
ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਹਮਣ ਵਾਲਾ ਰੋਡ ‘ਤੇ ਸਥਿਤ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ਤੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਜਪੁਜੀ ਸਾਹਿਬ ਦੇ ਪਾਠ ਅਤੇ ਵਾਹਿਗੁਰੂ ਸਿਮਰਨ ਕਰਕੇ ਕੀਤਾ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ਸਿੱਖਿਆਵਾਂ ਅਤੇ ਗੁਰਬਾਣੀ ਬਾਰੇ ਰਚਨਾਵਾਂ ਦੀ ਪੇਸ਼ਕਾਰੀ ਭਾਵਪੂਰਤ ਢੰਗ ਨਾਲ ਕੀਤੀ। ਵਿਦਿਆਰਥੀਆਂ ਨੇ ਰਸ ਭਿੰਨੀ ਅਵਾਜ਼ ਵਿੱਚ ਸ਼ਬਦ-ਗਾਇਨ ਕਲਿ ਤਾਰਨ ਗੁਰੂ ਨਾਨਕ ਆਇਆ, ਸੇਵਕ ਕੀ ਅਰਦਾਸਿ ਪਿਆਰੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਇਸ ਤੋਂ ਬਾਅਦ ਕਵਿਤਾ-ਗਾਇਨ, ਭਾਸ਼ਣ-ਮੁਕਾਬਲੇ ਅਤੇ ਪੰਜਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਅਲੱਗ ਜਮਾਤਾਂ ਦੇ ਵਿਦਿਆਰਥੀਆਂ ਦੇ ਗੁਰੂ ਸਾਹਿਬ ਦੀ ਜੀਵਨੀ ਪ੍ਰਤੀ ਪੋਸਟਰ ਮੇਕਿੰਗ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਹੋਏ ਅਤੇ ਤੀਸਰੀ ਜਮਾਤ ਦੇ ਬੱਚਿਆਂ ਨੇ “ਸਿੱਖ ਗੁਰੂ ਦਾ” ਕਵਿਤਾ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਧਾਰਮਿਕ ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਸਭ ਸੰਗਤਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਧਾਰਮਿਕ ਕਦਰਾਂ- ਕੀਮਤਾਂ ਜੋ ਅਧਿਆਤਮਕ ਅਤੇ ਨੈਤਿਕ ਤੰਦਰੁਸਤੀ ਲਈ ਇੱਕ ਅੰਤਿਮ ਮਾਰਗ ਦਰਸ਼ਕ ਹਨ ਨੂੰ ਆਪਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਛੋਟੇ ਬੱਚਿਆਂ ਨੂੰ ਮਾਨਵਤਾ ਦੀ ਉੱਨਤੀ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀ ਸਿੱਖਿਆ’ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀਆਂ ਦੈਵੀ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਅਤੇ ਇੱਕ ਉਦੇਸ਼ਪੂਰਨ ਅਤੇ ਸਾਰਥਕ ਜੀਵਨ ਜਿਉਣ ਲਈ ਵੀ ਪ੍ਰੇਰਿਤ ਕੀਤਾ। ਉਪਰੰਤ ਸਕੂਲ ਦੇ ਸਰਪ੍ਰਸਤਸ਼੍ਰੀ ਅਸ਼ੋਕ ਚਾਵਲਾ ਜੀ ਨੇ ਆਈ ਸਭ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੁਆਂ ਦੇ ਦਿਖਾਏ ਰਸਤੇ ‘ਤੇ ਚੱਲ ਕੇ ਸਮਾਜ ਵਿੱਚ ਹੱਕ, ਸੱਚ ਤੇ ਇਨਸਾਫ ਲਈ ਕੰਮ ਕਰਨਾ ਚਾਹੀਦਾ ਹੈ। ਸਾਨੂੰ ਸਭ ਨੂੰ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਗਏ ਮਾਰਗ ਤੇ ਚੱਲਦਿਆਂ ਉਨ੍ਹਾਂ ਦੇ ਵਚਨਾਂ ਨੂੰ ਅਸਲੀ ਜਾਮਾਂ ਪਹਿਨਾਉਣਾ ਚਾਹੀਦਾ ਹੈ। ਅੰਤ ਵਿੱਚ ਗੁਰੂ ਕਾ ਲੰਗਰ ਸਭ ਸੰਗਤਾਂ ‘ਤੇ ਵਿਦਿਆਰਥੀਆਂ ਨੇ ਸਰਧਾ ਨਾਲ ਛਕਿਆ ਅਤੇ ਬੱਚਿਆਂ ਨੇ ਸਰਧਾ ਭਾਵਨਾ ਨਾਲ ਸੇਵਾ ਕੀਤੀ।

