ਖੰਭਾਂ ਵਿੱਚ ਪਰਵਾਜ਼ ਭਰੋ ਤਾਂ ਸੂਰਜ ਬਹੁਤਾ ਦੂਰ ਨਹੀਂ ਹੈ।
ਅਗਨ ਸਲਾਮਤ ਜੇ ਮਨ ਅੰਦਰ ਤਨ ਵੀ ਹੁੰਦਾ ਚੂਰ ਨਹੀਂ ਹੈ।
ਸਿਰਲੱਥਾਂ ਦੀ ਬਸਤੀ ਅੰਦਰ,
ਸਾਬਰ ਸੂਰੇ ਰਹਿਣ ਸਰੂਰੇ,
ਸੀਸ ਤਲੀ ਤੇ ਧਰ ਕੇ ਤੁਰਿਆ,
ਇਹ ਕੋਈ ਪਹਿਲਾ ਪੂਰ ਨਹੀਂ ਹੈ।
ਹਰ ਕਿਣਕੇ ਦੀ ਆਪਣੀ ਹਸਤੀ,
ਜਾਣੋਂ ਤੇ ਪਹਿਚਾਣੋਂ ਆਪੇ,
ਤੀਜਾ ਨੇਤਰ ਖੋਲ੍ਹ ਕੇ ਵੇਖੋ,
ਕਿਹੜਾ ਜ਼ੱਰਰਾ ਤੂਰ ਨਹੀਂ ਹੈ।
ਜਿੱਥੇ ਬਹਿਣਾ ਵਰਜਿਤ ਸਾਡਾ,
ਕੇਲ ਖਲੋਣਾ ਨਾ-ਮੁਮਕਿਨ ਹੈ,
ਤਖ਼ਤਪੋਸ਼ ਦੇ ਪਾਵੇ ਬਣਨਾ,
ਸਾਨੂੰ ਇਹ ਮਨਜ਼ੂਰ ਨਹੀਂ ਹੈ।
ਜਤੀ ਸਤੀ ਸੰਤੋਖੀ ਦੀ ਜੀ
ਪਰਖ ਪ੍ਰੀਖਿਆ ਹਰ ਪਲ ਡਾਢੀ,
ਜਤ ਸਤ ਪਰਖਣ ਆਈ ਹੈ ਜੋ,
ਇਹ ਕੇਈ ਪਹਿਲੀ ਹੂਰ ਨਹੀਂ ਹੈ।
ਸ਼ਹਿਰ ਵਸਾਉਂਦੇ ਨੀਤੀਵਾਨੋਂ, ਫ਼ਸਲਾਂ ਦੀ ਥਾਂ ਸਰੀਏ ਬੀਜੋ,
ਪਿੰਡ ਦਾ ਮੂਲ ਮਿਟਾਉਣਾ ਚਾਹੋ,
ਇਹ ਕੋਈ ਦਸਤੂਰ ਨਹੀਂ ਹੈ।
ਹਾਕਮ ਨੂੰ ਸਮਝਾਵੇ ਕਿਹੜਾ,ਦਿਲ ਦਾ ਖੁੱਲ੍ਹਾ ਕਰ ਤੂੰ ਵਿਹੜਾ,
ਸਭ ਨੂੰ ਦਿਲ ਦੇ ਨੇੜ ਕਰੇਂ ਤਾਂ,ਦਿੱਲੀ ਕੁਝ ਵੀ ਦੂਰ ਨਹੀਂ ਹੈ।
ਗੁਰਭਜਨ ਗਿੱਲ
