ਲੁਧਿਆਣਾ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਨੇ ਵੱਖ-ਵੱਖ ਕੋਰਸਾਂ ਵਿਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਕਾਲਜ ਤੋਂ ਜਾਣੂੰ ਕਰਵਾਉਣ ਲਈ 15 ਰੋਜ਼ਾ ਓਰੀਐਂਟਸ਼ਨ ਪ੍ਰੋਗਰਾਮ ਦੀਕਸ਼ਾਰੰਭ ਦੇ ਨਾਂ ਹੇਠ ਕਰਵਾਇਆ| ਇਸ ਵਿਚ ਬੀ ਐੱਸ ਸੀ ਆਨਰਜ਼ (ਖੇਤੀਬਾੜੀ), ਬੀ ਟੈੱਕ ਬਾਇਓਤਕਨਾਲੋਜੀ ਅਤੇ ਬੀ ਟੈੱਕ ਭੋਜਨ ਤਕਨਾਲੋਜੀ ਦੇ ਵਿਦਿਆਰਥੀ ਸ਼ਾਮਿਲ ਹੋਏ|
ਸਮਾਪਨ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਹਾਨ ਪ੍ਰੰਪਰਾਵਾਂ ਤੋਂ ਜਾਣੂੰ ਕਰਵਾਇਆ| ਉਹਨਾਂ ਨੇ ਕਿਹਾ ਕਿ ਇਸ ਕਾਲਜ ਨੇ ਪੀ.ਏ.ਯੂ. ਦੇ ਮੁੱਢਲੇ ਸੰਸਥਾਨ ਦੇ ਰੂਪ ਵਿਚ ਅਕਾਦਮਿਕ, ਖੋਜ ਅਤੇ ਪਸਾਰ ਦੇ ਪੱਖ ਤੋਂ ਵੱਡੇ ਨਾਂਅ ਖੇਤੀਬਾੜੀ ਵਿਗਿਆਨ ਜਗਤ ਨੂੰ ਦਿੱਤੇ ਹਨ| ਨਾਲ ਹੀ ਇਸ ਕਾਲਜ ਦਾ ਨਾਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਧਰੂ ਤਾਰੇ ਵਾਂਗ ਚਮਕਦਾ ਹੈ| ਡਾ. ਔਲਖ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਸ ਨਾਮਣੇ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੈ| ਅਨੁਸ਼ਾਸਨ, ਮਿਹਨਤ ਅਤੇ ਲਗਨ ਨਾਲ ਇਹ ਕਾਰਜ ਅੱਗੇ ਤੋਰਨ ਲਈ ਉਹਨਾਂ ਨੇ ਵਿਦਿਆਰਥੀਆਂ ਨੂੰ ਅਸੀਸ ਦਿੱਤੀ|
ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਬਹੁਤ ਸਾਰੇ ਮਨ ਦੇ ਭਾਵ ਵਿਅਕਤ ਕੀਤੇ| ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ| ਸਮਾਗਮ ਦੌਰਾਨ ਡਾ. ਕੇ ਐੱਸ ਸਾਂਘਾ, ਡਾ. ਜੀ ਕੇ ਗਿੱਲ, ਡਾ. ਅਮਨ ਮਿੱਤਲ, ਡਾ. ਕਮਲਜੀਤ ਕੌਰ ਅਤੇ ਡਾ. ਪੰਕਜ ਕੁਮਾਰ ਜਮਾਤ ਇੰਚਾਰਜਾਂ ਵਜੋਂ ਮੌਜੂਦ ਸਨ|

