
ਲੁਧਿਆਣਾ, 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਭੋਜਨ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਬਾਰੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਸਨ। ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਸ਼੍ਰੀ ਸੁਖਜੀਤਪਾਲ ਸਿੰਘ ਨੇ ਕੀਤੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਹਲਕਾ ਇੰਚਾਰਜ ਦੀਨਾਨਗਰ ਸ੍ਰੀ ਸ਼ਮਸ਼ੇਰ ਸਿੰਘ, ਸ ਜਗਰੂਪ ਸਿੰਘ ਸੇਖਵਾਂ, ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨਾਂ ਵਜੋਂ ਹੋਰ ਪਤਵੰਤਿਆਂ ਨਾਲ ਮੰਚ ਉੱਪਰ ਮੌਜੂਦ ਰਹੇ।
ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੀ ਏ ਯੂ ਖੇਤੀ ਵਿਗਿਆਨ ਅਤੇ ਆਸਥਾ ਦਾ ਕੇਂਦਰ ਹੈ। ਇਸਨੇ ਪੰਜਾਬ ਸੂਬੇ ਦੀ ਖੇਤੀ ਨੂੰ ਅਗਾਂਹਵਧੂ ਲੀਹਾਂ ਉੱਪਰ ਤੋਰਨ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਦਾ ਖੇਤ ਅਸਲ ਪ੍ਰਯੋਗਸ਼ਾਲਾ ਹੁੰਦੀ ਹੈ ਜਿਸ ਵਿਚ ਖੇਤੀ ਖੋਜਾਂ ਦੀ ਕਸੌਟੀ ਵਾਂਗ ਪਰਖ ਹੁੰਦੀ ਹੈ। ਇਸ ਲਈ ਕਿਸਾਨ ਦਾ ਦਰਜਾ ਖੇਤੀ ਵਿਗਿਆਨੀ ਜਿੰਨਾ ਹੀ ਮਹੱਤਵ ਵਾਲਾ ਹੈ। ਮੌਜੂਦਾ ਖੇਤੀ ਵੰਗਾਰਾਂ ਦੀ ਗੱਲ ਕਰਦਿਆਂ ਸ਼੍ਰੀ ਕਟਾਰੂਚੱਕ ਨੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਨੂੰ ਮੁਕੰਮਲ ਦੱਸਿਆ ਅਤੇ ਇਸ ਬਾਰੇ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਭ ਸੰਕਟਾਂ ਦੇ ਸਮਾਧਾਨ ਲਈ ਕਿਸਾਨਾਂ ਤੇ ਵਿਗਿਆਨੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਇਸ ਸੰਬੰਧੀ ਸਰਕਾਰੀ ਕੋਸ਼ਿਸ਼ਾਂ ਦਾ ਉਲੇਖ ਕੀਤਾ। ਕੈਬਨਿਟ ਮੰਤਰੀ ਨੇ ਪਾਣੀ ਦੀ ਸੰਭਾਲ ਲਈ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਨੂੰ ਹੋਰ ਲਾਹੇਵੰਦ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਵਿੱਤਰ ਕਿੱਤੇ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਅਤੇ ਖਰਚੇ ਘੱਟ ਕਰਨ ਲਈ ਸਬਜ਼ੀਆਂ ਅਤੇ ਫਲਾਂ ਦੀ ਪਰਿਵਾਰਕ ਪੱਧਰ ਤੇ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਵਲੋਂ ਖੇਤੀ ਕਿਸਾਨੀ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਅੰਕਿਤ ਕੀਤਾ ਅਤੇ ਮੌਜੂਦਾ ਸਮੇਂ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਤੋਂ ਪਹਿਲਾਂ ਹਰ ਹਾਲ ਮਿੱਟੀ ਪਰਖ ਕਰਾਉਣ ਅਤੇ ਪਾਣੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਤਕਨੀਕਾਂ ਉੱਪਰ ਅਮਲ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰੇਰਕ ਸ਼ਬਦ ਆਖੇ।
ਪੀ ਏ ਯੂ ਦੇ ਵਾਈਸ ਚਾਂਸਲਰ ਸ਼੍ਰੀ ਸੁਖਜੀਤਪਾਲ ਸਿੰਘ ,ਆਈ ਏ ਐੱਸ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਮੇਲੇ ਦਾ ਮਕਸਦ ਕਿਸਾਨਾਂ ਅਤੇ ਮਾਹਿਰਾਂ ਦੇ ਵਿਚਾਰਾਂ ਦਾ ਸੰਚਾਰ ਤੇ ਸੰਵਾਦ ਹੈ। ਇਸ ਲਈ ਮੇਲੇ ਦਾ ਉਦੇਸ਼ ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ ਰੱਖਿਆ ਗਿਆ ਹੈ। ਨਾਲ ਹੀ ਕਿਸਾਨਾਂ ਦੇ ਤਜਰਬਿਆਂ ਤੋਂ ਮਾਹਿਰਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖੇਤੀ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਹੀ ਵਾਤਾਵਰਨ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਸਕੇਗਾ। ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਦਾ ਸੱਦਾ ਦੇਣ ਵੇਲੇ ਵਾਈਸ ਚਾਂਸਲਰ ਨੇ ਇਸਨੂੰ ਕੁਦਰਤ ਦੀ ਸਭ ਤੋਂ ਅਹਿਮ ਦਾਤ ਕਿਹਾ। ਨਾਲ ਹੀ ਉਨ੍ਹਾਂ ਨੇ ਕਿਸਮਾਂ ਦੀ ਚੋਣ, ਨਦੀਨਾਂ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਢੰਗ ਅਪਣਾਉਣ ਲਈ ਕਿਹਾ।
ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਦੌਰਾਨ ਪਰਾਲੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਮੱਸਿਆ ਦੀ ਥਾਂ ਇਕ ਸਰੋਤ ਬਣਾਇਆ ਜਾਵੇ। ਇਸ ਕਾਰਜ ਲਈ ਕਣਕ ਦੀ ਬਿਜਾਈ ਦੇ ਵਾਤਾਵਰਨ ਪੱਖੀ ਢੰਗ ਸਰਫ਼ੇਸ ਸੀਡਿੰਗ ਬਾਰੇ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਨੇ ਖੇਤੀ ਨੂੰ ਹੋਰ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਖੇਤੀ ਸਿਖਲਾਈ ਨਾਲ ਜੁੜਨ ਅਤੇ ਕਾਰੋਬਾਰ ਵੱਲ ਤੁਰਨ ਵਾਸਤੇ ਹੋਕਾ ਦਿੱਤਾ। ਉਨ੍ਹਾਂ ਅਗਲੇ ਦਿਨੀਂ ਅਨੁਕੂਲ ਮੌਸਮ ਲਈ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜ੍ਹੀ ਸੀਜ਼ਨ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 990 ਤੋਂ ਵਧੇਰੇ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ। ਇਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਉੱਪਰ ਕਾਸ਼ਤ ਲਈ ਹੋਈ ਹੈ। ਇਸਦਾ ਮੰਤਵ ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਪੱਖੋਂ ਵੱਧ ਮੁਨਾਫੇ ਲਈ ਬਿਹਤਰ ਕਿਸਮਾਂ ਉਪਲਬਧ ਕਰਾਉਣਾ ਹੈ। ਹਰ ਵਾਰ ਕਿਸਾਨ ਮੇਲਿਆਂ ਵਿਚ ਆਉਂਦੇ ਫਸਲੀ ਸੀਜ਼ਨ ਲਈ ਸਿਫਾਰਿਸ਼ਾਂ ਸਾਮ੍ਹਣੇ ਲਿਆਈਆਂ ਜਾਂਦੀਆਂ ਹਨ। ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 887 ਅਤੇ ਪੀ ਬੀ ਡਬਲਯੂ 927 ਦਾ ਜ਼ਿਕਰ ਕੀਤਾ । ਮਸਰਾਂ ਦੀ ਕਿਸਮ ਐੱਲ ਐੱਲ 1613, ਸਰ੍ਹੋਂ ਦੀ ਕਿਸਮ ਪੰਜਾਬ ਰਾਇਆ ਕਨੋਲਾ 7 ਅਤੇ ਪੰਜਾਬ ਰਾਇਆ 813, ਬਰਸੀਮ ਦੀ ਕਿਸਮ ਬੀ ਐੱਲ 45 ਆਦਿ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਡਾ. ਢੱਟ ਨੇ ਇਹ ਕਿਸਮਾਂ ਮਾਹਿਰਾਂ ਸਾਵੇਂ ਰੱਖੀਆਂ। ਇਸ ਦੇ ਨਾਲ ਹੀ ਉਹਨਾਂ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰ ਫਸਲੀ ਕਾਸ਼ਤ ਦੇ ਨਾਲ-ਨਾਲ ਅਚਾਰ ਬਨਾਉਣ ਲਈ ਲੈਕਟਿਕ ਐਸਿਡ ਬੈਕਟੀਰੀਆ ਜਾਗ ਦਾ ਜ਼ਿਕਰ ਵੀ ਕੀਤਾ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਕਿਸਾਨ ਮੇਲੇ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਦਾ ਉਦੇਸ਼ ਵਿਗਿਆਨਕ ਖੇਤੀ ਵਿਧੀਆਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ। ਪੀ ਏ ਯੂ ਵਲੋਂ ਕੀਤੀ ਗਈ ਖੋਜ ਨੂੰ ਕਿਸਾਨਾਂ ਤਕ ਪੁਚਾਉਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਹ ਮੇਲੇ ਕਿਸਾਨਾਂ ਦਾ ਭਰਪੂਰ ਇਕੱਠ ਖਿੱਚਦੇ ਹਨ। ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਯੂਨੀਵਰਸਿਟੀ ਦੀਆਂ ਸਿਖਲਾਈ ਸਹੂਲਤਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਹੋਰ ਕਿਸਾਨਾਂ ਨੂੰ ਇਸ ਉਪਰਾਲੇ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਗੁਰਦਾਸਪੁਰ ਵਿਖੇ ਪੀ ਏ ਯੂ ਵਲੋਂ ਪ੍ਰਦਾਨ ਕੀਤੀ ਜਾ ਰਹੀ ਖੇਤੀ ਵਿੱਦਿਆ ਦਾ ਜ਼ਿਕਰ ਕੀਤਾ ਅਤੇ ਇਸਦਾ ਲਾਹਾ ਲੈਣ ਲਈ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ।
ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।
ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਹਰਪਾਲ ਸਿੰਘ ਰੰਧਾਵਾ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ। ਮੇਲੇ ਦੌਰਾਨ ਜਿਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਸ ਬਲਬੀਰ ਸਿੰਘ ਪਿੰਡ ਖਲਾਹ ਨੂੰ ਫ਼ਸਲੀ ਭਿੰਨਤਾ ਲਈ, ਸ ਹਰਜਿੰਦਰ ਸਿੰਘ ਪਿੰਡ ਭੋਪਰ ਸੈਂਦਾ ਨੂੰ ਡੇਅਰੀ ਫਾਰਮਿੰਗ ਲਈ, ਸ ਮਨਜੀਤ ਸਿੰਘ ਪਿੰਡ ਪੂਰੋਵਾਲ ਜੱਟਾਂ ਨੂੰ ਜੈਵਿਕ ਸਬਜ਼ੀਆਂ ਦੀ ਕਾਸ਼ਤ ਲਈ, ਸ਼੍ਰੀ ਸਿਧਾਰਥ ਦਾਦਵਾਲ ਨੂੰ ਬਾਗਬਾਨੀ ਲਈ, ਸ ਗੁਰਜਿੰਦਰ ਸਿੰਘ ਪਿੰਡ ਸ਼ੇਖੂਪੁਰ ਨੂੰ ਫ਼ਸਲੀ ਉਤਪਾਦਨ ਦੇ ਮੁੱਲ ਵਾਧੇ ਲਈ ਅਤੇ ਸ ਤਰਸੇਮ ਸਿੰਘ ਪਿੰਡ ਦੂਲਾਨੰਗਲ ਨੂੰ ਪਰਾਲੀ ਸੰਭਾਲ ਲਈ ਕਰਨ ਵਾਲੇ ਕਿਸਾਨ ਪ੍ਰਮੁੱਖ ਹਨ।
ਨਾਲ ਹੀ ਪੀ ਏ ਯੂ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਸ ਸਰਬਜੀਤ ਸਿੰਘ ਨੂੰ ਉਨ੍ਹਾਂ ਵਲੋਂ ਪਾਏ ਭਰਪੂਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਪੀ ਏ ਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਮੌਜੂਦਾ ਖੇਤੀ ਮਸਲਿਆਂ ਅਤੇ ਆਉਂਦੀ ਫ਼ਸਲ ਬਾਰੇ ਅਗਾਊਂ ਜਾਗਰੂਕਤਾ ਦਾ ਵਡਮੁੱਲਾ ਕਾਰਜ ਅੰਜਾਮ ਦਿੱਤਾ।
ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ । ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।

