਿਠਾਸ ਨੂੰ
ਜੀਭ ਨਾਲ ਹੀ ਚੱਖਦਾ
ਜਿਉ ਰਿਹਾਂ ਸਾਂ ਮੈਂ।

ਤੇਰੇ ਮਿਲਣ ਤੋਂ ਪਹਿਲਾਂ
ਮੈਂ ਜ਼ਿੰਦਗੀ ਦੇ ਉਰਾਂ ਹੀ ਸਾਂ
ਤੇਰਾ ਮਿਲਣਾ
ਕੋਈ ਦੈਵੀ ਕਰਤੱਬ ਸੀ
ਜਾਂ ਕਰਿਸ਼ਮਾ ਕੋਈ
ਜਿੰਨ੍ਹਾਂ ਹੁਨਰ ਦਿਤਾ
ਬੰਦੇ ਦੀ ਵਾਹੀ ਲਕੀਰ ਤੋਂ
ਪਾਰ ਝਾਕਣ ਦਾ
ਚੁੱਪ ‘ਚ ਮੁਸਕੁਰਾਉਣ ਦਾ
ਜ਼ਿੰਦਗੀ ਨੂੰ ਬਾਹਾਂ ‘ਚ ਭਰ ਘੁੱਟ ਕੇ ਜੱਫੀ ਪਾਉਣ ਦਾ।

ਉਂਝ ਤੇਰੇ ਮਿਲਣ ਤੋਂ ਪਹਿਲਾਂ ਵੀ
ਜਿਉਂਦਾ ਸਾਂ ਮੈਂ
ਮਨ ਚਾਹੇ ਰੰਗਾਂ ਦੀ ਗੱਲ ਕਰਦਾ
ਸਾਹ ਲੈਦਾ
ਦੂਰ ਖੜ੍ਹਾ ਸਭ ਕੁਝ ਵੇਖਦਾ।

7.
ਖ਼ਤ ਜੋ ਲਿਖਣੋਂ ਰਹਿ ਗਏ

ਉਹਨਾਂ ਦਿਨਾਂ ‘ਚ
ਮੈਂ ਬਹੁਤ ਮਸਰੂਫ਼ ਸਾਂ
ਲਿਖ ਨਹੀਂ ਸਕਿਆ ਤੈਨੂੰ ਖ਼ਤ
ਬਹੁਤ ਵਾਰ ਉਜਰ ਕੀਤਾ
ਕੋਈ ਬੋਲ ਬੋਲਾਂ
ਸ਼ਬਦ ਘੜਾਂ
ਪਰ
ਸ਼ਬਦ ਘੜਨ ਦੀ ਰੁੱਤੇ
ਪਹੁੰਚ ਗਿਆ ਕੰਨ ਵਿਨ੍ਹਾਉਣ
ਗੋਰਖ ਦੇ ਟਿੱਲੇ
ਗਲੀ ਗਲੀ ਘੁੰਮਿਆ
ਭਟਕਿਆ
ਪਾਟੇ ਕੰਨ ਠੀਕ ਕਰਵਾਉਣ
ਜਾਂ ਮੁੰਦਰਾਂ ਦਾ ਮੇਚ ਕਰਵਾਉਣ
ਕੁਝ ਵੀ ਸੀ
ਮੈਂ ਬਹੁਤ ਰੁਝਿਆ ਸਾਂ
ਇਸ਼ਕ ਨੂੰ ਜੋਗ ਬਣਾਉਣ
ਜੋਗ ਚੋੰ ਇਸ਼ਕ ਜਗਾਉਣ।

ਅਗਲੀ ਵਾਰ ਜਦ ਜਾਗ ਖੁੱਲ੍ਹੀ
ਮੇਰੇ ਕੋਲ ਮਸ਼ਕ ਸੀ
ਘਨੱਈਆ ਬਾਬਾ
ਪਿਲਾ ਰਿਹਾ ਸੀ ਜ਼ਖ਼ਮੀਆਂ ਨੂੰ ਪਾਣੀ
ਮੈਂ ਦੂਰ ਪਿਆ
ਦੋਸਤ ਦੁਸ਼ਮਣ ਗਿਣ ਰਿਹਾ ਸੀ
ਗਿਣਤੀ ਦੇ ਜੋੜ ਘਟਾਉ ‘ਚ
ਰੁਕ ਗਿਆ
ਮੇਰੇ ਖ਼ਤਾਂ ਦਾ ਕਾਰਵਾਂ।

ਉਮੀਦ ਨਹੀਂ ਛੱਡੀ
ਵਕਤ ਬੀਤਦਾ ਗਿਆ
ਕਿਵੇਂ ਨਾ ਕਿਵੇਂ
ਖ਼ੁਦ ਨੂੰ ਘਸੀਟ ਲੈ ਆਇਆ
ਤੇਰੇ ਦਰ ਤੱਕ
ਚੌਂਕ ਗਿਆ
ਰਸਤੇ ਦ‍ਾ ਜਾਹੋ ਜਲਾਲ ਵੇਖ
ਚੁੰਧਿਆਈਆਂ ਅੱਖਾਂ ਨਾਲ਼
ਰਲ ਗਿਆ ਅੰਨੀ ਭੀੜ ‘ਚ
ਜ‍ਾ ਰਹੀ ਸੀ ਜੋ
ਕਿਤੇ ਮਕਾਨ ਨੂੰ ਢੇਰੀ ਕਰਨ
ਕਿਤੇ ਅਬਲਾ ਦੀ ਪੱਤ ਰੋਲਣ
ਕਿਤੇ ਬੱਚਿਆਂ ਨੂੰ ਯਤੀਮ ਕਰਨ
ਮੇਰਾ ਕਸੂਰ ਬਸ ਏਨਾ ਸੀ
ਕਿ ਤੁਰ ਪਿਆ
ਭੀੜ ਨਾਲ ਮੈਂ ਨਹੀਂ ਓਦੋਂ
ਜ਼ਰੂਰ ਲਿਖਦਾ ਤੈਨੂੰ ਖ਼ਤ

ਥੋੜ੍ਹੀ ਦੂਰ ਆ ਕੇ
ਦਮ ਮਾਰਦਿਆਂ ਸੋਚਿਆ
ਹੁਣ ਹੈ ਸਹੀ ਮੌਕਾ
ਸ਼ਬਦ ਚਿਤਰਨ ਦ‍ਾ
ਅਚਾਨਕ ਵੇਖਦੇ ਹੀ ਵੇਖਦੇ
ਮੇਰੇ ਹੱਥ ਗਲ਼ੇ ਦ‍ਾ ਟਾਇਰ ਹੋ ਗਏ
ਧੂ ਧੂ ਕਰਦੇ ਧੁਖ ਗਏ
ਮੇਰੇ ਸਮੇਤ ਕਈ ਹੋਰ ਬੰਦਿਆਂ
ਸ਼ਬਦ ਖੋਹ ਦਿੱਤੇ

ਤੇਰਾ ਗ਼ਿਲਾ ਸਿਰ ਮੱਥੇ
ਮੈਨੂੰ ਮਾਫ਼ੀ ਪ੍ਰਵਾਨ ਕਰੀਂ
ਉਮੀਦ ਕਰਦਾਂ
ਸਦੀ ਦੇ ਏਸ ਵਰ੍ਹੇ
ਲਿਖ ਸਕੂੰਗਾ ਤੈਨੂੰ ਉਹ
ਖ਼ਤ ਜੋ ਲਿਖਣੋਂ ਰਹਿ ਗਏ।
▪️

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.