ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰਵਿੰਦ ਨਗਰ ਵਿਕਾਸ ਕਮੇਟੀ (ਰਜਿ:) ਕੋਟਕਪੂਰਾ ਵੱਲੋਂ ਸੰਤੋਖ ਸਿੰਘ ਚਾਨਾ ਪ੍ਰਧਾਨ ਦੀ ਅਗਵਾਈ ਹੇਠ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਗੈਰ ਮੌਜੂਦਗੀ ਵਿੱਚ ਇੱਕ ਮੰਗ ਪੱਤਰ ਉਹਨਾਂ ਦੇ ਪ੍ਰਤਿਨਿਧ ਨੂੰ ਦਿੱਤਾ ਗਿਆ। ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਹੈ ਕਿ ਮੰਗ ਪੱਤਰ ਵਿੱਚ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਅਰਵਿੰਦ ਨਗਰ ਕਾਲੋਨੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ। ਇਹਨਾਂ ਅਵਾਰਾ ਕੁੱਤਿਆਂ ਦੇ ਕਾਰਨ ਕਲੋਨੀ ਦੇ ਸਮੂਹ ਵਸਨੀਕਾਂ ਵਿੱਚ ਹਰ ਸਮੇਂ ਜਾਨ ਅਤੇ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ। ਇਹਨਾਂ ਅਵਾਰਾ ਕੁੱਤਿਆਂ ਦੇ ਕਾਰਨ ਕਈ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। ਮੰਗ ਪੱਤਰ ਵਿੱਚ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਅਵਾਰਾ ਕੁੱਤਿਆਂ ਕਾਰਨ ਹੋ ਰਹੇ ਨੁਕਸਾਨ ਸਬੰਧੀ ਬਹੁਤ ਸਖ਼ਤ ਹੁਕਮ ਪਾਸ ਕੀਤੇ ਗਏ ਹਨ, ਜਿਸ ਵਿੱਚ ਅਵਾਰਾ ਕੁੱਤਿਆਂ ਨੂੰ ਫੜ੍ਹਕੇ ਸੁਰੱਖਿਅਤ ਥਾਵਾਂ (ਡਾਗ ਸ਼ੈਲਟਰਾਂ) ਵਿੱਚ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਸੰਸਾਰ ਭਰ ’ਚ ਰੈਬੀਜ ਨਾਲ ਹੋਣ ਵਾਲੀਆਂ ਮੌਤਾਂ ’ਚੋਂ 36 ਫੀਸਦੀ ਮੌਤਾਂ ਭਾਰਤ ਵਿੱਚ ਹੀ ਹੁੰਦੀਆਂ ਹਨ, ਭਾਵ ਹਰ ਸਾਲ 18,000 ਤੋਂ 20,000 ਤੱਕ ਮੌਤਾਂ ਰੈਬੀਜ ਨਾਲ ਹੁੰਦੀਆਂ ਹਨ। ਇਸ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਵਸਨੀਕਾਂ ਦੇ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ। ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਵੱਲੋਂ ਮੌਕੇ ਤੇ ਹੀ ਅਧਿਕਾਰੀ ਨਾਲ ਫੋਨ ‘ਤੇ ਕੀਤੀ ਗੱਲਬਾਤ ਸਮੇਂ ਅਧਿਕਾਰੀ ਵੱਲੋਂ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਕਮੇਟੀ ਦੇ ਅਹੁਦੇਦਾਰ ਨਾਜ਼ਰ ਸਿੰਘ ਸਿੱਧੂ, ਅਜਮੇਰ ਸਿੰਘ ਬਰਾੜ, ਮਨਦੀਪ ਸਿੰਘ ਸਰਾਂ, ਲਖਵਿੰਦਰ ਅਰੋੜਾ, ਪ੍ਰੋਫੈਸਰ ਮਨਵਿੰਦਰ ਸਿੰਘ, ਅੰਗਰੇਜ ਸਿੰਘ ਮਾਨ ਅਤੇ ਬਲਜਿੰਦਰ ਸਿੰਘ ਬੱਲੀ ਆਦਿ ਵੀ ਹਾਜ਼ਰ ਸਨ।

