ਬਠਿੰਡਾ, 6 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਆਪ ਜੀ ਦੀ ਸੇਵਾ ਲਈ ਹਮੇਸ਼ਾਂ ਤਤਪਰ ਦਾ ਨਾਅਰਾ ਲਗਾਉਣ ਵਾਲੀ ਪੰਜਾਬ ਪੁਲਸ ਦੀਆਂ ਕਾਰਗੁਜ਼ਾਰੀਆਂ ਤਾਂ ਅਕਸਰ ਅਖ਼ਬਾਰਾਂ ਦੀ ਸੁਰਖੀ ਬਣਦੀਆਂ ਹੀ ਰਹਿੰਦੀਆਂ ਨੇ। ਕੁੱਝ ਕੁ ਮੁਲਾਜ਼ਮਾਂ ਨੂੰ ਛੱਡ ਜਿਆਦਾਤਰ ਮੁਲਾਜ਼ਮ ਕਿਸ ਤਰ੍ਹਾਂ ਕੰਮ ਕਰਦੇ ਹਨ ਇਹ ਵੀ ਕੋਈ ਲੁਕੀ ਛਿਪੀ ਗੱਲ ਨਹੀਂ। ਪਰ ਬਠਿੰਡਾ ਵਿਖੇ ਨਵੇਂ ਆਏ ਸਾਹਬ ਦੇ ਰੋਹਬ ਦਾਬ ਦੀਆਂ ਕਹਾਣੀਆਂ ਵੀ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਾਸੀਆਂ ਦੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਂਦੇ ਹੀ ਲਾਅ ਐਂਡ ਆਰਡਰ ਨੂੰ ਦਰੁਸਤ ਕਰਨ ਲਈ ਅਤੇ ਪੁਲਿਸ ਕੋਲ ਆਉਣ ਵਾਲੇ ਹਰੇਕ ਫਰਿਆਦੀ ਨੂੰ ਇੰਨਸਾਫ ਦੇਣ ਲਈ ਮਹਿਕਮੇ ਅੰਦਰ ਹਰ ਇੱਕ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਕਰਨ ਦੇ ਸਖ਼ਤ ਹੁਕਮ ਦਿੱਤੇ ਸਨ।ਪਰ ਲਗਦਾ ਹੈ ਕਿ ਨਵੇਂ ਸਾਹਬ ਦੇ ਹੁਕਮ ਕੁੱਝ ਸਮੇਂ ਤੱਕ ਹੀ ਕੁੱਝ ਅਧਿਕਾਰੀਆਂ ਤੇ ਅਸਰਦਾਇਕ ਰਹੇ ਹਨ ਅਤੇ ਹੌਲੀ ਹੌਲੀ ਕੁੱਝ ਮੁਲਾਜ਼ਮ ਇਹਨਾ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਦਿਖਾਈ ਦਿੰਦੇ ਹਨ। ਇਸਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਬੀਤੇ ਕਰੀਬ 25 ਦਿਨ ਪਹਿਲਾਂ ਸਾਡੇ ਇਸ ਪੱਤਰਕਾਰ ਵੱਲੋਂ ਹਸਪਤਾਲ ਚੌਂਕੀ ਵਿਖੇ ਇੱਕ ਇਲੈਕਟਰੀਸ਼ਨ ਖਿਲਾਫ਼ ਦਿੱਤੀ ਦਰਖਾਸਤ ਤੇ ਕਾਰਵਾਈ ਕਰਨਾ ਤਾਂ ਦੂਰ ਬਲਕਿ ਇਥੋਂ ਦੇ ਮੁਲਾਜ਼ਮ ਮੁੱਦਈ ਦਾ ਫੋਨ ਚੁੱਕਣਾ ਵੀ ਜਰੂਰੀ ਨਹੀਂ ਸਮਝਦੇ। ਦੱਸਣਾ ਬਣਦਾ ਹੈ ਕਿ ਕਰੀਬ 3 ਮਹੀਨੇ ਪਹਿਲਾਂ ਉਕਤ ਪੱਤਰਕਾਰ ਦੇ ਹਾਜ਼ੀ ਰਤਨ ਸਥਿਤ ਘਰ ਤੋਂ ਇੱਕ ਦਰਸ਼ਨ ਸਿੰਘ ਨਾਮਕ ਇਲੈਕਟ੍ਰਿਸ਼ਨ ਬਿਜਲੀ ਦਾ ਸਮਾਨ ਰਿਪੇਅਰ ਕਰਨ ਲਈ ਲੈ ਗਿਆ ਅਤੇ ਨਿਰਧਾਰਿਤ ਕੀਤੀ ਲੇਬਰ ਵੀ ਲੈ ਗਿਆ। ਪਰ ਹੁਣ ਉਕਤ ਨਾ ਤਾਂ ਸਮਾਨ ਵਾਪਸ ਕਰ ਰਿਹਾ ਸੀ ਅਤੇ ਨਾ ਹੀ ਪਿਛਲੇ ਕਈ ਦਿਨਾਂ ਤੋਂ ਫੋਨ ਹੀ ਚੁੱਕ ਰਿਹਾ ਸੀ। ਜਿਸਤੋਂ ਖ਼ਦਸ਼ਾ ਲੱਗ ਰਿਹਾ ਹੈ ਕਿ ਉਕਤ ਨੇ ਜਾਂ ਤਾਂ ਸਮਾਨ ਕਿਤੇ ਖੁਰਦ ਬੁਰਦ ਕਰ ਦਿੱਤਾ ਹੈ ਜਾਂ ਉਹ ਵਾਪਿਸ ਕਰਨਾ ਨਹੀ ਚਾਹੁੰਦਾ। ਇਸ ਬਾਬਤ ਹਸਪਤਾਲ ਚੌਂਕੀ ਦੇ ਮੁਨਸ਼ੀ ਨੂੰ ਲਿਖਤ ਸ਼ਿਕਾਇਤ ਦਿੱਤੇ ਵੀ ਕਰੀਬ 25 ਦਿਨ ਬੀਤ ਚੁੱਕੇ ਹਨ। ਵਾਰ ਵਾਰ ਯਾਦ ਕਰਵਾਉਣ ਤੇ ਉਕਤ ਮੁਲਾਜ਼ਮ ਨੇ ਸਬੰਧਤ ਵਿਅਕਤੀ ਦਰਸ਼ਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਸ੍ਰੀਮਾਨ ਦਰਸ਼ਨ ਸਿੰਘ ਜੀ ਤੁਹਾਡੇ ਖਿਲਾਫ਼ ਇੱਕ ਦਰਖਾਸਤ ਆਈ ਹੈ ਕਿਰਪਾ ਕਰਕੇ ਆਕੇ ਇਹਨਾ ਦਾ ਸਮਾਨ ਵਾਪਿਸ ਕਰੋ। ਹੁਣ ਇਸਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਕਤ ਨੇ ਜਾਂ ਤਾਂ ਕੋਈ ਵੱਡੀ ਸਿਫਾਰਿਸ਼ ਕਰਵਾ ਦਿੱਤੀ ਹੈ ਜਾਂ ਕੋਈ ਵੀ ਹੋਰ ਕਾਰਨ ਹੋ ਸਕਦਾ ਹੈ। ਪਰ ਉਕਤ ਵੱਲੋਂ ਪੁਲਿਸ ਦੇ ਕੀਤੇ ਫੋਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਹੁਣ ਮੁੱਦਈ ਦੇ ਵਾਰ ਵਾਰ ਫੋਨ ਕਰਨ ਤੇ ਚੌਂਕੀ ਦੇ ਮੁਨਸ਼ੀ ਜੀ ਵੀ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਦੇ। ਇਸ ਬਾਰੇ ਜਦੋਂ ਚੌਂਕੀ ਇੰਚਾਰਜ ਨਾਲ ਉਹਨਾਂ ਦੇ ਸਰਕਾਰੀ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਰਵਈਆ ਵੀ ਪੂਰੀ ਤਰਾਂ ਗੈਰ ਜ਼ਿੰਮੇਵਾਰ ਲੱਗਿਆ। ਇਸ ਬਾਰੇ ਜਦੋਂ ਥਾਣਾ ਕੋਤਵਾਲੀ ਦੇ ਥਾਣਾ ਮੁਖੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਕੁੱਝ ਸਮੇਂ ਬਾਅਦ ਖੁਦ ਫੋਨ ਕਰਨ ਦਾ ਕਹਿ ਕੇ ਦੁਬਾਰਾ ਫੋਨ ਕਰਨਾ ਜਰੂਰੀ ਨਹੀਂ ਸਮਝਿਆ। ਹੁਣ ਇਸ ਸਾਰੇ ਵਰਤਾਰੇ ਤੋਂ ਇਹ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਪੁਲਿਸ ਮੀਡੀਆ ਦੀ ਗੱਲ ਨਹੀਂ ਸੁਣਦੀ ਉਹ ਆਮ ਪਬਲਿਕ ਨੂੰ ਕਿੰਨਾ ਕੁ ਇਨਸਾਫ ਦਿੰਦੀ ਹੋਵੇਗੀ।
Leave a Comment
Your email address will not be published. Required fields are marked with *