ਲੁਧਿਆਣਾ 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਨੇ ਮਹਾਂਰਾਸ਼ਟਰ ਸਥਿਤ ਕੰਪਨੀ ਮਾਹੀਕੋ ਪ੍ਰਾਈਵੇਟ ਲਿਮਿਟਡ ਨਾਲ ਨਰਮੇ ਦੀ ਪੱਤਾ ਮਰੋੜ ਬਿਮਾਰੀ ਦੀ ਰੋਕਥਾਮ ਕਰਨ ਵਾਲੀ ਤਕਨਾਲੋਜੀ ਪੀ.ਏ.ਯੂ. ਆਰਮਰ-1 ਦੇ ਪਸਾਰ ਲਈ ਸਮਝੌਤਾ ਕੀਤਾ ਹੈ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀ ਤਰਫੋਂ ਅਤੇ ਡਾ. ਚੇਤਨ ਚਾਵੜਾ ਨੇ ਸੰਬੰਧਿਤ ਕੰਪਨੀ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ| ਇਸ ਮੌਕੇ ਖੇਤੀਬਾੜੀ ਅਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਖੇਤੀ ਇੰਜਨੀਅਰਿੰਗ ਬਾਰੇ ਡਾ. ਮਹੇਸ਼ ਕੁਮਾਰ ਤੋਂ ਇਲਾਵਾ ਡਾ. ਖੁਸ਼ਦੀਪ ਸਿੰਘ ਧਰਨੀ ਅਤੇ ਖੇਤਰੀ ਖੋਜ ਫਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਵੀ ਮੌਜੂਦ ਰਹੇ| ਡਾ. ਢੱਟ ਨੇ ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਇਸ ਤਕਨਾਲੋਜੀ ਦੇ ਪਸਾਰ ਲਈ ਵਧਾਈ ਦਿੰਦਿਆਂ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ|
ਪ੍ਰਮੁੱਖ ਨਰਮਾ ਬਰੀਡਰ ਡਾ. ਧਰਮਿੰਦਰ ਪਾਠਕ ਨੇ ਦੱਸਿਆ ਕਿ ਉੱਤਰ ਭਾਰਤ ਵਿਚ ਅਮਰੀਕਨ ਨਰਮੇ ਹੇਠ ਆਉਣ ਵਾਲੇ ਰਾਜਾਂ ਵਿਸ਼ੇਸ਼ ਤੌਰ ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਨਰਮੇ ਦੀ ਪੱਤਾ ਮਰੋੜ ਬਿਮਾਰੀ ਵੱਡੀ ਸਮੱਸਿਆ ਹੈ| ਇਸਦਾ ਕਾਰਨ ਚਿੱਟੀ ਮੱਖੀ ਵੱਲੋਂ ਰੂਪਾਂਤਰਿਤ ਵਿਸ਼ਾਣੂੰ ਹਨ| ਇਸ ਬਿਮਾਰੀ ਕਾਰਨ ਨਰਮੇ ਦੀ ਫਸਲ ਨੂੰ ਝਾੜ ਪੱਖੋਂ ਕਾਫੀ ਨੁਕਸਾਨ ਹੁੰਦਾ ਹੈ| ਵਿਸ਼ੇਸ਼ ਤੌਰ ਤੇ ਫਸਲ ਦੇ ਮੁੱਢਲੇ ਪੜਾਅ ਤੇ ਵਿਕਾਸ ਵੀ ਪ੍ਰਭਾਵਿਤ ਹੁੰਦਾ ਰਿਹਾ ਹੈ| ਪੀ.ਏ.ਯੂ. ਨੇ ਇਸਦੀ ਰੋਕਥਾਮ ਲਈ ਪੀ.ਏ.ਯੂ. ਆਰਮਰ-1 ਤਕਨਾਲੋਜੀ ਵਿਕਸਿਤ ਕੀਤੀ| ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਨਰਮੇ ਦੇ ਪੱਤਾ ਮਰੋੜ ਰੋਗ ਦੀ ਅਸਰਦਾਰ ਰੋਕਥਾਮ ਲਈ ਇਹੋ ਇਕ ਮਾਤਰ ਬਦਲ ਨਜ਼ਰ ਆਉਂਦਾ ਹੈ|

