1.ਕੁੱਲ੍ਹੀ ਰਾਹ ਵਿੱਚ ਪਾਈ ਅਸਾਂ
ਤੇਰੇ,
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਮਹਿਲਾਂ ਵਾਲਿਆਂ ਦੇ ਯਾਰ ਤਾਂ
ਬਥੇਰੇ,
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
- ਸਾਡੀ ਕੁੱਲੀ ਵਿੱਚ ਭਾਵੇਂ ਲੂਣ
ਅਤੇ ਤੇਲ ਨਾ।
ਉੱਚੇ-ਉੱਚੇ ਮਹਿਲਾਂ ਨਾਲ ਭਾਵੇਂ
ਸਾਡਾ ਮੇਲ ਨਾ।
ਬੰਨ ਸਬਰਾਂ ਦੇ ਸਾਡੇ ਨੇ ਪਕੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਸਾਡੀ ਕੁੱਲੀ ਕਰੇ ਨਾ ਵੇ ਗੱਲ
ਤੇਰ-ਮੇਰ ਦੀ।
ਸਾਡੀ ਕੁੱਲੀ ਕਿਸੇ ਨੂੰ ਨਾ ਰਾਹਾਂ ਵਿੱਚ
ਘੇਰਦੀ।
ਹੁੰਦੇ ਸਾਡੇ ਨੇ ਪਹਾੜ ਜਿੱਡੇ ਜੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਅਸੀਂ ਨਾ ਵੇ ਪੈਲ਼ੀ ਪਿੱਛੇ ਸਕਾ
ਭਾਈ ਵੱਢੀਏ।
ਨਾ ਬੁੱਢੇ ਬਾਪੂ ਨੂੰ ਵੇ ਅਸੀਂ ਘਰੋਂ
ਕੱਢੀਏ।
ਸਾਡੇ ਮਾਵਾਂ ਵਾਂਗੂੰ ਸਬਰ ਬਥੇਰੇ –
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਸਾਡੀ ਕੁੱਲੀ ਧਰਮਾਂ ਦੇ ਨਾਂ ਉੱਤੇ
ਵੰਡੇ ਨਾ।
ਸਾਡੀ ਕੁੱਲੀ ਰਾਹਾਂ ‘ਚ ਖਿੰਡਾਉਂਦੀ
ਕਦੇ ਕੰਡੇ ਨਾ।
ਸਾਡੇ ਹੁੰਦੇ ਸਦਾ ਡਾਂਗ ਉੱਤੇ ਡੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਸਾਡੀ ਕੁੱਲੀ ਵਿੱਚ ਗੱਲ ਚੱਲੇ
ਹੱਕ-ਸੱਚ ਦੀ।
ਸਾਡੀ ਕੁੱਲੀ ਕਿਸੇ ਦੀ ਤਰੱਕੀ ‘ਤੇ ਨਾ
ਮੱਚਦੀ।
ਹੁੰਦੇ ਕੁੱਲੀ ਵਿੱਚ ਸੁੱਖਾਂ ਦੇ ਸਵੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਸਾਡੀ ਕੁੱਲੀ ਕੁੱਖਾਂ ਵਿੱਚ ਧੀਆਂ
ਕਦੇ ਮਾਰੇ ਨਾ।
ਸਾਡੀ ਕੁੱਲੀ ਰੰਗਾਂ ਵਾਲੇ ਪਾਉਂਦੀ
ਕਦੇ ਪਾੜੇ ਨਾ।
ਸਾਨੂੰ ਕੁੱਲੀਆਂ ਦੇ ਚੰਗੇ ਨੇ ਹਨੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….। - ਸਾਡੀ ਕੁੱਲੀ ਵਿੱਚ ‘ਦਾਨੀ’ ਸੁੱਖ
ਤੇ ਸਕੂਨ ਹੈ।
ਸਾਡੀ ਕੁੱਲੀ ਵਿੱਚ ਬਸ ਜੀਣ ਦਾ
ਜਨੂੰਨ ਹੈ।
ਸਾਡੇ ‘ਫੁੱਲੋ ਮਿੱਠੀ’ ਪਿੰਡ ਵਿੱਚ ਡੇਰੇ-
ਵੇ ਆਉਂਦਾ ਜਾਂਦਾ ਤੱਕਦਾ ਰਹੀਂ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ,
ਵੇ ਆਉਂਦਾ ਜਾਂਦਾ ਤੱਕਦਾ
ਰਹੀਂ…….।
ਧੰਨਵਾਦ ਸਹਿਤ-
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ।
ਸੇਵਾ ਮੁਕਤ ਸਹਾਇਕ ਥਾਣੇਦਾਰ,
94170-79316
88473-57895
