ਕਿਸੇ ਕਿਤਾਬ ਪੜ੍ਹਾਇਆ ਹੀ ਨਾ, ਆਪਣੀ ਚੁੱਪ ਤੋਂ ਕਿੱਸਰਾਂ ਡਰਨਾ।
ਇੱਕ ਪਲ ਅੰਦਰ ਕਿੰਨੀ ਵਾਰੀ ਏਸੇ ਕਰਕੇ ਪੈਂਦਾ ਮਰਨਾ।
ਬਹੁਤ ਭੁਲੇਖਾ ਚੁੱਕਿਆ ਆਪਾਂ,
ਉਮਰ ਗੁਜ਼ਾਰੀ ਭਾਰ ਢੋਂਦਿਆਂ,
ਸਿੱਖਿਆ ਹੀ ਨਾ ਬੰਦੇ ਬਣ ਕੇ,
ਸਾਬਰ ਵਾਂਗ ਸਿਤਮ ਨੂੰ ਜਰਨਾ।
ਪਤਾ ਨਹੀਂ ਜੀ ਕੁਰਜੀ ਅੰਦਰ ਮਿਸਤਰੀਆਂ ਨੇ ਕੀ ਜੜਿਆ ਹੈ,
ਸਭ ਨੂੰ ਬਹਿੰਦੇ ਸਾਰ ਸਿਖਾਉਂਦੀ
ਕਿਸ ਪੈਲ਼ੀ ‘ਚੋਂ ਕੀ ਹੈ ਚਰਨਾ।
ਸ਼ਹਿਰ ਬੇਗਾਨੇ ਰਾਤ ਪਿਆਂ ਤੇ
ਬੰਦ ਬੂਹਿਆਂ ਦੇ ਕੋਲ਼ੋਂ ਲੰਘਦੇ,
ਸਬਕ ਲਿਆ ਹੈ ਬਿਰਖਾਂ ਕੋਲੋਂ,
ਸਾਏ ਦਾ ਵਿਸ਼ਵਾਸ ਨਾ ਕਰਨਾ।
ਉਹ ਸਭ ਸਬਕ ਵਿਸਾਰ ਲਏ ਨੇ,
ਗੁਰ-ਪੀਰਾਂ ਜੋ ਲਿਖੇ ਲਿਖਾਏ,
ਸੀਸ ਤਲ਼ੀ ਧਰ,ਯਾਰ ਗਲ਼ੀ ਕਿੰਜ,
ਦੀਨ ਦੁਖੀ ਦੀ ਹਾਮੀ ਭਰਨਾ।
ਇਹ ਤੌਫ਼ੀਕ “ਸ਼ਬਦ” ਨੇ ਦਿੱਤੀ,
ਇਸ ਧਰਤੀ ਦੀ ਕੁੱਲ ਕਵਿਤਾ ਨੂੰ,
ਬਿਨ ਖੰਭਾਂ ਤੋਂ ਕਿੱਦਾਂ ਉੱਡਣਾ,
ਬਿਨ ਪਾਣੀ ਤੋਂ ਕਿੱਦਾਂ ਤਰਨਾ।
ਜਾਬਰ ਅੱਗੇ ਚੁੱਪ ਰਹਿਣਾ ਤੇ ਘੁਰਕੀਆਂ ਦੇ ਲਿੱਸਿਆਂ ਨੂੰ ਪੈਣਾ,
ਪੜ੍ਹ ਲੈ ਤੂੰ ਕੰਧ ਉੱਤੇ ਲਿਖਿਆ,
ਹੁਣ ਏਦਾਂ ਬਿਲਕੁਲ ਨਹੀਂ ਸਰਨਾ।
▪️ਗੁਰਭਜਨ ਗਿੱਲ

