ਪੀ.ਏ.ਯੂ ਪੰਜਾਬ ਦੇ ਕਿਸਾਨਾਂ ਦੀ ਸਿਰਮੌਰ ਸੰਸਥਾ: ਸ. ਗੁਰਦਿੱਤ ਸਿੰਘ ਸੇਖੋਂ

ਲੁਧਿਆਣਾ 23 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਮਹੀਨੇ ਦੌਰਾਨ ਪੀ.ਏ.ਯੂ. ਵਲੋਂ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਤਹਿਤ ਅੱਜ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਸ. ਗੁਰਦਿੱਤ ਸਿੰਘ ਸੇਖੋਂ, ਐਮ. ਐੱਲ. ਏ. ਫਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ ਆਈ.ਏ.ਐਸ. ਨੇ ਕੀਤੀ।ਇਸ ਮੌਕੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਮਾਤਾ ਸਰਦਾਰਨੀ ਹਰਪਾਲ ਕੌਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼੍ਰੀ ਰਾਹੁਲ ਚਾਬਾ, ਆਈ. ਏ. ਐਸ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਇੰਜ. ਅਮਰਜੀਤ ਸਿੰਘ ਢਿੱਲੋਂ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ, ਯੂਨੀਵਰਸਿਟੀ ਉੱਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਵੀ ਮੰਚ ‘ਤੇ ਮੌਜੂਦ ਸਨ।
ਮੁੱਖ ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਐਮ. ਐੱਲ. ਏ. ਫ਼ਰੀਦਕੋਟ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸੁਧਾਰਾਂ ਲਈ ਪੀ.ਏ.ਯੂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਸੰਬੰਧਿਤ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਏ.ਯੂ ਤੋਂ ਸਿਖਲਾਈ ਹਾਸਲ ਕਰਕੇ ਖੇਤੀ ਅਤੇ ਖੇਤੀ ਸੰਬੰਧਿਤ ਵਪਾਰਕ ਖੇਤਰ ਨਾਲ ਜੁੜਨ। ਸ. ਸੇਖੋਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪੀ.ਏ.ਯੂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਹੀ ਰੱਖਣ ਦਾ ਅਹਿਦ ਕਰਨ। ਉਨ੍ਹਾਂ ਕਿਹਾ ਕਿ ਪੀ.ਏ.ਯੂ ਪੰਜਾਬ ਦੇ ਕਿਸਾਨਾਂ ਦੀ ਸਿਰਮੌਰ ਸੰਸਥਾ ਹੈ। ਪੀ.ਏ.ਯੂ ਕਿਸਾਨ ਦੇ ਖੇਤਾਂ ਤੱਕ ਆ ਕੇ ਨਵੀਆਂ ਖੋਜਾਂ ਅਤੇ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ।
ਪੀ.ਏ.ਯੂ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ ਆਈ.ਏ.ਐਸ. ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਪੀ.ਏ.ਯੂ ਨਵੀਆਂ ਖੋਜਾਂ ਕਰਕੇ ਖੇਤੀ ਸੁਧਾਰਾਂ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ ਦੇ ਵਿਗਿਆਨੀਆਂ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਵੱਲੋਂ ਕੀਤੀ ਹਰ ਨਵੀਂ ਖੋਜ ਕਿਸਾਨ ਦੇ ਖੇਤ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਵਿਗਿਆਨੀ ਹਰ ਫਸਲ ਦੇ ਝਾੜ ਅਤੇ ਗੁਣਵੱਤਾ ਵਿੱਚ ਵਾਧਾ ਕਰਨ ਲਈ ਨਵੀਆਂ ਕਿਸਮਾਂ ਈਜਾਦ ਕਰ ਰਹੇ ਹਨ ਅਤੇ ਪੁਰਾਣੀਆਂ ਕਿਸਮਾਂ ਵਿੱਚ ਸੁਧਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿਸਾਨ ਮੇਲੇ ਸਿਰਫ ਬੀਜ ਖਰੀਦਣ ਤੱਕ ਹੀ ਸੀਮਤ ਨਹੀਂ ਰਹਿਣੇ ਚਾਹੀਦੇ ਸਗੋਂ ਇਹ ਮੇਲੇ ਵਿਚਾਰ-ਵਟਾਂਦਰੇ ਦਾ ਕੇਂਦਰ ਬਣਨੇ ਚਾਹੀਦੇ ਹਨ। ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ ਆਈ.ਏ.ਐਸ. ਨੇ ਕਿਹਾ ਕਿ ਕਿਸਾਨਾਂ ਦੀ ਹਰ ਖੇਤੀ ਸਮੱਸਿਆ ਦਾ ਹੱਲ ਕਰਨ ਲਈ ਮੇਲੇ ਵਿੱਚ ਵਿਗਿਆਨੀ ਹਾਜਰ ਹਨ। ਕਿਸਾਨਾਂ ਨੂੰ ਆਪਣੀਆਂ ਖੇਤੀ ਸਮੱਸਿਆਵਾਂ ਵਿਗਿਆਨੀਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਖੇਤੀ ਖੋਜਾਂ ਵਿੱਚ ਹੋਰ ਸੁਧਾਰ ਹੋ ਸਕੇ। ਪਰਾਲੀ ਦੀ ਸਮੱਸਿਆ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਇੱਕ ਸਮੱਸਿਆ ਵਜੋਂ ਦੇਖਣ ਦੀ ਬਜਾਏ ਇੱਕ ਸਰੋਤ ਵਜੋਂ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸਾਨ ਨੂੰ ਫਸਲ ਪੈਦਾ ਕਰਨ ਦੇ ਨਾਲ-ਨਾਲ ਮੰਡੀਕਰਨ ਉਪਰ ਵੀ ਧਿਆਨ ਦੇਣਾ ਸਮੇਂ ਦੀ ਲੋੜ ਹੈ।
ਪੀ.ਏ.ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਇੰਜ. ਅਮਰਜੀਤ ਸਿੰਘ ਢਿੱਲੋਂ ਨੇ ਹਾਜ਼ਰ ਕਿਸਾਨਾਂ ਨਾਲ ਆਪਣੇ ਖੇਤੀ ਤਜਰਬੇ ਸਾਂਝੇ ਕੀਤੇ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਵਿਗਿਆਨਕ ਖੇਤੀ ਵਿੱਚ ਪੀ.ਏ.ਯੂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਬੋਰਡ ਦੇ ਮੈਂਬਰ ਵਜੋਂ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਤੱਕ ਪਹੁੰਚਾਉਣ ਅਤੇ ਯੂਨੀਵਰਸਿਟੀ ਦਾ ਸੁਨੇਹਾ ਕਿਸਾਨਾਂ ਤੱਕ ਲੈ ਕੇ ਜਾਣ ਲਈ ਯਤਨਸ਼ੀਲ ਹਨ। ਇੰਜ. ਢਿੱਲੋਂ ਨੇ ਫਿਕਰਮੰਦੀ ਜਾਹਰ ਕੀਤੀ ਕਿ ਪੰਜਾਬ ਦਾ ਕਿਸਾਨ ਖੇਤੀ ਸਾਹਿਤ ਨਾਲੋਂ ਟੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਵਿਗਿਆਨਕ ਬਣਾਉਣ ਲਈ ਕਿਸਾਨ ਦਾ ਖੇਤੀ ਸਾਹਿਤ ਸਾਹਿਤ ਨਾਲ ਜੁੜਨਾ ਜਰੂਰੀ ਹੈ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਯੂਨੀਵਰਸਿਟੀ ਵੱਲੋਂ ਜਾਰੀ ਖੇਤੀ ਸਿਫ਼ਾਰਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀ ਪੈਦਾਵਾਰ ਵਿੱਚ ਨਿਰੰਤਰ ਹੋ ਰਿਹਾ ਵਾਧਾ ਵਿਗਿਆਨੀਆਂ ਦੀ ਖੋਜ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰੀ ਨੀਤੀਆਂ ਦੇ ਆਪਸੀ ਤਾਲਮੇਲ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਵਧਾਉਣ ਦੇ ਨਾਲ-ਨਾਲ ਫ਼ਸਲਾਂ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਵੀ ਸਮੇਂ ਦੀ ਅਹਿਮ ਲੋੜ ਹੈ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਵੱਲੋਂ ਮਿਲ ਕੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਂਝੇ ਉਪਰਾਲਿਆਂ ਨੇ ਦੇਸ਼ ਦੀ ਖੇਤੀਬਾੜੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਸੰਦਰਭ ਵਿੱਚ ਪੀ.ਏ.ਯੂ. ਵੱਲੋਂ ਖੇਤੀ ਖੋਜ ਅਤੇ ਕਿਸਾਨਾਂ ਨੂੰ ਵਿਗਿਆਨਕ ਸੇਧ ਦੇਣ ਵਿੱਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੁਣ ਤਕ 994 ਕਿਸਮਾਂ ਤਿਆਰ ਕਰਕੇ ਕਾਸ਼ਤ ਲਈ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 250 ਤੋਂ ਵਧੇਰੇ ਕਿਸਮਾਂ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਪਿਛਲੇ ਛੇ ਮਹੀਨਿਆਂ ਦੌਰਾਨ ਤਿਆਰ ਕੀਤੀਆਂ ਨਵੀਂਆਂ ਸਿਫਾਰਸ਼ੀ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਉਪਾਆਂ ਅਤੇ ਹੋਰ ਖੇਤੀ ਸਿਫਾਰਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਕਣਕ ਦੀਆਂ ਪੀ.ਬੀ.ਡਬਲਯੂ. 887 ਅਤੇ ਪੀ.ਬੀ.ਡਬਲਯੂ. 927, ਮਸਰ ਦੀ ਐੱਲ.ਐੱਲ. 1613, ਸਰ੍ਹੋਂ ਦੀਆਂ ਪੰਜਾਬ ਰਾਇਆ ਕਨੋਲਾ-7 ਅਤੇ ਪੰਜਾਬ ਰਾਇਆ 813, ਹਾੜ੍ ਬਰਸੀਮ ਦੀ ਬੀ.ਐੱਲ. 45, ਮਟਰ ਦੀ ਅਗੇਤਾ 8, ਆਲੂ, ਪਿਆਜ਼ ਅਤੇ ਲਸਣ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਦੀ ਪੰਜਾਬ ਅੰਮ੍ਰਿਤ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹਨਾਂ ਕਿਸਮਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨ੍ਹਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਉਤਪਾਦਨ ਤਕਨੀਕਾਂ ਵਿੱਚ ਫੋਨ ਨਾਲ ਸਿੰਚਾਈ ਸੈਂਸਰ ਜੋੜਨ, ਮੂੰਗੀ ਵਿੱਚ ਨੀਲੇ ਚਿਪਕਵੇਂ ਕਾਰਡਾਂ ਦੀ ਵਰਤੋਂ, ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰਫ਼ਸਲੀ ਕਾਸ਼ਤ, ਅਤੇ ਪਸ਼ੂਆਂ ਲਈ ਫ਼ਸਲੀ ਅਚਾਰ ਬਣਾਉਣ ਵਾਸਤੇ ਲੈਕਟਿਕ ਐਸਿਡ ਬੈਕਟੀਰੀਆ ਜਾਗ ਦੀ ਤਕਨਾਲੋਜੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਦੀ ਅਪੀਲ ਕੀਤੀ ਅਤੇ ਪਰਾਲੀ ਦੀ ਸੰਭਾਲ ਹਰ ਹਾਲਤ ਵਿੱਚ ਖੇਤ ਵਿੱਚ ਹੀ ਕਰਨ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਤਹਿਤ ਇਹ ਪੰਜਵਾਂ ਮੇਲਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇਨ੍ਹਾਂ ਮੇਲਿਆਂ ਵਿੱਚ ਕਿਸਾਨਾਂ ਦੀ ਵਧ ਰਹੀ ਸ਼ਮੂਲੀਅਤ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਿਸਾਨਾਂ ਦਾ ਪੀ.ਏ.ਯੂ. ਦੀਆਂ ਖੇਤੀ ਖੋਜਾਂ ਅਤੇ ਸਿਫ਼ਾਰਸ਼ਾਂ ਪ੍ਰਤੀ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ।
ਡਾ. ਭੁੱਲਰ ਨੇ ਕਿਹਾ ਕਿ ਕਿਸਾਨ ਮੇਲਿਆਂ ਦਾ ਉਦੇਸ਼ ਯੂਨੀਵਰਸਿਟੀ ਵਿੱਚ ਹੋ ਰਹੀਆਂ ਖੇਤੀ ਖੋਜਾਂ ਅਤੇ ਵਿਕਸਤ ਕੀਤੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਉਤਪਾਦਨ ਦੀ ਲਾਗਤ ਘਟਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦੇ ਕੇ ਖੇਤੀ ਨੂੰ ਵਧੇਰੇ ਆਰਥਿਕ ਤੌਰ ’ਤੇ ਲਾਹੇਵੰਦ ਬਣਾਉਣ ਲਈ ਉਤਸ਼ਾਹਿਤ ਕਰਨਾ ਵੀ ਇਨ੍ਹਾਂ ਮੇਲਿਆਂ ਦਾ ਅਹਿਮ ਮਕਸਦ ਹੈ। ਉਨ੍ਹਾਂ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਵੱਲੋਂ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਮੇਲੇ ਖੇਤੀਬਾੜੀ ਨੂੰ ਵਿਗਿਆਨਕ ਲੀਹਾਂ ’ਤੇ ਅੱਗੇ ਵਧਾਉਣ ਅਤੇ ਨਵੀਆਂ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਮੰਚ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੇਲਿਆਂ ਦੌਰਾਨ ਖੇਤੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਲਗਾਤਾਰ ਸੰਪਰਕ ਵਿੱਚ ਰਹਿਣ, ਤਾਂ ਜੋ ਉਨ੍ਹਾਂ ਨੂੰ ਆਪਣੀਆਂ ਖੇਤੀ ਸਮੱਸਿਆਵਾਂ ਦੇ ਵਿਗਿਆਨਕ ਹੱਲ ਮਿਲ ਸਕਣ ਅਤੇ ਖੇਤੀ ਨੂੰ ਹੋਰ ਮੁਨਾਫ਼ੇ ਵਾਲਾ ਬਣਾਇਆ ਜਾ ਸਕੇ।
ਸਮਾਗਮ ਦੀ ਕਾਰਵਾਈ ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ., ਡਾ. ਤੇਜਿੰਦਰ ਸਿੰਘ ਰਿਆੜ ਨੇ ਚਲਾਈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਬਦਲਦੇ ਦੌਰ ਨਾਲ ਕਦਮ ਮਿਲਾ ਕੇ ਚੱਲਣ ਅਤੇ ਖੇਤੀ ਨਾਲ ਸੰਬੰਧਿਤ ਭਰੋਸੇਯੋਗ ਤੇ ਵਿਗਿਆਨਕ ਜਾਣਕਾਰੀ ਹਾਸਲ ਕਰਨ ਲਈ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਦੇ ਹਫ਼ਤਾਵਾਰੀ ਅਖ਼ਬਾਰ ‘ਖੇਤੀ ਸੰਦੇਸ਼’ ਤੋਂ ਇਲਾਵਾ ਪੀ.ਏ.ਯੂ. ਦੇ ਫੇਸਬੁੱਕ ਲਾਈਵ ਪ੍ਰੋਗਰਾਮਾਂ, ਵਟਸਐਪ ਗਰੁੱਪਾਂ ਅਤੇ ਯੂ-ਟਿਊਬ ਚੈਨਲ ਰਾਹੀਂ ਵੀ ਖੇਤੀ ਮਾਹਿਰਾਂ ਦੀ ਸੇਧ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਡਾ. ਰਿਆੜ ਨੇ ਕਿਸਾਨਾਂ ਨੂੰ ਡਿਜੀਟਲ ਸੰਚਾਰ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਦਿਆਂ ਵਿਗਿਆਨਕ ਖੇਤੀ ਨੂੰ ਅਪਣਾਉਣ ਅਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਕਨਾਲੋਜੀ ਨਾਲ ਜੁੜਨ ਦਾ ਸੱਦਾ ਦਿੱਤਾ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਹੇ। ਪੀ. ਏ. ਯੂ. ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਤਕਨੀਕੀ ਸ਼ੈਸ਼ਨ ਵਿੱਚ ਕਿਸਾਨਾਂ ਨਾਲ ਸਵਾਲ ਜਵਾਬ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ।
ਮੇਲੇ ਵਿੱਚ ਸਵੈ-ਸੇਵੀ ਸੰਸਥਾਵਾਂ, ਕਿਸਾਨ ਉਤਪਾਦਕ ਸੰਗਠਨਾਂ ਅਤੇ ਨਿੱਜੀ ਅਦਾਰਿਆਂ ਦੇ ਨਾਲ-ਨਾਲ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਟਾਲ ਲਗਾ ਕੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਉਤਪਾਦਾਂ, ਸੇਵਾਵਾਂ ਅਤੇ ਤਕਨੀਕੀ ਜਾਣਕਾਰੀ ਨਾਲ ਜਾਣੂ ਕਰਵਾਇਆ ਗਿਆ।
ਮੇਲੇ ਵਿੱਚ ਪਹੁੰਚੇ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜਾਂ, ਫ਼ਲਦਾਰ ਬੂਟਿਆਂ ਅਤੇ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਖਰੀਦ ਵਿੱਚ ਵਿਸ਼ੇਸ਼ ਰੁਚੀ ਵਿਖਾਈ। ਇਸ ਦੌਰਾਨ ਹਾੜ੍ਹੀ ਦੀਆਂ ਫ਼ਸਲਾਂ ਨਾਲ ਸਬੰਧਤ ਪੀ.ਏ.ਯੂ. ਦਾ ਨਵਾਂ ਖੇਤੀ ਸਾਹਿਤ ਵੀ ਪ੍ਰਧਾਨਗੀ ਮੰਡਲ ਵੱਲੋਂ ਜਾਰੀ ਕੀਤਾ ਗਿਆ।

