ਰਜਿਸਟਰਾਰ ਵੱਲੋਂ ਇਕ ਹਫ਼ਤੇ ਵਿੱਚ ਜਾਂਚ ਕਰਨ ਦਾ ਦਿੱਤਾ ਗਿਆ ਭਰੋਸਾ
ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਿਜ ਫਰੀਦਕੋਟ ਵਿੱਚ ਹੋਈਆਂ ਧਾਂਦਲੀਆਂ ਦੀ ਤੱਥ ਰਿਪੋਰਟ ਯੂਨੀਵਰਸਿਟੀ ਰਜਿਸਟਰਾਰ ਨੂੰ ਸੌਂਪੀ ਅਤੇ ਰਜਿਸਟਰਾਰ ਨੇ ਇਕ ਹਫ਼ਤੇ ਵਿੱਚ ਵਿੱਚ ਜਾਂਚ ਪੂਰੀ ਕਰਨ ਦਾ ਭਰੋਸਾ ਦਿੱਤਾ। ਫ਼ਾਰਮੇਸੀ ਪੇਪਰ ਲੀਕ, ਯੂਨੀਵਰਸਿਟੀ ਵਿੱਚ ਹੁੰਦੀਆਂ ਧਾਂਦਲੀਆਂ ਅਤੇ ਸਿਆਸੀ ਦਖ਼ਲ ਅੰਦਾਜ਼ੀ ਖਿਲਾਫ਼ ਹੋਏ ਪੀ ਐਸ ਯੂ ਦੀ ਅਗਵਾਈ ਵਿੱਚ ਪੱਕਾ ਧਰਨਾ ਚੱਲਦਾ ਰਿਹਾ ਅਤੇ ਪਿਛਲੇ ਦਿਨੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਇਕੱਠ ਵੀ ਕੀਤਾ ਗਿਆ।ਸੰਘਰਸ਼ ਦੇ ਚੱਲਦਿਆਂ ਯੂਨੀਵਰਸਿਟੀ ਰਜਿਸਟਰਾਰ ਨੇ ਜਾਂਚ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਪੀ.ਐਸ.ਯੂ. ਦੇ ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪਿਛਲੇ ਵਾਈਸ ਚਾਂਸਲਰ ਰਾਜੀਵ ਸੂਦ ਅਤੇ ਮੈਡੀਕਲ ਸੁਪਰਡੈਂਟ ਨੀਤੂ ਕੁੱਕੜ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਧਾਂਦਲੀਆਂ ਕਰਦੇ ਆ ਰਹੇ ਹਨ। ਉਹਨਾਂ ਆਖਿਆ ਕਿ ਯੂਨੀਵਰਸਿਟੀ ਅਧੀਨ ਹੁੰਦੀਆਂ ਭਰਤੀਆਂ ਵਿੱਚ ਆਪਣੇ ਚਹੇਤੇ ਮੁਲਾਜ਼ਮਾਂ ਨੂੰ ਰੱਖਿਆ ਗਿਆ ਅਤੇ ਯੋਗ ਉਮੀਦਵਾਰਾਂ ਦੇ ਹੱਕ ਮਾਰੇ ਗਏ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਦ ਨੂੰ ਰਿਸ਼ਵਤ ਨਾ ਦੇਣ ਕਰਕੇ ਨਰਸਿੰਗ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਦੀ ਤਰੱਕੀ ਰੋਕੀ ਹੋਈ ਹੈ ਅਤੇ ਉਹਨਾਂ ਦੀ ਜਗਾ ਆਪਣੇ ਚਹੇਤੇ ਜਗਦੀਸ਼ ਰਾਏ ਢੋਸੀਵਾਲ ਦੀ ਨੂੰਹ ਨੂੰ ਤਰੱਕੀ ਦਿੱਤੀ ਗਈ ਹੈ। ਪੀੜਤ ਧਿਰ ਵੱਲੋਂ ਕੋਰਟ ਕੇਸ ਕਰਨ ਦੇ ਬਦਲੇ ਵਜੋਂ ਉਹਨਾਂ ਦੀ ਬਦਲੀ ਸ਼ਹਿਰ ਤੋਂ ਦੂਰ ਹੋਰ ਕਾਲਜ ਕਰ ਦਿੱਤੀ ਗਈ। ਨਰਸਿੰਗ ਕਾਲਜ ਵਿੱਚ ਰੱਖੇ ਕਈ ਮੁਲਾਜ਼ਮਾਂ ਨੂੰ ਪੈਸੇ ਅਤੇ ਰਿਸ਼ਵਤ ਲੈ ਕੇ ਰੱਖਿਆ ਗਿਆ, ਜੋ ਕਿ ਯੋਗ ਉਮੀਦਵਾਰਾਂ ਨਾਲ ਧੱਕਾ ਹੈ। ਯੂਨੀਵਰਸਿਟੀ ਵਿੱਚ ਹੋਈਆਂ ਧਾਂਦਲੀਆਂ ਦੀ ਲਿਸਟ ਕਾਫ਼ੀ ਲੰਬੀ ਹੈ। ਪੀਐੱਸਯੂ ਦੇ ਜ਼ਿਲਾ ਆਗੂ ਸੁਖਬੀਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਆਗੂ ਲਖਵੀਰ ਸਿੰਘ ਨੇ ਕਿਹਾ ਕਿ ਬਿਨਾਂ ਭਰਤੀ ਪ੍ਰਕਿਰਿਆਂ ਦੇ ਰੱਖੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਤੋਂ ਵੀ ਵੱਧ ਤਨਖ਼ਾਹ ਦਿੱਤੀ ਜਾ ਰਹੀ ਹੈ।ਇਸੇ ਤਰਾਂ ਹੈਲਪਰਾਂ ਦੀ ਭਰਤੀ ਵੀ ਪਾਰਦਰਸ਼ੀ ਤਰੀਕੇ ਨਾਲ਼ ਨਹੀਂ ਕੀਤੀ ਗਈ ਅਤੇ ਕਈ ਸਿਫ਼ਾਰਸ਼ੀ ਬੰਦੇ ਰੱਖੇ ਗਏ।ਅਯੋਗ ਅਤੇ ਸਿਫ਼ਾਰਸ਼ੀ ਵਿਅਕਤੀਆਂ ਦੇ ਨਾਵਾਂ ਸਮੇਤ ਤੱਥ ਰਿਪੋਰਟ ਸੌਪੀ ਗਈ ਹੈ। ਜ਼ੇਕਰ ਕਾਰਵਾਈ ਕਰਨ ਵਿੱਚ ਦੇਰੀ ਕੀਤੀ ਗਈ ਤਾਂ ਫਿਰ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

