
ਕਈ ਵਾਰ ਜ਼ਿੰਦਗੀ ਵਿੱਚ ਕੋਈ ਐਸਾ ਪਲ ਆ ਜਾਂਦਾ ਹੈ, ਜਿਹੜਾ ਅੱਖਾਂ ਸਾਹਮਣੇ ਤਾਂ ਕੁਝ ਮਿੰਟਾਂ ਲਈ ਵਾਪਰਦਾ ਹੈ, ਪਰ ਮਨ ਦੇ ਅੰਦਰ ਸਾਲਾਂ-ਬੱਧੀ ਚੱਲਦਾ ਰਹਿੰਦਾ ਹੈ। 5 ਸਤੰਬਰ ਦੀ ਮਿਲਾਨ ਵਾਲੀ ਰਾਤ ਮੇਰੇ ਲਈ ਵੀ ਐਸਾ ਹੀ ਇੱਕ ਪਲ ਸੀ।
ਮੈਂ ਦਿਲਜੀਤ ਦੁਸਾਂਝ ਦਾ ਸ਼ੋਅ ਵੇਖਣ ਗਿਆ ਸੀ, ਪਰ ਮੁੜਿਆ ਤਾਂ ਲੱਗਾ ਜਿਵੇਂ ਮਿਲਾਨ ਤੋਂ ਮੈਂ ਆਪਣੇ ਨਾਲ ਦੁਸਾਂਝ ਕਲਾਂ ਦਾ ਇੱਕ ਪੂਰਾ ਪਿੰਡ ਚੁੱਕ ਲਿਆਇਆ ਹਾਂ।
ਲਾਈਟਾਂ ਬੁੱਝ ਗਈਆਂ ਸਨ। ਸਟੇਜ ਖਾਲੀ ਹੋ ਗਿਆ ਸੀ। ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਰਹੇ ਸਨ। ਪਰ ਮੇਰੇ ਅੰਦਰ ਕੁਝ ਅਜੇ ਵੀ ਨੱਚ ਰਿਹਾ ਸੀ।
ਉਹ ਸੀ—ਮੇਰਾ ਪਿੰਡ।
—
ਜਿਸਨੂੰ ਦੁਨੀਆ ਸਟਾਰ ਆਖਦੀ, ਮੇਰੇ ਲਈ ਉਹ ਪਿੰਡ ਦਾ ਮੁੰਡਾ
—
ਅੱਜ ਦਿਲਜੀਤ ਦੁਸਾਂਝ ਦਾ ਨਾਂ ਦੁਨੀਆ ਦੇ ਵੱਡੇ ਕਲਾਕਾਰਾਂ ਵਿੱਚ ਲਿਆ ਜਾਂਦਾ ਹੈ। ਗਾਇਕੀ ਹੋਵੇ, ਅਦਾਕਾਰੀ ਹੋਵੇ, ਫੈਸ਼ਨ ਹੋਵੇ ਜਾਂ ਦੁਨੀਆ ਦੇ ਵੱਡੇ ਸਟੇਜ—ਉਹਨੇ ਆਪਣੀ ਇੱਕ ਵੱਖਰੀ ਥਾਂ ਬਣਾਈ ਹੈ।
ਪਰ ਮੇਰੇ ਲਈ ਇਸ ਸਾਰੇ ਤੋਂ ਪਹਿਲਾਂ ਇੱਕ ਹੋਰ ਪਛਾਣ ਆਉਂਦੀ ਹੈ।
ਦੁਸਾਂਝ ਕਲਾਂ ਦਾ ਮੁੰਡਾ।
ਮੈਂ ਉਹਨੂੰ ਉਸ ਵੇਲੇ ਤੋਂ ਜਾਣਦਾ ਹਾਂ ਜਦੋਂ ਨਾ ਮਿਲਾਨ ਸੀ, ਨਾ Aura ਸੀ, ਨਾ ਦੁਨੀਆ ਦੇ ਵੱਡੇ ਸਟੇਜ।
ਉਦੋਂ ਸਾਡੀ ਦੁਨੀਆ ਹੀ ਸਾਡਾ ਪਿੰਡ ਸੀ।
ਗਲੀਆਂ ਸਨ, ਖੇਤ ਸਨ, ਸਕੂਲ ਦਾ ਮੈਦਾਨ ਸੀ, ਮੇਲੇ ਸਨ ਤੇ ਉਹਨਾਂ ਵਿੱਚ ਘੁੰਮਦੇ ਸਾਡੇ ਆਪਣੇ ਚਿਹਰੇ ਸਨ।
ਅੱਜ ਉਹੀ ਮੁੰਡਾ ਹਜ਼ਾਰਾਂ ਮੀਲ ਦੂਰ ਮਿਲਾਨ ਵਿੱਚ ਖੜ੍ਹਾ ਸੀ ਤੇ ਹਜ਼ਾਰਾਂ ਲੋਕ ਉਹਦੇ ਇੱਕ ਇਸ਼ਾਰੇ ਨਾਲ ਆਪਣੀਆਂ ਬਾਂਹਾਂ ਹਵਾ ਵਿੱਚ ਚੁੱਕ ਰਹੇ ਸਨ।
ਮੈਂ ਬੈਠਾ ਵੇਖ ਰਿਹਾ ਸੀ।
ਤੇ ਅੰਦਰੋਂ ਇੱਕ ਆਵਾਜ਼ ਆ ਰਹੀ ਸੀ—
“ਓਏ, ਇਹ ਤਾਂ ਆਪਣਾ ਦਿਲਜੀਤ ਆ।”
—
ਮਿਲਾਨ ਦੀ ਧਰਤੀ ’ਤੇ ਪੰਜਾਬ ਦੀ ਧੜਕਣ
—
Unipol Forum ਦਾ ਉਹ ਵਿਸ਼ਾਲ ਹਾਲ ਲੋਕਾਂ ਨਾਲ ਭਰਿਆ ਪਿਆ ਸੀ। ਪੰਜਾਬੀ ਸਨ, ਭਾਰਤੀ ਸਨ, ਪਾਕਿਸਤਾਨੀ ਸਨ, ਬੰਗਲਾਦੇਸ਼ੀ ਸਨ ਤੇ ਇਟਾਲੀਅਨ ਵੀ।
ਕੋਈ ਦੂਰ ਬਰੇਸ਼ੀਆ ਤੋਂ ਆਇਆ ਸੀ, ਕੋਈ ਬੇਰਗਾਮੋ ਤੋਂ, ਕੋਈ ਪਾਦੋਵਾ ਤੋਂ ਤੇ ਕੋਈ ਪਾਰਮਾ ਤੋਂ।
ਸਭ ਦੇ ਚਿਹਰਿਆਂ ’ਤੇ ਇੱਕੋ ਉਡੀਕ ਸੀ।
ਫਿਰ ਸਟੇਜ ਦੀਆਂ ਲਾਈਟਾਂ ਜਗੀਆਂ।
ਦਿਲਜੀਤ ਆਇਆ।
ਤੇ ਅਗਲੇ ਪਲ ਮਿਲਾਨ ਨਹੀਂ ਸੀ ਰਹੀ—ਪੰਜਾਬ ਹੋ ਗਿਆ ਸੀ।
ਤਾਲੀਆਂ ਦੀ ਆਵਾਜ਼, ਗੀਤਾਂ ਦੇ ਬੋਲ, ਢੋਲ ਦੀ ਧੁਨ ਤੇ ਹਜ਼ਾਰਾਂ ਲੋਕਾਂ ਦਾ ਇਕੱਠਿਆਂ ਨੱਚਣਾ… ਇਹ ਸਭ ਵੇਖਦਿਆਂ ਮੈਨੂੰ ਵਾਰ-ਵਾਰ ਲੱਗਦਾ ਰਿਹਾ ਕਿ ਇਹ ਮੁੰਡਾ ਇਕੱਲਾ ਨਹੀਂ ਖੜ੍ਹਾ।
ਉਹਦੇ ਪਿੱਛੇ ਉਹ ਪਿੰਡ ਖੜ੍ਹਾ ਹੈ, ਜਿੱਥੋਂ ਉਹ ਤੁਰਿਆ ਸੀ।
—
ਚਮਕੀਲਾ ਮੁੜ ਮਿਲਾਨ ਵਿੱਚ ਚਮਕਿਆ
—
ਸ਼ੋਅ ਦੀ ਸ਼ੁਰੂਆਤ ਚਮਕੀਲੇ ਦੇ ਗੀਤਾਂ ਨਾਲ ਹੋਈ ਤਾਂ ਮਨ ਇੱਕ ਪਲ ਲਈ ਅੱਜ ਤੋਂ ਪਿੱਛੇ ਮੁੜ ਗਿਆ।
ਪੰਜਾਬੀ ਸੰਗੀਤ ਦੇ ਉਸ ਮਹਾਨ ਕਲਾਕਾਰ ਦੀ ਯਾਦ, ਜਿਸਦੀ ਆਵਾਜ਼ ਨੇ ਇੱਕ ਸਮੇਂ ਪੰਜਾਬ ਦੇ ਪਿੰਡਾਂ ਨੂੰ ਹਿਲਾ ਦਿੱਤਾ ਸੀ, ਅੱਜ ਇਟਲੀ ਦੀ ਧਰਤੀ ’ਤੇ ਫਿਰ ਗੂੰਜ ਰਹੀ ਸੀ।
ਦਲਜੀਤ ਨੇ ਚਮਕੀਲੇ ਨੂੰ ਸਿਰਫ਼ ਗਾਇਆ ਨਹੀਂ।
ਮੈਨੂੰ ਲੱਗਿਆ, ਉਹਨੇ ਚਮਕੀਲੇ ਨੂੰ ਇੱਕ ਨਵੀਂ ਪੀੜ੍ਹੀ ਦੇ ਸਾਹਮਣੇ ਮੁੜ ਖੜ੍ਹਾ ਕਰ ਦਿੱਤਾ।
ਮਿਲਾਨ ਵਿੱਚ ਬੈਠੇ ਕਈ ਲੋਕ ਸ਼ਾਇਦ ਚਮਕੀਲੇ ਨੂੰ ਕਦੇ ਵੇਖਿਆ ਵੀ ਨਾ ਹੋਵੇ। ਪਰ ਉਸ ਰਾਤ ਉਸਦੇ ਬੋਲ ਉਹਨਾਂ ਦੀਆਂ ਜ਼ੁਬਾਨਾਂ ’ਤੇ ਸਨ।
ਇਹੀ ਤਾਂ ਕਲਾ ਦੀ ਉਮਰ ਹੁੰਦੀ ਹੈ।
ਕਲਾਕਾਰ ਚਲਾ ਜਾਂਦਾ ਹੈ, ਪਰ ਆਵਾਜ਼ ਰਹਿ ਜਾਂਦੀ ਹੈ।
—
ਦਿਲਜੀਤ ਨੱਚਿਆ ਤਾਂ ਮੈਨੂੰ ਗੁੱਗੂ ਯਾਦ ਆ ਗਿਆ
—
ਦਿਲਜੀਤ ਦਾ ਭੰਗੜਾ ਵੇਖਦਿਆਂ ਮੇਰਾ ਮਨ ਅਚਾਨਕ ਦੁਸਾਂਝ ਕਲਾਂ ਦੀਆਂ ਗਲੀਆਂ ਵਿੱਚ ਜਾ ਵੜਿਆ।
ਮੈਨੂੰ ਆਪਣਾ ਗੁੱਗੂ ਜੋ ਕਿ ਦਲਜੀਤ ਦੇ ਸਕੇ ਤਾਏ ਦਾ ਮੁੰਡਾ ਯਾਦ ਆ ਗਿਆ—ਸਾਡੇ ਪਿੰਡ ਦੀ ਭੰਗੜਾ ਟੀਮ ਦਾ ਕਪਤਾਨ।
ਉਹੀ ਖੁੱਲ੍ਹੀਆਂ ਬਾਂਹਾਂ।
ਉਹੀ ਪੈਰਾਂ ਦੀ ਥਾਪ।
ਉਹੀ ਸਰੀਰ ਦਾ ਤਾਲ ਨਾਲ ਝੂਮਣਾ।
ਮਿਲਾਨ ਦੇ ਸਟੇਜ ’ਤੇ ਦਿਲਜੀਤ ਨੂੰ ਨੱਚਦਿਆਂ ਵੇਖ ਕੇ ਮੈਨੂੰ ਲੱਗਾ ਜਿਵੇਂ ਪਿੰਡ ਦਾ ਪੁਰਾਣਾ ਭੰਗੜਾ ਕਿਸੇ ਨਵੇਂ ਰੂਪ ਵਿੱਚ ਮੇਰੇ ਸਾਹਮਣੇ ਆ ਗਿਆ ਹੋਵੇ।
ਬੰਦਾ ਪਿੰਡ ਤੋਂ ਦੂਰ ਜਾ ਸਕਦਾ ਹੈ, ਪਿੰਡ ਬੰਦੇ ਤੋਂ ਦੂਰ ਨਹੀਂ ਜਾਂਦਾ।
ਕਿਤੇ ਨਾ ਕਿਤੇ ਉਹਦੇ ਅੰਦਰ ਆਪਣੀ ਮਿੱਟੀ ਦੀ ਖੁਸ਼ਬੂ ਬਚੀ ਰਹਿੰਦੀ ਹੈ।
—
ਇੱਕ ਹਾਕੀ ਦੀ ਸਟਿੱਕ ਤੋਂ ਹਜ਼ਾਰਾਂ ਉੱਠੀਆਂ ਬਾਂਹਾਂ ਤੱਕ
—
ਉਸ ਰਾਤ ਇੱਕ ਹੋਰ ਤਸਵੀਰ ਮੇਰੇ ਮਨ ਵਿੱਚ ਵਾਰ-ਵਾਰ ਉੱਭਰਦੀ ਰਹੀ।
ਦੁਸਾਂਝ ਕਲਾਂ ਦਾ ਸਕੂਲ।
ਮੈਦਾਨ।
ਹਾਕੀ ਖੇਡਦਾ ਬਲਬੀਰ ਸਿੰਘ ਦੋਸਾਂਝ।
ਗੋਲ ਹੋਣ ’ਤੇ ਹੱਥ ਵਿੱਚ ਹਾਕੀ ਦੀ ਸਟਿੱਕ ਉੱਚੀ ਹੁੰਦੀ ਹੋਵੇਗੀ।
ਕਿਸੇ ਨੇ ਉਦੋਂ ਨਹੀਂ ਸੋਚਿਆ ਹੋਣਾ ਕਿ ਇਸੇ ਘਰ ਦਾ ਇੱਕ ਮੁੰਡਾ ਇੱਕ ਦਿਨ ਹਜ਼ਾਰਾਂ ਮੀਲ ਦੂਰ ਜਾ ਕੇ ਹਜ਼ਾਰਾਂ ਲੋਕਾਂ ਦੀਆਂ ਬਾਂਹਾਂ ਹਵਾ ਵਿੱਚ ਚੁਕਵਾ ਦੇਵੇਗਾ।
ਉਦੋਂ ਇੱਕ ਹਾਕੀ ਦੀ ਸਟਿੱਕ ਉੱਠੀ ਸੀ।
ਅੱਜ ਹਜ਼ਾਰਾਂ ਬਾਂਹਾਂ ਉੱਠ ਰਹੀਆਂ ਸਨ।
ਵਕਤ ਦੀ ਆਪਣੀ ਵੀ ਇੱਕ ਲਿਖਤ ਹੁੰਦੀ ਹੈ।
—
ਮਾਪਿਆਂ ਨਾਲ ਹੋਈ ਗੱਲ ਤੇ ਮਿਲਾਨ ਦੀ ਉਹ ਰਾਤ
—
ਪਿਛਲੇ ਸਾਲ ਮੈਨੂੰ ਦਿਲਜੀਤ ਦੇ ਮਾਪਿਆਂ ਨੂੰ ਲੁਧਿਆਣੇ ਮਿਲਣ ਦਾ ਮੌਕਾ ਮਿਲਿਆ ਸੀ।
ਬੈਠ ਕੇ ਦਿਲਜੀਤ ਦੀ ਗਾਇਕੀ, ਭਵਿੱਖ ਤੇ ਪਿੰਡ ਦੀਆਂ ਗੱਲਾਂ ਹੋਈਆਂ ਸਨ।
ਉਦੋਂ ਦਿਲਜੀਤ ਦੀ ਕਾਮਯਾਬੀ ਬਾਰੇ ਗੱਲ ਕਰਨਾ ਇੱਕ ਗੱਲ ਸੀ।
ਪਰ 5 ਸਤੰਬਰ ਦੀ ਰਾਤ ਉਸ ਕਾਮਯਾਬੀ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਹੋਰ ਗੱਲ ਸੀ।
ਜਿਹੜੀ ਗੱਲ ਉਦੋਂ ਗੱਲਬਾਤ ਵਿੱਚ ਸੀ, ਉਹ ਅੱਜ ਮਿਲਾਨ ਦੇ ਸਟੇਜ ’ਤੇ ਹਕੀਕਤ ਬਣ ਕੇ ਖੜ੍ਹੀ ਸੀ।
ਦੁਸਾਂਝ ਕਲਾਂ ਦਾ ਮੁੰਡਾ ਹੁਣ ਸਿਰਫ਼ ਪਿੰਡ ਦੀ ਗੱਲ ਨਹੀਂ ਸੀ ਰਹਿ ਗਿਆ—ਉਹ ਦੁਨੀਆ ਦੀ ਗੱਲ ਬਣ ਚੁੱਕਾ ਸੀ।
—
ਮਿਲਣ ਦੀ ਤਾਂਘ ਰਹੀ, ਪਰ ਮੁਲਾਕਾਤ ਨਾ ਹੋਈ
—
ਇਸ ਸਾਰੀ ਖੁਸ਼ੀ ਦੇ ਵਿਚਕਾਰ ਮਨ ਵਿੱਚ ਇੱਕ ਨਿੱਕੀ ਜਿਹੀ ਕਸਕ ਵੀ ਸੀ।
ਮੈਂ ਉਹਨੂੰ ਮਿਲਣਾ ਚਾਹੁੰਦਾ ਸੀ।
ਚਾਰ ਦਿਨ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰਦਾ ਰਿਹਾ। ਗੱਲਾਂ ਹੋਈਆਂ। ਆਸ ਬਣੀ ਕਿ ਮਿਲਾ ਦੇਣਗੇ।
ਪਰ ਅਖੀਰ ਮੁਲਾਕਾਤ ਨਾ ਹੋ ਸਕੀ।
ਸੁਰੱਖਿਆ ਦੇ ਘੇਰੇ ਬਹੁਤ ਸਖ਼ਤ ਸਨ।
ਮੈਂ ਦੂਰੋਂ ਉਹਨੂੰ ਵੇਖਿਆ।
ਬਸ ਐਨਾ ਹੀ।
ਪਰ ਦਿਲ ਨੇ ਫਿਰ ਵੀ ਆਖਿਆ—
“ਚੱਲ, ਅੱਜ ਨਹੀਂ ਤਾਂ ਕਦੇ ਹੋਰ ਸਹੀ… ਆਪਣਾ ਮੁੰਡਾ ਕਿਤੇ ਭੱਜਿਆ ਨਹੀਂ।”
ਸ਼ਾਇਦ ਬਚਪਨ ਦੇ ਰਿਸ਼ਤਿਆਂ ਵਿੱਚ ਇਹੀ ਗੱਲ ਹੁੰਦੀ ਹੈ। ਦੂਰੀ ਕਿੰਨੀ ਵੀ ਹੋਵੇ, ਆਪਣਾਪਣ ਆਪਣੀ ਥਾਂ ਖੜ੍ਹਾ ਰਹਿੰਦਾ ਹੈ।
—
ਇਸ ਵਾਰ ਮੈਂ ਪੱਤਰਕਾਰ ਨਹੀਂ ਸੀ
—
ਮੈਂ ਇਟਲੀ ਵਿੱਚ ਸਾਲਾਂ ਤੋਂ ਪੰਜਾਬੀ ਕਲਾਕਾਰਾਂ ਦੇ ਪ੍ਰੋਗਰਾਮ ਕਵਰ ਕਰਦਾ ਆ ਰਿਹਾ ਹਾਂ।
ਪੱਤਰਕਾਰ ਦੀ ਜ਼ਿੰਦਗੀ ਵਿੱਚ ਬਹੁਤ ਸ਼ੋਅ ਆਉਂਦੇ ਨੇ ਤੇ ਲੰਘ ਜਾਂਦੇ ਨੇ।
ਪਰ ਇਸ ਵਾਰ ਗੱਲ ਹੋਰ ਸੀ।
ਇਸ ਵਾਰ ਮੈਂ ਕਿਸੇ ਅਖ਼ਬਾਰ ਲਈ ਖ਼ਬਰ ਬਣਾਉਣ ਨਹੀਂ ਗਿਆ ਸੀ।
ਮੈਂ ਆਪਣੀ ਜੇਬ ਵਿੱਚੋਂ ਟਿਕਟ ਖਰੀਦ ਕੇ ਆਪਣੇ ਪਿੰਡ ਦੇ ਮੁੰਡੇ ਨੂੰ ਵੇਖਣ ਗਿਆ ਸੀ।
ਇਸੇ ਕਰਕੇ ਸ਼ਾਇਦ ਉਸ ਰਾਤ ਮੇਰੇ ਅੰਦਰ ਪੱਤਰਕਾਰ ਘੱਟ ਤੇ ਦੁਸਾਂਝ ਕਲਾਂ ਦਾ ਬੰਦਾ ਵੱਧ ਬੈਠਾ ਸੀ।
—
ਇੱਕ ਇਟਾਲੀਅਨ ਪ੍ਰਸ਼ੰਸਕ ਤੇ Ik Onkar
—
ਉਸ ਰਾਤ ਇੱਕ ਹੋਰ ਗੱਲ ਨੇ ਮੇਰਾ ਧਿਆਨ ਖਿੱਚਿਆ।
ਇੱਕ ਇਟਾਲੀਅਨ ਪ੍ਰਸ਼ੰਸਕ ਨੇ ਆਪਣੇ ਸਰੀਰ ਉੱਤੇ Ik Onkar ਦੇ ਨਾਲ ਦਲਜੀਤ ਦਾ ਨਾਂ ਵੀ ਲਿਖਿਆ ਹੋਇਆ ਸੀ। ਦਲਜੀਤ ਨੇ ਇਸ ਮੌਕੇ ’ਤੇ ਸਪਸ਼ਟ ਕੀਤਾ ਕਿ ਉਹ Ik Onkar ਦੇ ਬਰਾਬਰ ਨਹੀਂ।
ਮੈਨੂੰ ਇਹ ਗੱਲ ਚੰਗੀ ਲੱਗੀ।
ਕਿਉਂਕਿ ਕਲਾਕਾਰ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਆਪਣੇ ਤੋਂ ਵੱਡੀ ਉਸ ਰੂਹਾਨੀ ਵਿਰਾਸਤ ਨੂੰ ਪਛਾਣਨਾ ਉਸਦੀ ਆਪਣੀ ਵਡਿਆਈ ਹੁੰਦੀ ਹੈ।
ਉਸ ਪਲ ਮੈਨੂੰ ਲੱਗਿਆ ਕਿ ਦੁਸਾਂਝ ਕਲਾਂ ਦਾ ਇਹ ਮੁੰਡਾ ਸਿਰਫ਼ ਗੀਤ ਨਹੀਂ ਵੇਚ ਰਿਹਾ—ਉਹ ਆਪਣੀ ਪਛਾਣ ਵੀ ਦੁਨੀਆ ਦੇ ਸਾਹਮਣੇ ਲੈ ਕੇ ਤੁਰ ਰਿਹਾ ਹੈ।
—
ਰਾਤ ਮੁੱਕ ਗਈ, ਪਰ ਪਿੰਡ ਅੰਦਰ ਜਾਗਦਾ ਰਿਹਾ
—
ਸ਼ੋਅ ਮੁੱਕਣ ਤੋਂ ਲਗਭਗ ਇੱਕ ਘੰਟੇ ਬਾਅਦ ਮੈਂ ਬੈਠ ਗਿਆ।
ਕਲਮ ਚੁੱਕੀ।
ਤੇ ਲਿਖਣਾ ਸ਼ੁਰੂ ਕਰ ਦਿੱਤਾ।
ਸ਼ਾਇਦ ਇਸੇ ਕਰਕੇ ਉਹ ਲਿਖਤ ਖ਼ਬਰ ਨਾ ਬਣ ਸਕੀ।
ਉਹ ਮੇਰੀ ਉਸ ਰਾਤ ਦੀ ਅੰਦਰਲੀ ਆਵਾਜ਼ ਬਣ ਗਈ।
ਮੈਂ ਖੁਸ਼ ਸੀ।
ਬਹੁਤ ਖੁਸ਼।
ਕਿਉਂਕਿ ਮੇਰੇ ਪਿੰਡ ਦਾ ਮੁੰਡਾ ਮਿਲਾਨ ਵਿੱਚ ਹਜ਼ਾਰਾਂ ਲੋਕਾਂ ਨੂੰ ਨਚਾ ਕੇ ਗਿਆ ਸੀ।
ਪਰ ਅੰਦਰ ਕਿਤੇ ਇੱਕ ਛੋਟੀ ਜਿਹੀ ਉਦਾਸੀ ਵੀ ਸੀ ਕਿ ਜਿਹੜੇ ਬੰਦੇ ਨੂੰ ਮਿਲਣ ਦੀ ਇੰਨੀ ਤਾਂਘ ਲੈ ਕੇ ਗਿਆ ਸੀ, ਉਹਨੂੰ ਗਲ ਲਾ ਕੇ ਮਿਲ ਨਾ ਸਕਿਆ।
ਸ਼ਾਇਦ ਇਹ ਦੋਵੇਂ ਭਾਵਨਾਵਾਂ ਰਲ ਕੇ ਹੀ ਉਹ ਲੇਖ ਬਣ ਗਈਆਂ।
—
ਪਿੰਡ ਛੋਟਾ ਸੀ, ਸੁਪਨਾ ਵੱਡਾ ਨਿਕਲਿਆ
—
ਦੁਸਾਂਝ ਕਲਾਂ ਕੋਈ ਮਿਲਾਨ ਨਹੀਂ।
ਨਾ ਉੱਥੇ ਐਨੇ ਵੱਡੇ ਸਟੇਜ ਨੇ, ਨਾ ਐਨੀਆਂ ਚਮਕਦਾਰ ਲਾਈਟਾਂ।
ਪਰ ਉਸ ਪਿੰਡ ਦੀ ਮਿੱਟੀ ਵਿੱਚ ਵੀ ਸੁਪਨੇ ਉੱਗਦੇ ਨੇ।
ਇੱਕ ਮੁੰਡਾ ਉਸ ਮਿੱਟੀ ਵਿੱਚੋਂ ਉੱਠਿਆ।
ਗੀਤ ਗਾਏ।
ਅਦਾਕਾਰੀ ਕੀਤੀ।
ਆਪਣੀ ਬੋਲੀ ਨੂੰ ਆਪਣੀ ਪਛਾਣ ਬਣਾਇਆ।
ਤੇ ਅੱਜ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਗੂੰਜ ਰਹੀ ਹੈ।
ਮਿਲਾਨ ਦੀ ਉਸ ਰਾਤ ਮੈਨੂੰ ਵਾਰ-ਵਾਰ ਇੱਕੋ ਗੱਲ ਮਹਿਸੂਸ ਹੋਈ—
ਦੁਸਾਂਝ ਕਲਾਂ ਤੋਂ ਤੁਰਿਆ ਉਹ ਮੁੰਡਾ ਅੱਜ ਭਾਵੇਂ ਦੁਨੀਆ ਦਾ ਹੋ ਗਿਆ ਏ, ਪਰ ਪਿੰਡ ਦੀ ਅੱਖ ਵਿੱਚ ਉਹ ਅਜੇ ਵੀ ਆਪਣਾ ਹੀ ਆ।
ਅਖੀਰ ਵਿੱਚ ਸ਼ਾਇਦ ਕਿਸੇ ਪਿੰਡ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੁੰਦੀ ਕਿ ਉਸਦਾ ਪੁੱਤ ਦੁਨੀਆ ਜਿੱਤ ਲਵੇ, ਪਰ ਪਿੰਡ ਉਸਨੂੰ ਆਪਣਾ ਆਖਣ ਦਾ ਹੱਕ ਨਾ ਗੁਆਵੇ।
ਉਸ ਰਾਤ ਮਿਲਾਨ ਵਿੱਚ ਦਲਜੀਤ ਦੁਸਾਂਝ ਨਹੀਂ ਗੂੰਜਿਆ ਸੀ ਸਿਰਫ਼—
ਦੁਸਾਂਝ ਕਲਾਂ ਗੂੰਜਿਆ ਸੀ।
ਤੇ ਮੈਂ ਦੂਰ ਬੈਠਾ ਸੋਚ ਰਿਹਾ ਸੀ—
“ਓਏ ਦਿਲਜੀਤ ਆ… ਤੂੰ ਤਾਂ ਸੱਚੀਂ ਆਪਣੇ ਪਿੰਡ ਦੀ ਮਿੱਟੀ ਨੂੰ ਦੁਨੀਆ ਦੇ ਨਕਸ਼ੇ ’ਤੇ ਲਾ ਕੇ ਆ ਗਿਆ ਏਂ।”
—–ਪਰਮਜੀਤ ਸਿੰਘ ਦੁਸਾਂਝ (ਮਿਲਾਨ) ਇਟਲੀ।
0039-3381411381
