ਕਿਸਾਨਾਂ ਦੀ ਸੇਵਾ ਲਈ ਪੀ.ਏ.ਯੂ. ਦਾ ਯੋਗਦਾਨ ਇਤਿਹਾਸਕ: ਸ. ਹਰਚੰਦ ਸਿੰਘ ਬਰਸਟ

ਲੁਧਿਆਣਾ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਚ ਸੜਕਾਂ ਨੂੰ ਚੌੜੇ ਕਰਨ, ਲਾਇਬ੍ਰੇਰੀ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਨੇਪਰੇ ਚੜਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ| ਇਸਦੇ ਨਾਲ ਹੀ ਹੋਸਟਲਾਂ ਦੇ ਆਸਪਾਸ ਫਲਦਾਰ ਬੂਟੇ ਵੀ ਲਾਏ ਗਏ| ਇਸ ਮੁਹਿੰਮ ਦਾ ਉਦੇਸ਼ ਨਵੇਂ ਅਤੇ ਵਿਕਸਿਤ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਦੀ ਸੇਵਾ ਲਈ ਅਰਪਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਸਵੱਛ ਅਤੇ ਹਰਿਆਲੇ ਵਾਤਾਵਰਨ ਲਈ ਉਤਸ਼ਾਹਿਤ ਕਰਕੇ ਪੀ.ਏ.ਯੂ. ਦੀ ਕਲੀਨ, ਗਰੀਨ ਕੈਂਪਸ ਮੁਹਿੰਮ ਨੂੰ ਹੁਲਾਰਾ ਦੇਣਾ ਵੀ ਸੀ|
ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਸ. ਹਰਚੰਦ ਸਿੰਘ ਬਰਸਟ ਨੇ ਪੀ.ਏ.ਯੂ. ਵੱਲੋਂ ਖੇਤੀ ਦੀ ਤਰੱਕੀ ਲਈ ਪਾਏ ਯੋਗਦਾਨ ਨੂੰ ਇਤਿਹਾਸਕ ਮਹੱਤਵ ਵਾਲਾ ਕਿਹਾ| ਉਹਨਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਦੀ ਆਰਥਿਕ, ਸਮਾਜਿਕ ਉੱਨਤੀ ਲਈ ਪੀ.ਏ.ਯੂ. ਨੇ ਅਟੱੁਟ ਜੱਦੋਜਹਿਦ ਕੀਤੀ ਹੈ| ਸ. ਬਰਸਟ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਲਈ ਪੰਜਾਬ ਮੰਡੀ ਬੋਰਡ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਗਿਆਨ ਦਾ ਅਤੇ ਸੜਕਾਂ ਯੂਨੀਵਰਸਿਟੀ ਤੱਕ ਪੁੱਜਣ ਦਾ ਮਾਰਗ ਹਨ| ਪੰਜਾਬ ਮੰਡੀ ਬੋਰਡ ਨੇ ਇਹਨਾਂ ਮਾਰਗਾਂ ਨੂੰ ਮਜ਼ਬੂਤ ਕਰਨ ਲਈ ਹਿੱਸਾ ਪਾ ਕੇ ਇਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ| ਉਹਨਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਖੇਤੀ ਪੋਸ਼ਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨਵੇਂ ਯੁੱਗ ਦਾ ਆਰੰਭ ਕਿਹਾ ਅਤੇ ਇਸਦਾ ਸਿਹਰਾ ਵਾਈਸ ਚਾਂਸਲਰ ਡਾ. ਗੋਸਲ ਦੀ ਅਗਵਾਈ ਸਿਰ ਬੰਨਿਆ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਿਚ ਚਲ ਰਹੇ ਵਿਕਾਸ ਕਾਰਜਾਂ ਅਤੇ ਸੜਕਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਪੰਜਾਬ ਮੰਡੀ ਬੋਰਡ ਅਤੇ ਸ. ਬਰਸਟ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਹਰਿਆਲੀ ਮਨੁੱਖੀ ਸਮਾਜ ਦਾ ਸਭ ਤੋਂ ਵਿਸ਼ੇਸ਼ ਗੁਣ ਹੈ| ਉਹਨਾਂ ਕਿਹਾ ਕਿ ਜਿਨ੍ਹਾਂ ਦਰੱਖਤਾਂ ਦੇ ਫਲ ਅਸੀਂ ਖਾਂਦੇ ਹਾਂ ਉਹ ਅਨਜਾਨ ਲੋਕਾਂ ਵੱਲੋਂ ਬੀਜੇ ਗਏ ਸਨ| ਇਸੇ ਲਈ ਸਾਨੂੰ ਵੀ ਆਉਣ ਵਾਲੀਆਂ ਨਸਲਾਂ ਲਈ ਫਲਦਾਰ ਬੂਟਿਆਂ ਨੂੰ ਧਰਤੀ ਮਾਂ ਦੀ ਗੋਦ ਵਿਚ ਸੌਂਪਣ ਦਾ ਕਾਰਜ ਕਰਨਾ ਚਾਹੀਦਾ ਹੈ| ਡਾ. ਗੋਸਲ ਨੇ ਦੱਸਿਆ ਕਿ ਇਹ ਬੂਟੇ ਫਲ ਅਤੇ ਹਰਿਆਲੀ ਦਾ ਸੁਮੇਲ ਬਣਨਗੇ ਅਤੇ ਲੁਧਿਆਣੇ ਵਰਗੇ ਸ਼ਹਿਰ ਵਿਚ ਪੀ.ਏ.ਯੂ. ਹਰਿਆਲੇ ਨਖਲਿਸਤਾਨ ਵਾਂਗ ਆਪਣੀ ਸਾਖ ਮਜ਼ਬੂਤ ਕਰੇਗੀ|
ਇਸ ਮੌਕੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਅਤੇ ਦਇਆਨੰਦ ਮੈਡੀਕਲ ਕਾਲਜ/ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵਮੋਹਨ ਨੇ ਵੀ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹੋਰ ਰੁੱਖ ਲਾਉਣ ਲਈ ਉਤਸ਼ਾਹਿਤ ਕੀਤਾ|
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਇਸ ਵੱਡਮੁੱਲੇ ਕਾਰਜ ਵਿਚ ਯੋਗਦਾਨ ਲਈ ਸ. ਬਰਸਟ ਅਤੇ ਪੰਜਾਬ ਮੰਡੀ ਬੋਰਡ ਦੀ ਸਹਾਇਤਾ ਨੂੰ ਇਤਿਹਾਸਕ ਕਿਹਾ|
ਧੰਨਵਾਦ ਦੇ ਸ਼ਬਦ ਕਹਿਣ ਸਮੇਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯਾਦ ਦਿਵਾਇਆ ਕਿ ਇਹਨਾਂ ਸੜਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਗਾਂਹਵਧੂ ਖੇਤੀ ਲਈ ਪੀ.ਏ.ਯੂ. ਮਾਹਿਰਾਂ ਤੱਕ ਪਹੁੰਚਾਉਣਾ ਹੈ| ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਮੌਜੂਦ ਰਹੇ|

