ਸ.ਸ.ਸ.ਸ. ਸਕੂਲ ਦੇ 75 ਸਾਲਾ ਸਮਾਰੋਹ ਮੌਕੇ ਵਿਦਵਾਨਾ ਦੇ ਬਹੁਮੁੱਲੇ ਵਿਚਾਰ!
ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਕਰ ਖਾਣ ਪੀਣ ਅਤੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਵਿੱਚ ਤਬਦੀਲੀ ਨਾ ਕੀਤੀ ਤਾਂ ਅਸੀਂ ਸਿਰਫ ਦਵਾਈਆਂ ਦੇ ਆਸਰੇ ਹੀ ਰਹਿ ਜਾਵਾਂਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਹਿਕਾਰੀ ਸਭਾ ਸੁਰ ਸਿੰਘ ਵਾਲਾ ਦਾ 75 ਸਾਲਾ ਸਥਾਪਨਾ ਵਰੇਗੰਢ ਮੌਕੇ ‘ਮੀਰੀ ਪੀਰੀ ਵੈਲਫੇਅਰ ਸੁਸਾਇਟੀ’ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ ਮਨਜੀਤ ਸਿੰਘ ਢਿੱਲੋਂ ਅੰਤਰਰਾਸ਼ਟਰੀ ਪ੍ਰਧਾਨ ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾੳਂੁਡੇਸ਼ਨ ਅਤੇ ਚੇਅਰਮੈਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਸ ਕੋਟਕਪੂਰਾ ਨੇ ਆਖਿਆ ਕਿ ਜੇਕਰ ਵਿਦੇਸ਼ਾਂ ਜਾਂ ਭਾਰਤ ਦੇ ਕੁਝ ਕੁ ਚੋਣਵੇਂ ਰਾਜਾਂ ਵਿੱਚ ਵਸਦੇ ਲੋਕਾਂ ਦੇ ਮੁਕਾਬਲੇ ਪੰਜਾਬ ਦੇ ਵਸਨੀਕਾਂ ਦੀ ਗੱਲ ਕਰੀਏ ਤਾਂ ਅਸੀਂ ਖਾਣ ਪੀਣ ਦੇ ਗਲਤ ਢੰਗ ਤਰੀਕਿਆਂ ਕਾਰਨ ਹੀ ਬਿਮਾਰੀਆਂ ਨੂੰ ਖੁਦ ਸੱਦਾ ਦੇ ਰਹੇ ਹਾਂ। ਡਾਕਟਰ ਢਿੱਲੋਂ ਨੇ ਅੰਕੜਿਆਂ ਸਹਿਤ ਦਲੀਲ ਨਾਲ ਵਿਸਥਾਰ ਵਿੱਚ ਗੱਲ ਸਮਝਾਉਂਦਿਆਂ ਆਖਿਆ ਕਿ ਦੇਸ਼ ਦੇ ਕੁਝ ਕੁ ਹਿੱਸੇ ਅਜਿਹੇ ਹਨ, ਜਿੱਥੇ ਭੁਖਮਰੀ ਨਾਲ ਮੌਤਾਂ ਹੋਣ ਜਾਂ ਕੁਪੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੀਆਂ ਖਬਰਾਂ ਅਕਸਰ ਮੀਡੀਏ ਰਾਹੀਂ ਪੜਨ ਜਾਂ ਸੁਣਨ ਨੂੰ ਮਿਲਦੀਆਂ ਹਨ ਪਰ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਇਕ ਅਜਿਹੀ ਜਗਾ ਹੈ, ਜਿੱਥੇ ਅਸੀਂ ਭੁਖਮਰੀ ਨਹੀਂ, ਬਲਕਿ ਅਫਰੇਵੇਂ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਲੋੜ ਤੋਂ ਵੱਧ ਖਾਣ ਪੀਣ ਨਾਲ ਬਿਮਾਰੀਆਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਡਾ ਢਿੱਲੋਂ ਨੇ ਇਕ ਉਦਾਹਰਨ ਦਿੰਦਿਆਂ ਆਖਿਆ ਕਿ ਜੇਕਰ ਅਸੀਂ ਭੋਜਨ ਨੂੰ ਦਵਾਈ ਦੀ ਤਰਾਂ ਖਾਵਾਂਗੇ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਦਵਾਈਆਂ ਭੋਜਨ ਦੀ ਤਰਾਂ ਖਾਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਆਖਿਆ ਕਿ ਕੋਈ ਵੀ ਖਾਦ ਪਦਾਰਥ ਖਾਣ ਮੌਕੇ ਕੀ, ਕਿੰਨਾ, ਕਿਉਂ, ਕਿੱਥੇ ਅਤੇ ਕਦੋਂ ਦੇ ਫਾਰਮੂਲੇ ਨੂੰ ਸਮਝਣਾ ਬਹੁਤ ਜਰੂਰੀ ਹੈ। ਇਸ ਤੋਂ ਬਿਨਾ ਸਿੱਖ ਵਿਦਵਾਨਾ ਵਿੱਚ ਡਾ ਸੇਵਕ ਸਿੰਘ, ਪਰਮਪਾਲ ਸਿੰਘ ਸਭਰਾ ਅਤੇ ਕੁਲਦੀਪ ਸਿੰਘ ਮਰਖਾਈ ਖੇਤੀਬਾੜੀ ਮਾਹਰ, ਲੇਖਕ ਅਤੇ ਸਾਹਿਤਕਾਰ ਡਾ ਗੁਰਚਰਨ ਸਿੰਘ ਨੂਰਪੁਰ ਆਦਿ ਸਮੇਤ ਹੋਰਨਾ ਨੇ ਵੀ ਵੱਖ ਵੱਖ ਵਿਸ਼ਿਆਂ ਦੀ ਸਾਂਝ ਪਾ ਕੇ ਸੰਬੋਧਨ ਕੀਤਾ। ਅੰਤ ਵਿੱਚ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਵਲੋਂ ਡਾ ਮਨਜੀਤ ਸਿੰਘ ਢਿੱਲੋਂ ਸਮੇਤ ਸਾਰੇ ਬੁਲਾਰਿਆਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

