
ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੀਵਨਵਾਲਾ/ਘਣੀਏਵਾਲਾ ਵਿਖੇ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੀਆਂ ਵੱਖ—ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਗਿੱਧਾ, ਪੰਜਾਬੀ ਲੋਕ-ਗੀਤ, ਬੋਲੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪ੍ਰੋਗਰਾਮ ਨੂੰ ਰੰਗਾਰੰਗ ਬਣਾਇਆ। ਸਕੂਲ ਦੇ ਵਿਹੜੇ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ। ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਤਿਉਹਾਰ ਦੀ ਖੂਬਸੂਰਤੀ ਨੂੰ ਹੋਰ ਵਧਾਇਆ। ਇਸ ਮੌਕੇ ਪ੍ਰਿੰਸੀਪਲ ਸ. ਸੁਖਜਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਧੀਆਂ ਦੀ ਮਹੱਤਤਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਧੀਆਂ ਪਰਿਵਾਰ ਅਤੇ ਸਮਾਜ ਦੀ ਸ਼ਾਨ ਹਨ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸੁਖਜਿੰਦਰ ਸਿੰਘ ਵੱਲੋਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ। ‘ਧੀਆਂ ਦਾ ਤਿਉਹਾਰ’ ਸਮੁੱਚੇ ਸਕੂਲ ਲਈ ਯਾਦਗਾਰ ਅਤੇ ਖੁਸ਼ੀਆਂ ਭਰਿਆ ਬਣ ਗਿਆ।

