
ਲੁਧਿਆਣਾ 22 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਚਾਰ ਰੋਜ਼ਾ ਚੌਥੀ ਕੌਮਾਂਤਰੀ ਨਦੀਨ ਕਾਨਫਰੰਸ ਅੱਜ ਪੀ.ਏ.ਯੂ. ਵਿਖੇ ਰਸਮੀ ਸਮਾਪਤੀ ਸਮਾਰੋਹ ਨਾਲ ਨੇਪਰੇ ਚੜ੍ਹੀ। ਇਸ ਕੌਮਾਂਤਰੀ ਕਾਨਫਰੰਸ ਦਾ ਸਾਂਝੇ ਤੌਰ ’ਤੇ ਆਯੋਜਨ ਇੰਡੀਅਨ ਸੁਸਾਇਟੀ ਆਫ ਵੀਡ ਸਾਇੰਸ, ਜਬਲਪੁਰ; ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ; ਆਈ.ਸੀ.ਏ.ਆਰ.-ਡਾਇਰੈਕਟੋਰੇਟ ਆਫ ਵੀਡ ਰਿਸਰਚ, ਜਬਲਪੁਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.), ਨਵੀਂ ਦਿੱਲੀ ਵੱਲੋਂ ਕੀਤਾ ਗਿਆ। ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀਆਂ, ਖੋਜਾਰਥੀਆਂ, ਨੀਤੀ-ਘਾੜਿਆਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੌਰਾਨ ਬਦਲਦੇ ਮੌਸਮੀ ਹਾਲਾਤ ਦੇ ਮੱਦੇਨਜ਼ਰ ਨਦੀਨਾਂ ਉੱਪਰ ਕਾਬੂ ਪਾਉਣ ਦੇ ਖੇਤਰ ਵਿੱਚ ਦਰਪੇਸ਼ ਨਵੀਆਂ ਚੁਣੌਤੀਆਂ ਅਤੇ ਖੇਤੀ ਨੂੰ ਸਥਿਰ ਬਣਾਉਣ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਪਤੀ ਸਮਾਰੋਹ ਵਿੱਚ ਉੱਘੇ ਨਦੀਨ ਵਿਗਿਆਨੀ ਅਤੇ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐੱਲ. ਐੱਸ. ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਐੱਨ. ਟੀ. ਯਦੁਰਾਜੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਇੰਡੀਅਨ ਸੁਸਾਇਟੀ ਆਫ ਵੀਡ ਸਾਇੰਸ ਦੇ ਪ੍ਰਧਾਨ ਅਤੇ ਕਾਨਫਰੰਸ ਦੇ ਆਯੋਜਨ ਚੇਅਰਮੈਨ ਡਾ. ਟੀ. ਕੇ. ਦਾਸ, ਸੁਸਾਇਟੀ ਦੇ ਸਕੱਤਰ ਅਤੇ ਕਾਨਫਰੰਸ ਦੇ ਆਯੋਜਨ ਸਕੱਤਰ ਡਾ. ਵੀ. ਕੇ. ਚੌਧਰੀ, ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕਾਨਫਰੰਸ ਦੇ ਸਹਿ-ਆਯੋਜਨ ਚੇਅਰਮੈਨ ਡਾ. ਮੱਖਣ ਸਿੰਘ ਭੁੱਲਰ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਤੇ ਸਥਾਨਕ ਆਯੋਜਨ ਸਕੱਤਰ ਡਾ. ਹਰੀ ਰਾਮ ਵੀ ਮੰਚ ’ਤੇ ਮੌਜੂਦ ਸਨ। ਸਮਾਰੋਹ ਵਿੱਚ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਕਾਨਫਰੰਸ ਵਿੱਚ ਸ਼ਾਮਲ ਹੋਏ ਪ੍ਰਤੀਨਿਧੀਆਂ ਨੇ ਵੀ ਹਾਜ਼ਰੀ ਭਰੀ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਐੱਲ. ਐੱਸ. ਬਰਾੜ ਨੇ ਕਿਹਾ ਕਿ ਨਦੀਨ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸੰਬੰਧੀ ਉਨ੍ਹਾਂ ਨੇ ਨਦੀਨਨਾਸ਼ਕਾਂ ਦੀ ਲੋੜ ਅਨੁਸਾਰ ਸਹੀ ਵਰਤੋਂ, ਜੈਵਿਕ ਤਰੀਕਿਆਂ ਨਾਲ ਨਦੀਨਾਂ ਦੀ ਰੋਕਥਾਮ ਅਤੇ ਏ.ਆਈ.ਦੀ ਮਦਦ ਨਾਲ ਨਦੀਨਾਂ ਦੀ ਪਛਾਣ ਕਰਨ ਵਰਗੀਆਂ ਨਵੀਆਂ ਤਕਨੀਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਫ਼ਸਲਾਂ ਦੀ ਪੈਦਾਵਾਰ ਵਧਾਉਣ, ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਦੇ ਨਾਲ-ਨਾਲ ਕਿਸਾਨਾਂ ਦੀ ਖੇਤੀ ਲਾਗਤ ਘਟਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਵਿਸ਼ੇਸ਼ ਮਹਿਮਾਨ ਡਾ. ਐੱਨ. ਟੀ. ਯਦੁਰਾਜੂ ਨੇ ਕਿਹਾ ਕਿ ਨਦੀਨਾਂ ਦੀ ਬਦਲਦੀ ਕਿਸਮ ਅਤੇ ਬਣਤਰ ਦੇ ਨਾਲ-ਨਾਲ ਨਦੀਨਨਾਸ਼ਕਾਂ ਦੇ ਅਸਰ ਨੂੰ ਬੇਅਸਰ ਕਰਨ ਦੀ ਨਦੀਨਾਂ ਵਿੱਚ ਵਧ ਰਹੀ ਸਮਰੱਥਾ ਖੇਤੀਬਾੜੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੀ ਹੈ। ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਸਰਵ ਪੱਖੀ ਨਦੀਨ ਪ੍ਰਬੰਧਨ ਅਪਣਾਉਣ ਅਤੇ ਇਸ ਖੇਤਰ ਵਿੱਚ ਸਿਖਲਾਈ ਤੇ ਸਮਰੱਥਾ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਫ਼ਸਲਾਂ ਦੀ ਪੈਦਾਵਾਰ ਦੇ ਨਾਲ-ਨਾਲ ਵਾਤਾਵਰਨ ਦੀ ਸਿਹਤ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡਾ. ਟੀ. ਕੇ. ਦਾਸ ਨੇ ਹਮਲਾਵਰ ਨਦੀਨਾਂ ਅਤੇ ਵਾਤਾਵਰਨ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਵੱਖ-ਵੱਖ ਵਿਗਿਆਨਕ ਵਿਸ਼ਿਆਂ ਨੂੰ ਜੋੜ ਕੇ ਖੋਜ ਕਰਨ, ਨਦੀਨ ਵਿਗਿਆਨ ਦੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਕੌਮਾਂਤਰੀ ਪੱਧਰ ’ਤੇ ਸਹਿਯੋਗ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸੇ ਦੌਰਾਨ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਬਦਲ ਰਹੇ ਫ਼ਸਲੀ ਚੱਕਰਾਂ ਅਤੇ ਖੇਤੀ ਪ੍ਰਣਾਲੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਘੱਟ ਖ਼ਰਚ ਵਾਲੀਆਂ ਅਤੇ ਕਾਰਗਰ ਨਦੀਨ ਪ੍ਰਬੰਧਨ ਤਕਨੀਕਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ।
ਕਾਨਫਰੰਸ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਵੱਖ-ਵੱਖ ਸੈਸ਼ਨਾਂ ਦੀਆਂ ਕਾਰਵਾਈਆਂ ਦਾ ਵਿਸਤ੍ਰਿਤ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ। ਇਸ ਵਿੱਚ ਤਕਨੀਕੀ ਸੈਸ਼ਨਾਂ, ਵਿਸ਼ੇਸ਼ ਭਾਸ਼ਣਾਂ ਅਤੇ ਪੋਸਟਰ ਪੇਸ਼ਕਾਰੀਆਂ ਦੌਰਾਨ ਸਾਹਮਣੇ ਆਈਆਂ ਅਹਿਮ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚਾਰ-ਚਰਚਾਵਾਂ ਵਿੱਚ ਸਰਵ ਪੱਖੀ ਨਦੀਨ ਪ੍ਰਬੰਧਨ, ਨਦੀਨਨਾਸ਼ਕਾਂ ਪ੍ਰਤੀ ਨਦੀਨਾਂ ਵਿੱਚ ਪੈਦਾ ਹੋ ਰਹੀ ਰੋਧਕ ਸਮਰੱਥਾ ਨੂੰ ਰੋਕਣ ਅਤੇ ਜਲਵਾਯੂ ਅਨੁਕੂਲ ਖੇਤੀ ਤਕਨੀਕਾਂ ਵਿਕਸਿਤ ਕਰਨ ਨੂੰ ਅਗਲੇ ਦਹਾਕੇ ਲਈ ਖੋਜ ਦੇ ਅਹਿਮ ਖੇਤਰਾਂ ਵਜੋਂ ਉਭਾਰਿਆ ਗਿਆ।
ਸਮਾਰੋਹ ਦੌਰਾਨ ਨਦੀਨ ਵਿਗਿਆਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਉੱਘੇ ਵਿਗਿਆਨੀਆਂ ਅਤੇ ਨੌਜਵਾਨ ਖੋਜਾਰਥੀਆਂ ਨੂੰ ਸਰਵੋਤਮ ਮੌਖਿਕ ਖੋਜ-ਪੱਤਰ ਪੇਸ਼ਕਾਰੀ ਅਤੇ ਸਰਵੋਤਮ ਪੋਸਟਰ ਪੇਸ਼ਕਾਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਇੰਡੀਅਨ ਸੁਸਾਇਟੀ ਆਫ ਵੀਡ ਸਾਇੰਸ ਦੇ ਸਕੱਤਰ ਡਾ. ਵੀ. ਕੇ. ਚੌਧਰੀ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਾਨਫਰੰਸ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ, ਸਪਾਂਸਰਾਂ, ਪ੍ਰਬੰਧਕੀ ਕਮੇਟੀਆਂ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।

