ਲੁਧਿਆਣਾ 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਨੇ ਰਾਸ਼ਟਰੀ ਕਮਿਸਟਰੀ ਦਿਹਾੜੇ ਨੂੰ ਅਚਾਰੀਆ ਪ੍ਰਫੁੱਲ ਚੰਦਰ ਰੇਅ ਦੇ ਜਨਮ ਦਿਵਸ ਦੇ ਰੂਪ ਵਿਚ ਮਨਾਇਆ ਜਿਨ੍ਹਾਂ ਨੂੰ ਭਾਰਤ ਵਿਚ ਕਮਿਸਟਰੀ ਦਾ ਪਿਤਾਮਾ ਕਿਹਾ ਜਾਂਦਾ ਹੈ| ਇਹ ਦਿਹਾੜਾ ਮਨਾਉਣ ਲਈ ਵਿਭਾਗ ਵੱਲੋਂ ਵਿਦਿਆਰਥੀਆਂ ਵਿਚ ਅਕਾਦਮਿਕ ਰੁਚੀਆਂ ਜਾਗਰੂਕ ਕਰਨ ਵਾਲੇ ਵਿਸ਼ੇਸ਼ ਮੁਕਾਬਲੇ ਆਯੋਜਿਤ ਕੀਤੇ ਗਏ| ਸਮਾਗਮ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਮਲੇ ਨੇ ਵੱਧ ਚੜ ਕੇ ਹਿੱਸਾ ਲਿਆ|
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਵਧਾਵਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਦਿਲਚਸਪੀ ਨਾਲ ਵਿਦਿਆਰਥੀਆਂ ਦਾ ਧਿਆਨ ਵਿਸ਼ੇ ਵੱਲੋ ਮੋੜਦੇ ਹਨ|
ਡਾ. ਨੀਨਾ ਸਿੰਗਲਾ ਨੇ ਜੀਵਨ ਦੇ ਵੱਖ-ਵੱਖ ਪੱਖਾਂ ਦੀ ਉਸਾਰੀ ਵਿਚ ਵਿਸ਼ੇ ਵਜੋਂ ਕਮਿਸਟਰੀ ਦੇ ਯੋਗਦਾਨ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਅਜੋਕੇ ਵਿਗਿਆਨੀਆਂ ਨੂੰ ਸਮਾਜਿਕ ਉਸਾਰੀ ਲਈ ਜਾਗਰੂਕ ਹੋਣਾ ਚਾਹੀਦਾ ਹੈ|
ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ ਤੇ ਕਮਿਸਟਰੀ ਦਿਹਾੜੇ ਦੀ ਮਹੱਤਤਾ ਉੱਪਰ ਚਾਨਣਾ ਪਾਇਆ ਅਤੇ ਭਵਿੱਖ ਵਿਚ ਅਜਿਹੇ ਸਮਾਗਮ ਕਰਾਉਣ ਲਈ ਵਚਨਬੱਧਤਾ ਪ੍ਰਗਟਾਈ|
ਇਸ ਮੌਕੇ ਮੁਕਾਬਲਿਆਂ ਦੀ ਲੜੀ ਹੋਈ ਜਿਨ੍ਹਾਂ ਵਿਚ ਰੰਗੋਲੀ ਸਜਾਉਣ ਤੋਂ ਇਲਾਵਾ ਡਿਬੇਟ ਮੁਕਾਬਲੇ ਵੀ ਆਯੋਜਿਤ ਕੀਤੇ ਗਏ| ਅੱਜ ਦੇ ਸਮੇਂ ਦੇ ਭਖਵੇਂ ਰਸਾਇਣਿਕ ਮੁੱਦਿਆਂ ਨੂੰ ਡੀਬੇਟ ਮੁਕਾਬਲੇ ਦੇ ਸਿਰਲੇਖ ਬਣਾਇਆ ਗਿਆ ਸੀ| ਸਮਾਗਮ ਦੌਰਾਨ ਕੁਮਾਰੀ ਅਕਾਸ਼ਦੀਪ ਕੌਰ ਨੇ ਇਸ ਦਿਹਾੜੇ ਦੀ ਮਹੱਤਤਾ ਉੱਪਰ ਚਾਨਣਾ ਪਾਇਆ| ਡਾ.
ਦਿਵਿਆ ਅਤੇ ਡਾ. ਜੋਤੀ ਗਾਬਾ ਨੇ ਏ ਆਈ ਅਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਦਾ ਸੰਚਾਲਨ ਕੀਤਾ|
ਇਸ ਸਮਾਗਮ ਦੇ ਸੰਯੋਜਕ ਕੁਮਾਰੀ ਨਵਨੂਰ ਕੌਰ ਅਤੇ ਕੁਮਾਰੀ ਸਰੀਜਾ ਸਨ|
ਅੰਤ ਵਿਚ ਡਾ. ਸੋਨੀਆ ਕੌਸ਼ਲ ਨੇ ਸਭ ਦਾ ਧੰਨਵਾਦ ਕੀਤਾ|

