ਕਵਿਤਾ ਉਚਾਰਨ ਮੁਕਾਬਲੇ ਵਿੱਚ ਰਾਮ ਸਿੰਘ ਔਲਖ ਪਹਿਲੇ, ਭੁਪਿੰਦਰ ਸਿੰਘ ਭੋਡੇ ਦੂਜੇ ਅਤੇ ਸੁਜਾਨ ਸਿੰਘ ਤੀਜੇ ਸਥਾਨ ’ਤੇ ਰਹੇ

ਬਰੈਂਪਟਨ 06 ਅਕਤੂਬਰ (ਰਮਿੰਦਰ ਵਾਲੀਆ ਸਰਪ੍ਰਸਤ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਅਤੇ ਓਨਟਾਰੀਓ ਫਰੈਂਡ ਕਲੱਬ ਵੱਲੋਂ 3 ਅਤੇ 4 ਅਕਤੂਬਰ 2026 ਨੂੰ ਬਰੈਂਪਟਨ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਤੇ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਸਫ਼ਲਤਾਪੂਰਵਕ ਸੰਪੰਨ ਹੋਇਆ। ਦੋਵੇਂ ਦਿਨ ਬੁਲਾਰਿਆਂ, ਕਵੀਆਂ, ਗਾਇਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪਹਿਲੇ ਦਿਨ, 3 ਅਕਤੂਬਰ ਨੂੰ ਤਾਹਿਰ ਅਸਲਮ ਗੋਰਾ ਨੇ ਰਿਬਨ ਕੱਟ ਕੇ ਸੈਮੀਨਾਰ ਦਾ ਉਦਘਾਟਨ ਕੀਤਾ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਤਰਲੋਕ ਸਿੰਘ ਕਾਹਲੋਂ, ਮਨਿੰਦਰਜੀਤ ਕੌਰ ਪੂਰਨ, ਤੋਖੀ ਸੰਘਾ, ਬਾਘਾ, ਤ੍ਰਿਪਤਾ ਸੋਢੀ, ਸੰਤੋਖ ਸਿੰਘ ਸੰਧੂ ਅਤੇ ਸੰਜੀਤ ਸਿੰਘ ਨੇ ਨਿਭਾਈ। ਪਹਿਲੇ ਸੈਸ਼ਨ ਦੀ ਕਾਰਵਾਈ ਸਰਦੂਲ ਸਿੰਘ ਥਿਆੜਾ ਨੇ ਚਲਾਈ।
“ਭਾਰਤ ਦੀ ਆਜ਼ਾਦੀ ਦੇ ਯੋਧੇ” ਵਿਸ਼ੇ ਨੂੰ ਸਮਰਪਿਤ ਦੂਜੇ ਸੈਸ਼ਨ ਦਾ ਸੰਚਾਲਨ ਡਾ. ਰਮਨੀ ਬਤਰਾ ਨੇ ਕੀਤਾ। ਕਰਨ ਅਜਾਇਬ ਸਿੰਘ ਸੰਘਾ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ, ਰਾਮ ਸਿੰਘ ਔਲਖ, ਸਚਵੰਤ ਸਿੰਘ ਭੱਟੀ ਨਾਮਧਾਰੀ, ਤਾਹਿਰ ਅਸਲਮ ਗੋਰਾ, ਪ੍ਰਿੰਸੀਪਲ ਝਾਂਜੀ ਅਤੇ ਭੁਪਿੰਦਰ ਸਿੰਘ ਵਾਲੀਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਆਪੋ-ਆਪਣੇ ਵਿਸ਼ਿਆਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ।
ਇਸ ਉਪਰੰਤ ਹੋਏ ਕਵੀ ਦਰਬਾਰ ਦਾ ਸੰਚਾਲਨ ਹਲੀਮਾ ਸਾਦੀਆ ਨੇ ਸੁਚੱਜੇ ਢੰਗ ਨਾਲ ਕੀਤਾ। ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਦਕਿ ਹੀਰਾ ਧਾਲੀਵਾਲ, ਹਰਜੀਤ ਕੌਰ ਅਤੇ ਰਣਜੀਤ ਕੌਰ ਨੇ ਗੀਤਾਂ ਰਾਹੀਂ ਸਰੋਤਿਆਂ ਦਾ ਮਨ ਮੋਹਿਆ। ਗੁਰਵੈਲ ਸਿੰਘ ਨੇ ਸਮਾਗਮ ਦੀ ਵੀਡੀਓ ਰਿਕਾਰਡਿੰਗ ਕੀਤੀ।
ਦੂਜੇ ਦਿਨ, ਐਤਵਾਰ 4 ਅਕਤੂਬਰ ਨੂੰ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਹਰਿੰਦਰ ਕੌਰ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਕਾਰਵਾਈ ਸਰਦੂਲ ਸਿੰਘ ਥਿਆੜਾ ਨੇ ਚਲਾਈ, ਜਦਕਿ ਕਵੀ ਦਰਬਾਰ ਦਾ ਸੰਚਾਲਨ ਸੰਤੋਖ ਸਿੰਘ ਸੰਧੂ ਨੇ ਕੀਤਾ।
ਕਵਿਤਾ ਉਚਾਰਨ ਮੁਕਾਬਲੇ ਵਿੱਚ 21 ਕਵੀਆਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਤਰਲੋਕ ਸਿੰਘ ਕਾਹਲੋਂ, ਰੁਪਿੰਦਰ ਕੌਰ ਸੰਧੂ, ਗਿਆਨ ਸਿੰਘ ਦਰਦੀ ਅਤੇ ਜਸਪਾਲ ਸਿੰਘ ਦਾਸੁਵੀ ਨੇ ਨਿਭਾਈ। ਸਾਰੇ ਕਵੀਆਂ ਨੇ ਨਿਰਧਾਰਤ ਸਮੇਂ ਦੀ ਹੱਦ ਵਿੱਚ ਰਹਿ ਕੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਜੱਜਾਂ ਦੇ ਫ਼ੈਸਲੇ ਅਨੁਸਾਰ ਰਾਮ ਸਿੰਘ ਔਲਖ ਨੇ ਪਹਿਲਾ, ਭੁਪਿੰਦਰ ਸਿੰਘ ਭੋਡੇ ਨੇ ਦੂਜਾ ਅਤੇ ਸੁਜਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਮਨਿੰਦਰਜੀਤ ਕੌਰ ਪੂਰਨ, ਰਣਜੀਤ ਕੌਰ, ਸੁਰਿੰਦਰ ਸਿੰਘ ਸੂਰ, ਗੁਰਦਾਸ ਸਿੰਘ ਅਤੇ ਅਮਰਜੀਤ ਸਿੰਘ ਨੂੰ ਵੀ ਨਕਦ ਇਨਾਮ ਦਿੱਤੇ ਗਏ।
ਰਾਮਿੰਦਰ ਵਾਲੀਆ ਨੇ ਸਾਰੇ ਕਵੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਅਤੇ ਨਵੇਂ ਨੌਜਵਾਨ 20 ਕਵੀਆਂ ਨੂੰ ਜੋੜਣ ਲਈ ਅਹਿਮ ਭੂਮਿਕਾ ਨਿਭਾਈ । ਨੌਜਵਾਨ ਕਵੀ ਗੁਰਦਾਸ ਸਿੰਘ ਥੱਬਾਲ ਨੇ ਆਪਣੇ 20 ਨੌਜਵਾਨ ਕਵੀਆਂ ਨਾਲ ਇਸ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ ।
ਕਵੀ ਦਰਬਾਰ ਵਿੱਚ 14 ਨੌਜਵਾਨ ਕਵੀਆਂ ਨੇ ਵੀ ਹਿੱਸਾ ਲਿਆ। ਡਾ. ਰਮਨੀ ਬਤਰਾ ਅਤੇ ਬਲਵਿੰਦਰ ਕੌਰ ਚੱਠਾ ਵੱਲੋਂ ਹਰੇਕ ਕਵੀ ਨੂੰ ਭਾਗ ਲੈਣ ਦਾ ਸਰਟੀਫਿਕੇਟ ਦਿੱਤਾ ਗਿਆ। ਨੌਜਵਾਨ ਭਾਗੀਦਾਰਾਂ ਨੂੰ ਮੈਡਲ ਪਾ ਕੇ ਵੀ ਸਨਮਾਨਿਤ ਕੀਤਾ ਗਿਆ।
ਜਗਤ ਪੰਜਾਬੀ ਸਭਾ ਲਈ ਕੀਤੀਆਂ ਸੇਵਾਵਾਂ ਬਦਲੇ ਰਵਿੰਦਰ ਸਿੰਘ ਅਤੇ ਸੰਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਕੁਲਦੀਪ ਸਿੰਘ ਗਿੱਲ, ਦਲਜੀਤ ਸਿੰਘ ਗੈਦੂ ਅਤੇ ਕੁਲਵੰਤ ਕੌਰ ਗੈਦੂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਹਰਿੰਦਰ ਕੌਰ ਬਰਾੜ ਅਤੇ ਸਮਾਗਮ ਦੇ ਸਪਾਂਸਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹਲੀਮਾ ਸਾਦੀਆ, ਹਰਜੀਤ ਕੌਰ, ਰਣਜੀਤ ਕੌਰ, ਪਰਮਪ੍ਰੀਤ ਕੌਰ ਬਾਂਗਾ, ਬੇਅੰਤ ਕੌਰ ਅਤੇ ਮਮਤਾ ਨੇ ਗੀਤ ਪੇਸ਼ ਕਰਕੇ ਸਮਾਗਮ ਦੀ ਰੌਣਕ ਵਧਾਈ। ਹਰਿੰਦਰ ਕੌਰ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਉਪਰੰਤ ਆਪਣੀ ਪ੍ਰਸਿੱਧ ਕਵਿਤਾ “ਭੱਠੀ ਵਾਲੀ ਕੁੜੀ” ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਸੁਣਾਈ।
ਮੁੱਖ ਸਲਾਹਕਾਰ ਭੁਪਿੰਦਰ ਸਿੰਘ ਬਾਜਵਾ ਨੇ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਸਰਦੂਲ ਸਿੰਘ ਥਿਆੜਾ ਅਤੇ ਸੰਤੋਖ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮਾਗਮ ਦੀ ਯਾਦ ਸੰਭਾਲਣ ਲਈ ਸਮੂਹਿਕ ਤਸਵੀਰ ਵੀ ਖਿੱਚੀ ਗਈ। ਚਾਹ-ਪਾਣੀ ਦਾ ਪ੍ਰਬੰਧ ਸੰਤੋਖ ਸਿੰਘ ਸੰਧੂ ਅਤੇ ਗੁਰਚਰਨ ਸਿੰਘ ਵੱਲੋਂ ਕੀਤਾ ਗਿਆ। ਹਾਜ਼ਰੀਨ ਨੇ ਦੋਵੇਂ ਦਿਨਾਂ ਦੇ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਮਾਣਿਆ।
ਅੰਤ ਵਿੱਚ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਮੁੱਖ ਮਹਿਮਾਨ, ਬੁਲਾਰਿਆਂ, ਕਵੀਆਂ, ਜੱਜਾਂ, ਸਪਾਂਸਰਾਂ, ਸਹਿਯੋਗੀਆਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਕਵੀ ਦਰਬਾਰ ਕਰਵਾਇਆ ਜਾਵੇਗਾ। ਉਨ੍ਹਾਂ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਨ੍ਹਾਂ ਸਾਹਿਤਕ ਮਿਲਣੀਆਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਧੰਨਵਾਦ ਸਹਿਤ । ਇਹ ਖ਼ਬਰ ਚੇਅਰਮੈਨ ਸ . ਅਜੈਬ ਸਿੰਘ ਚੱਠਾ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
