
ਫਰੀਦਕੋਟ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ ਐਜੁਕੇਸ਼ਨ ਇੱਕ ਅਜਿਹੀ ਮਾਣਮੱਤੀ ਅਤੇ ਅਗਾਂਹਵਧੂ ਸੰਸਥਾ ਹੈ, ਜਿਸ ਦੇ ਵਿਦਿਆਰਥੀ ਸਿਰਫ਼ ਅਕਾਦਮਿਕ ਵਿੱਚਹੀ ਨਹੀਂ ਬਲਕਿ ਹਰ ਖੇਤਰ ਦੇ ਚਮਕਦੇ ਸਿਤਾਰੇ ਹਨ। ਇਸ ਸੰਸਥਾ ਵਿੱਚ ਵਿਦਿਆਰਥੀਆਂ ਨੂੰੰ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੀ ਧਾਰਮਿਕ ਵਿੱਦਿਆ ਵੀ ਗ੍ਰਹਿਣ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਇੱਕ ਹੁਸ਼ਿਆਰ ਵਿਦਿਆਰਥੀ ਹੋਣ ਦਾ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਬਣ ਸਕਣ । ਇਸ ਕਰਕੇ ਇਸ ਸੰਸਥਾ ਦੇ ਵਿਦਿਆਰਥੀ ਗੁਰਬਾਣੀ ਮੁਕਾਬਲੇ ਜਾਂ ਗੁਰਮਤਿ ਮੁਕਾਬਲਿਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਬੀਤੇ ਦਿਨੀਂ ਗੁਰਦੁਆਰਾ ਦੋਦਾ ਤਾਲ, ਗੁਰੂ ਕੀ ਢਾਬ, ਜੈਤੋ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਦਸਤਾਰ ਸਜਾਉਣ ਦੇ ਮੁਕਾਬਲੇ, ਗੁਰਬਾਣੀ ਕੰਠ ਦੇ ਮੁਕਾਬਲੇ, ਸੁੰਦਰ ਲਿਖਾਈ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 20 ਸਕੂਲਾਂ ਦੇ 500 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਆਕਸਫੋਰਡਦੇ ਵਿਦਿਆਰਥੀ ਵੀ ਇਸ ਮੁਕਾਬਲੇ ਦਾ ਹਿੱਸਾ ਬਣੇ। ਇਸ ਸੰਸਥਾ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਜਸਰਾਜ ਸਿੰਘ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ 250 ਬੱਚਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਗੁਰਨੀਤ ਕੌਰ ਨੇ ਗੁਰਬਾਣੀ ਕੰਠ ਦੇ ਮੁਕਾਬਲੇ ਵਿੱਚ 60 ਬੱਚਿਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਸੰਸਥਾ ਦਾ ਮਾਣ ਵਧਾਇਆ ਹੈ। ਜਿਕਰਯੋਗ ਹੈ ਕਿ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀਂ (ਭੂਤਾਂ ਵਾਲਾ ਖੂਹ) ਭਗਤਾ ਵਿਖੇ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਅੰਮ੍ਰਿਤਪਾਨ ਸਮਾਗਮ ਵਿੱਚ ਕਰਨਵੀਰ ਸਿੰਘ, ਜਮਾਤ ਚੌਥੀ ਅਤੇ ਧੰਨਾ ਸਿੰਘ, ਜਮਾਤ ਸੱਤਵੀਂ ਦੇ ਵਿਦਿਆਰਥੀ ਅੰਮ੍ਰਿਤ ਪਾਨ ਕਰਕੇ ਸਿੰਘ ਸਜੇ ਹਨ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਜੀ ਨੇ ਪੁਜੀਸਨਾਂ ਪ੍ਰਾਪਤ ਕਰਨ ਅਤੇ ਅੰਮ੍ਰਿਤਪਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਗੁਰਬਾਣੀ ਦੀ ਅਧਿਆਪਿਕਾ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਗੁਰਬਾਣੀ ਵੱਲ ਮੋੜਨਾ ਇੱਕ ਖਾਸ ਅਤੇ ਵਿਸ਼ੇਸ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲੇਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਸਿੱਧ ਕੀਤਾ ਹੈ ਕਿ ਅੱਜ ਦਾ ਵਿਦਿਆਰਥੀ ਸਿਰਫ਼ ਕਿਤਾਬੀ ਕੀੜਾ ਬਣ ਕੇ ਹੀ ਨਹੀਂ ਰਹਿ ਗਿਆ ਜਾਂ ਉਹ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਹ ਗੁਰਮਤਿ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਇੱਕ ਸੁਚੱਜੇ ਜੀਵਨ ਦਾ ਧਾਰਨੀ ਵੀ ਬਣ ਸਕਦਾ ਹੈ। ਸਵੇਰ ਦੀ ਸਭਾ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।

