*ਲੁਧਿਆਣਾ ਜ਼ਿਲ੍ਹੇ ਵਿੱਚ 80 ਪਿੰਡ ਪੱਧਰੀ ਅਤੇ 2 ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ*
*3 ਜਾਗਰੂਕਤਾ ਵੈਨਾਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕਰ ਰਹੀਆਂ ਹਨ ਜਾਗਰੂਕ*
*ਇਸ ਸਾਲ ਕਿਸਾਨਾਂ ਵੱਲੋਂ ਸਬਸਿਡੀ ’ਤੇ 1,350 ਸੀ.ਆਰ.ਐਮ. ਮਸ਼ੀਨਾਂ ਦੀ ਖਰੀਦ ਕੀਤੀ*

ਲੁਧਿਆਣਾ, 7 ਅਕਤੂਬਰ: (ਵਰਲਡ ਪੰਜਾਬੀ ਟਾਈਮਜ਼)
ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ, ਕਿਸਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਵਿਗਿਆਨਕ ਢੰਗ ਨਾਲ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ) ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਦੇ ਟਿਕਾਊ ਪ੍ਰਬੰਧਨ ਅਤੇ ਖੇਤਾਂ ਵਿੱਚ ਹੀ ਇਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ 80 ਪਿੰਡ ਪੱਧਰੀ ਅਤੇ 2 ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ 3 ਜਾਗਰੂਕਤਾ ਵੈਨਾਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਆਧੁਨਿਕ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ ਅਪਣਾਉਣ ਲਈ ਜਾਗਰੂਕ ਕਰ ਰਹੀਆਂ ਹਨ।
ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਵੱਧ ਤੋਂ ਵੱਧ ਸ਼ਮੂਲੀਅਤ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਅਤੇ ਕਿਸਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ 110 ਜਾਗਰੂਕਤਾ ਬੈਨਰ ਲਗਾਏ ਗਏ ਹਨ। ਇਸੇ ਤਰ੍ਹਾਂ ਲਗਭਗ 10,000 ਪੈਂਫਲੇਟ ਵੰਡੇ ਜਾ ਚੁੱਕੇ ਹਨ ਅਤੇ 5,000 ਵਟਸਐਪ ਜਾਗਰੂਕਤਾ ਸੁਨੇਹਿਆਂ ਰਾਹੀਂ ਵੀ ਕਿਸਾਨਾਂ ਤੱਕ ਪਰਾਲੀ ਪ੍ਰਬੰਧਨ ਸਬੰਧੀ ਮਹੱਤਵਪੂਰਨ ਜਾਣਕਾਰੀ ਪਹੁੰਚਾਈ ਗਈ ਹੈ। ਲਗਭਗ 200 ਗੁਰਦੁਆਰਿਆਂ ਵਿੱਚ ਜਾਗਰੂਕਤਾ ਘੋਸ਼ਣਾਵਾਂ ਕਰਵਾਕੇ ਲੋਕਾਂ ਨੂੰ ਪਰਾਲੀ ਸਾੜਨ ਦੀ ਪ੍ਰਥਾ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਦੇ ਨਤੀਜੇ ਵਜੋਂ ਕਿਸਾਨ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ਮਸ਼ੀਨਰੀ ਨੂੰ ਅਪਣਾਉਣ ਵੱਲ ਵੀ ਉਤਸ਼ਾਹਿਤ ਹੋ ਰਹੇ ਹਨ। ਇਸ ਸਾਲ ਕਿਸਾਨਾਂ ਵੱਲੋਂ ਸਬਸਿਡੀ ਅਧੀਨ 1,350 ਸੀ.ਆਰ.ਐਮ ਮਸ਼ੀਨਾਂ ਖਰੀਦੀਆਂ ਗਈਆਂ ਹਨ, ਜਿਸ ’ਤੇ ਲਗਭਗ 20 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਹ ਮਸ਼ੀਨਰੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਇਸੇ ਲੜੀ ਨੂੰ ਹੋਰ ਮਜ਼ਬੂਤ ਕਰਦਿਆਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਟਿਕਾਊ ਅਤੇ ਵਾਤਾਵਰਣ ਪੱਖੀ ਵਿਕਲਪ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ 9 ਅਕਤੂਬਰ ਨੂੰ ਰਾਏਕੋਟ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ ਕਰਵਾਈ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀਆਂ ਵਿਗਿਆਨਕ ਤਕਨੀਕਾਂ, ਉਪਲਬਧ ਮਸ਼ੀਨਰੀ ਅਤੇ ਇਸ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

