30 ਨਵੰਬਰ ਤੱਕ ਆਨਲਾਈਨ ਭਰੀ ਜਾ ਸਕੇਗੀ ਜਾਣਕਾਰੀ : ਵਧੀਕ ਡਿਪਟੀ ਕਮਿਸ਼ਨਰ
ਫ਼ਰੀਦਕੋਟ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਵੱਲੋਂ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 30 ਨਵੰਬਰ 2026 ਤੱਕ ਚਲਾਈ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਪਰਿਵਾਰ ਅਤੇ ਘਰ ਸਬੰਧੀ ਵੇਰਵੇ ਖੁਦ ਆਨਲਾਈਨ ਪੋਰਟਲ https://se.census.gov.in ’ਤੇ ਭਰਨ ਦੀ ਸਹੂਲਤ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ ਨੇ ਕਿਹਾ ਕਿ ਸਵੈ-ਜਨਗਣਨਾ ਇੱਕ ਬਹੁਤ ਹੀ ਸਰਲ, ਸੁਰੱਖਿਅਤ ਅਤੇ ਸਮਾਂ ਬਚਾਉਣ ਵਾਲੀ ਪ੍ਰਕਿਰਿਆ ਹੈ। ਇਸ ਤਹਿਤ ਨਾਗਰਿਕ ਸਰਕਾਰ ਵੱਲੋਂ ਜਾਰੀ ਅਧਿਕਾਰਤ ਵੈੱਬ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ ’ਤੇ ਲੌਗਇਨ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਖੁਦ ਭਰ ਸਕਦੇ ਹਨ। ਜਾਣਕਾਰੀ ਸਬਮਿਟ ਕਰਨ ਉਪਰੰਤ ਇੱਕ ਵਿਲੱਖਣ ‘ਸੈਲਫ਼-ਐਨੂਮਰੇਸ਼ਨ ਆਈ.ਡੀ. ਜਨਰੇਟ ਹੋਵੇਗੀ, ਉਨ੍ਹਾਂ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਕਿ ਆਨਲਾਈਨ ਫਾਰਮ ਭਰਨ ਉਪਰੰਤ (ਸੈਲਫ ਐਨੂਮਰੇਸ਼ਨ ਆਈ.ਡੀ.) ਨੂੰ ਸੰਭਾਲ ਕੇ ਰੱਖਿਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ 01 ਦਸੰਬਰ 2026 ਤੋਂ 04 ਜਨਵਰੀ 2027 ਦੌਰਾਨ ਗਿਣਤੀਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਕਰਨਗੇ। ਜਿਨ੍ਹਾਂ ਨਾਗਰਿਕਾਂ ਨੇ ਸਵੈ-ਗਣਨਾ ਕੀਤੀ ਹੋਵੇਗੀ, ਉਹ ਘਰ ਆਉਣ ਵਾਲੇ ਗਿਣਤੀਕਾਰ ਜਾਂ ਸੁਪਰਵਾਈਜ਼ਰ ਨੂੰ ਆਪਣੀ ‘ਸੈਲਫ਼-ਐਨੂਮਰੇਸ਼ਨ ਉਪਲਬਧ ਕਰਵਾਉਣਗੇ ਤਾਂ ਜੋ ਡਾਟਾ ਦੀ ਪੁਸ਼ਟੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਤੁਹਾਡੀ ਵੱਲੋਂ ਦਿੱਤੀ ਜਾਣ ਵਾਲੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਮਨਪ੍ਰੀਤ ਕੌਰ, ਯੰਗ ਪ੍ਰੋਫੈਸ਼ਨਲ, ਕੁਸ਼ਨਦੀਪ ਕੌਰ ਜੂਨੀਅਰ ਯੰਗ ਪ੍ਰੋਫੈਸ਼ਨਲ, ਵਰਿੰਦਰ ਸਿੰਘ ਸੀਨੀਅਰ ਸਹਾਇਕ ਅਤੇਗੁਰਦੀਪ ਸਿੰਘ ਤਕਨੀਕੀ ਸਲਾਹਕਾਰ ਹਾਜ਼ਰ ਸਨ।

