ਬਾਬਾ ਸ਼ੇਖ ਫ਼ਰੀਦ ਜੀ ਦਾ 57ਵਾਂ ਆਗਮਨ ਪੁਰਬ ਵਿਸ਼ਾਲ ਨਗਰ ਕੀਰਤਨ ਨਾਲ ਸਫਲਤਾਪੂਰਵਕ ਸੰਪੰਨ
ਫ਼ਰੀਦਕੋਟ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੇ 57ਵੇਂ ਆਗਮਨ ਪੁਰਬ 2026 ਦੇ ਪੰਜਵੇਂ ਅਤੇ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਏ ਗਏ ।ਗੁਰਦੁਆਰਾ ਗੋਦੜੀ ਸਾਹਿਬ ਅਤੇ ਬਾਬਾ ਫਰੀਦ ਸੁਸਾਇਟੀ (ਰਜਿ)ਫਰੀਦਕੋਟ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਅਤੇ ਸਮੂਹ ਮੈਂਬਰ ਸਾਹਿਬਾਨ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਸ. ਦੀਪਿੰਦਰ ਸਿੰਘ ਸੇਖੋਂ, ਸ.ਗੁਰਜਾਪ ਸਿੰਘ ਸੇਖੋਂ, ਸਰਦਾਰਨੀ ਰਾਜਪਾਲ ਕੌਰ ਸੇਖੋਂ, ਡਾ. ਗੁਰਿੰਦਰ ਮੋਹਨ ਸਿੰਘ, ਸ .ਕੁਲਜੀਤ ਸਿੰਘ ਮੌਗੀਆ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਦੀ ਦੇਖ-ਰੇਖ ਹੇਠ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਮਿਤੀ 21 ਸਤੰਬਰ ਤੋਂ ਪ੍ਰਕਾਸ਼ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 23 ਸਤੰਬਰ ਨੂੰ ਪਾਏ ਗਏ।ਉਪਰੰਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਜੀ ਤੋਂ ਆਰੰਭ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਰਾਹੀਂ ਜਾ ਸਮਾਪਤ ਹੋਏ। ਇਸ ਆਗਮਨ ਪੁਰਬ ਵਿੱਚ ਅਲੌਕਿਕ ਦੀਵਾਨ ਸਜਾਏ ਗਏ। ਉਪਰੰਤ ਸਰਦਾਰ ਸਿਮਰਜੀਤ ਸੇਖੋਂ ਜੀ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅਵਾਰਡ ਸ.ਜਸਵਿੰਦਰ ਸਿੰਘ ਖਾਲਸਾ ਜੀ ਨੂੰ ਦਿੱਤਾ ਗਿਆ ਜੋ ਕਿ ਆਪਣਾ ਕਾਰੋਬਾਰ ਯੂ.ਕੇ. ਵਿੱਚ ਕਰ ਰਹੇ ਹਨ ਪਰ ਨਾਲ-ਨਾਲ ਆਪ ਆਉਣ ਵਾਲੀ ਨੌਜਵਾਨ ਪੀੜ੍ਹੀ ਦੀ ਸਹੀ ਸੇਧ ਅਤੇ ਭਲਾਈ ਤਹਿਤ ਹੋਣਹਾਰ ਤੇ ਲੋੜਵੰਦ ਬੱਚਿਆਂ ਨੂੰ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਤਹਿਤ ਸਕਾਲਰਸ਼ਿਪ ਦੇ ਕੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਯਤਨਸ਼ੀਲ ਹਨ। ਬੱਚਿਆਂ ਦੇ ਸੰਪੂਰਨ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੈਰੀਅਰ ਕੌਂਸਲਿੰਗ ਵਰਕਸ਼ਾਪਾਂ ਵਿੱਦਿਅਕ ਯਾਤਰਾਵਾਂ ਅਤੇ ਮੈਡੀਕਲ ਸਹਾਇਤਾ ਵਰਗੇ ਯੋਗ ਉਪਰਾਲਿਆ ਰਾਹੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਰਸਤਿਆਂ ਨੂੰ ਰੁਸ਼ਨਾ ਰਹੇ ਹਨ। ਉਹਨਾਂ ਦੀ ਇਸ ਨਿਸ਼ਕਾਮ ਤੇ ਨਿਰਸਵਾਰਥ ਸੇਵਾ ਨੂੰ ਮੁੱਖ ਰੱਖਦਿਆਂ 23 ਸਤੰਬਰ 2026 ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਿਰੋਪਾਓ, ਦੁਸ਼ਾਲਾ, ਸਾਈਟੇਸ਼ਨ ਅਤੇ 2 ਲੱਖ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਪ੍ਰਕਾਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਅਵਾਰਡ ਸੰਤ ਰਿਸ਼ੀ ਰਾਮ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕ ਨੂੰ ਦਿੱਤਾ ਗਿਆ ਜੋ ਕਿ ਜੈਤੋ ਵਿਖੇ ਅੱਖਾਂ ਦਾ ਚੈਰੀਟੇਬਲ ਹਸਪਤਾਲ ਪਿਛਲੇ 25 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਚਲਾ ਰਹੇ ਹਨ ਜਿਸ ਵਿੱਚ ਗਰੀਬ ਅਤੇ ਜ਼ਰੂਰਤ ਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਅਤੇ ਮੁਫਤ ਚੈੱਕਅਪ ਕੀਤਾ ਜਾਂਦਾ ਹੈ। ਉਹਨਾਂ ਦੇ ਸਮਾਜ ਪ੍ਰਤੀ ਸਮਰਪਣ ਅਤੇ ਨੇਕ ਕਾਰਜਾਂ ਲਈ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਦੁਆਰਾ ਸਿਰੋਪਾਓ,ਦੁਸ਼ਾਲਾ ,ਸਾਈਟੇਸ਼ਨ ਅਤੇ 1 ਲੱਖ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਤੋਂ ਇਲਾਵਾ ਆਗਮਨ ਪੁਰਬ ਮੌਕੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ10000 ,7000,5000 ਅਤੇ ਉਤਸ਼ਾਹ ਵਧਾਊ ਲਈ 2100 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਆਗਮਨ ਪੁਰਬ ਤੇ ਪਹੁੰਚੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਹੁਲ ਚਾਬਾ ਆਈ.ਏ.ਐਸ ਨੂੰ ਸਨਮਾਨਿਤ ਕੀਤਾ ਗਿਆ ।ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਨਾਮਲੇਵਾ ਸ਼ਰਧਾਲੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਏ ।ਇਸ ਆਗਮਨ ਪੁਰਬ ਨੂੰ ਸਫ਼ਲ ਬਣਾਉਣ ਲਈ ਇਲਾਕੇ ਦੀਆਂ ਵੱਖ -ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਮਹੱਤਵਪੂਰਨ ਸੇਵਾਵਾਂ ਨਿਭਾਈਆਂ। ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਸਹਿਯੋਗ ਅਤੇ ਨਿਰਸਵਾਰਥ ਸੇਵਾ ਕਰਕੇ ਆਗਮਨ ਪੁਰਬ ਦੇ ਸਮੂਹ ਸਮਾਗਮ ਸਫਲਤਾ ਪੂਰਵਕ ਅਤੇ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ ਹਨ।ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿਬੜੇ ਹਨ। ਉਹਨਾਂ ਨੇ ਸਮੂਹ ਮੈਂਬਰ ਸਾਹਿਬਾਨਾਂ, ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਦਾ ਪੁਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

