ਕਿਹਾ! ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਇਸ ਯਾਤਰਾ ਦਾ ਦੇਣ ਸਾਥ
ਪੰਜਾਬ ਦੀ ਜਵਾਨੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ : ਰਾਜਨ ਨਾਰੰਗ
ਕੋਟਕਪੂਰਾ, 28 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜਿਲ੍ਹਾ ਵਾਈਸ ਪ੍ਰਧਾਨ ਰਾਜਨ ਨਾਰੰਗ ਨੇ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਬਣਾਉਣਾ ਕਿਸੇ ਇਕ ਪਾਰਟੀ ਦਾ ਨਹੀਂ, ਸਗੋਂ ਸਮੁੱਚੇ ਸਮਾਜ ਦਾ ਸਾਂਝਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਦੇਖਣ ਦੀ ਇੱਛਾ ਰੱਖਣ ਵਾਲੇ ਹਰ ਵਿਅਕਤੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਾਮੁਕਤ ਪੰਜਾਬ ਯਾਤਰਾ’ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਰਾਜਨ ਨਾਰੰਗ ਨੇ ਕਿਹਾ ਕਿ ਨਸ਼ਿਆਂ ਦਾ ਮਸਲਾ ਸਿਰਫ਼ ਸਿਆਸਤ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੇ ਹਰ ਪਰਿਵਾਰ, ਹਰ ਮਾਂ-ਬਾਪ ਅਤੇ ਆਉਣ ਵਾਲੀਆਂ ਪੀੜੀਆਂ ਨਾਲ ਜੁੜਿਆ ਗੰਭੀਰ ਸਮਾਜਿਕ ਮੁੱਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਰਿਵਾਰ ਦਾ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆਉਂਦਾ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਉਸ ਪਰਿਵਾਰ ਤੱਕ ਨਹੀਂ ਰਹਿੰਦਾ, ਬਲਕਿ ਸਮੁੱਚੇ ਸਮਾਜ ‘ਤੇ ਪੈਂਦਾ ਹੈ। ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਨੌਜਵਾਨਾਂ, ਮਾਪਿਆਂ ਅਤੇ ਆਮ ਲੋਕਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣਾ ਸਮੇਂ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਜਾਗਰੂਕਤਾ ਦੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕਜੁੱਟ ਹੈ ਕੇ ਅੱਗੇ ਆਉਣ।

