ਸਰੀ (ਕੈਨੇਡਾ) 12 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਵਨ, ਸਰੀ (ਕੈਨੇਡਾ) ਵਲੋਂ ਚਲਾਏ ਜਾ ਰਹੇ ਪ੍ਰਾਜੈਕਟ ਨਵੀਆਂ ਕਲਮਾਂ ਨਵੀ ਉਡਾਣ ਅਧੀਨ ਜ਼ਿਲ੍ਹਾ ਮੋਹਾਲੀ ਦੇ ਬਾਲ ਕਵੀਆਂ ਲਈ ਇਕ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਖਰੜ, ਮੋਹਾਲੀ, ਡੇਰਾਬੱਸੀ, ਬਨੂੜ, ਤਿਉੜ, ਸਕਰੂਲਾਂਪੁਰ ਅਤੇ ਕੁਰਾਲੀ ਖੇਤਰਾਂ ਤੋਂ ਚੌਦਾਂ ਬਾਲ ਕਵੀਆਂ ਨੇ ਭਾਗ ਲਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਾਜੈਕਟ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ। ਬਾਲ ਕਵੀਆਂ, ਜਿਨ੍ਹਾਂ ਵਿੱਚ ਗੁਰਦੀਪ, ਸੁਖਪ੍ਰੀਤ, ਸਿਮਰਨ, ਅਮਨਪ੍ਰੀਤ, ਕਿਰਨ, ਰਜਨੀਤ, ਕੋਮਲਪ੍ਰੀਤ, ਪ੍ਰੀਆ, ਮੀਰਾ, ਜਸਮੀਨ, ਹਰਨੂਰ, ਸਹਿਜੋਤ, ਰਣਸ਼ੇਰ ਸ਼ਾਮਲ ਸਨ, ਨੇ ਵਿਭਿੰਨ ਮੁੱਦਿਆਂ ਉੱਪਰ ਖੁਦ ਲਿਖੀਆਂ ਹੋਈਆਂ ਕਵਿਤਾਵਾਂ ਬਾਖੂਬੀ ਸੁਣਾਈਆਂ। ਜ਼ਿਲ੍ਹਾ ਮੋਹਾਲੀ ਦੀ ਟੀਮ ਵਲੋਂ ਗੁਤਿੰਦਰ ਕੌਰ, ਲਖਵੀਰ ਕੌਰ, ਹਰਪ੍ਰੀਤ ਸਿੰਘ ਧਰਮਗੜ੍ਹ, ਹਰਵਿੰਦਰ ਕੌਰ, ਰਾਜਵਿੰਦਰ ਕੌਰ, ਰਾਜਿੰਦਰ ਕੌਰ ਸ਼ਾਮਲ ਹੋਏ। ਪ੍ਰਾਜੈਕਟ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਨੇ ਇਸ ਪ੍ਰਾਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਸਾਰ ਦੇ ਚੌਦਾਂ ਮੁਲਕਾਂ ਵਿੱਚ ਸੱਠ ਹਜ਼ਾਰ ਤੋਂ ਜ਼ਿਆਦਾ ਬਾਲ ਲੇਖਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਜਗਦੀਪ ਕੌਰ, ਲੈਕਚਰਰ ਪੰਜਾਬੀ ਨੇ ਬੱਚਿਆਂ ਦੀ ਪੇਸ਼ਕਾਰੀ ਉੱਪਰ ਆਪਣੀ ਦਿਲੀ ਖੁਸ਼ੀ ਇਜ਼ਹਾਰ ਕੀਤੀ ਅਤੇ ਕਿਹਾ ਕਿ ਵਿਦਿਆਰਥੀ-ਜੀਵਨ ਤੋਂ ਹੀ ਜੇਕਰ ਅਸੀਂ ਮਾਂ-ਬੋਲੀ ਪੰਜਾਬੀ ਨਾਲ ਜੁੜਦੇ ਹਾਂ ਤਾਂ ਮਾਂ-ਬੋਲੀ ਦੇ ਲਈ ਇਹ ਬਹੁਤ ਵਧੀਆ ਹੋਵੇਗਾ। ਬੱਚਿਆਂ ਦੁਆਰਾ ਵਿਭਿੰਨ ਮੁੱਦਿਆਂ ਉੱਤੇ ਪੇਸ਼ ਕੀਤੀਆਂ ਰਚਨਾਵਾਂ ਲਈ ਉਹਨਾਂ ਨੇ ਸਭ ਨੂੰ ਵਧਾਈ ਦਿੱਤੀ।

