ਕੌਂਸਲਰ ਇਨਕਮ ਸਰਟੀਫਿਕੇਟ ਲੈਣ ਲਈ ਤਹਿਸੀਲ ਦਫ਼ਤਰ ਕੋਟਕਪੂਰਾ ਦੇ ਗੇੜੇ ਮਾਰਨ ਲਈ ਮਜਬੂਰ
ਦੋ ਮਹੀਨਿਆਂ ਤੋਂ ਚੱਕਰ ਕੱਟਣ ਦੇ ਬਾਵਜੂਦ ਨਹੀਂ ਬਣ ਰਹੇ ਸਰਟੀਫਿਕੇਟ : ਕੌਂਸਲਰ ਚੰਚਲ ਕੁਮਾਰ
ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਤਹਿਸੀਲ ਦਫ਼ਤਰ ਕੋਟਕਪੂਰਾ ਵਿਖੇ ਸਰਕਾਰੀ ਸੇਵਾਵਾਂ ਲੈਣ ਆਉਂਦੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਹਾਲਾਤਾਂ ਦਾ ਖੁਲਾਸਾ ਕਰਦਿਆਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ 24 ਤੋਂ ਕੌਂਸਲਰ ਚੰਚਲ ਕੁਮਾਰ ਨੇ ਤਹਿਸੀਲ ਦਫ਼ਤਰ ਦੀ ਕਾਰਜ ਪ੍ਰਣਾਲੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਸੀ. ਚੰਚਲ ਕੁਮਾਰ ਨੇ ਦੱਸਿਆ ਕਿ ਇੱਕ ਬੱਚੇ ਦੀ ਉੱਚ ਸਿੱਖਿਆ ‘ਚ ਐਡਮਿਸ਼ਨ ਲਈ ਇਨਕਮ (ਆਮਦਨ) ਸਰਟੀਫਿਕੇਟ ਦੀ ਸਖ਼ਤ ਲੋੜ ਸੀ, ਜਿਸ ਲਈ 11 ਜੂਨ 2026 ਨੂੰ ਅਪਲਾਈ ਕੀਤਾ ਗਿਆ ਸੀ ਪਰ ਲਗਭਗ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਤੇ ਤਹਿਸੀਲ ਦਫ਼ਤਰ ਦੇ ਲਗਾਤਾਰ ਗੇੜੇ ਮਾਰਨ ‘ਤੇ ਵੀ ਇਹ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ। ਉਹਨਾਂ ਦੋਸ਼ ਲਗਾਇਆ ਕਿ ਜਦੋਂ ਇੱਕ ਚੁਣੇ ਹੋਏ ਲੋਕ ਪ੍ਰਤੀਨਿਧ (ਐੱਮ.ਸੀ.) ਦੀ ਸੁਣਵਾਈ ਨਹੀਂ ਹੋ ਰਹੀ, ਤਾਂ ਆਮ ਜਨਤਾ ਦੀ ਤਹਿਸੀਲ ਦਫ਼ਤਰਾਂ ‘ਚ ਕੀ ਹਾਲਤ ਹੁੰਦੀ ਹੋਵੇਗੀ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਚੰਚਲ ਕੁਮਾਰ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਸਰਕਾਰ ਤੁਹਾਡੇ ਦੁਆਰ ਦੇ ਵੱਡੇ-ਵੱਡੇ ਦਾਅਵੇ ਕਰਕੇ ਢੰਡੋਰਾ ਪਿੱਟ ਰਹੀ ਹੈ, ਜਦਕਿ ਅਸਲ ਸੱਚਾਈ ਇਹ ਹੈ ਕਿ ਲੋਕ ਆਪਣੇ ਬੁਨਿਆਦੀ ਕੰਮਾਂ ਲਈ ਸਰਕਾਰ ਦੇ ਦੁਆਰ ‘ਤੇ ਧੱਕੇ ਖਾਣ ਲਈ ਮਜਬੂਰ ਹਨ।ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਜੋਰਦਾਰ ਮੰਗ ਕੀਤੀ ਕਿ ਤਹਿਸੀਲ ਦਫ਼ਤਰ ਕੋਟਕਪੂਰਾ ਦੀ ਕਾਰਜ ਪ੍ਰਣਾਲੀ ‘ਚ ਤੁਰੰਤ ਸੁਧਾਰ ਲਿਆਂਦਾ ਜਾਵੇ ਅਤੇ ਬੱਚਿਆਂ ਦੇ ਭਵਿੱਖ ਨਾਲ ਜੁੜੇ ਦਸਤਾਵੇਜ਼ ਬਿਨਾਂ ਕਿਸੇ ਦੇਰੀ ਤੋਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਆਮ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।

