
ਲੁਧਿਆਣਾ 24 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਐੱਨ ਐੱਸ ਐੱਸ ਯੂਨਿਟ ਵੱਲੋਂ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਕਿਸਾਨ ਮੇਲੇ ਦੌਰਾਨ ਦੋ ਰੋਜ਼ਾ ਸਿਹਤ ਮੁਆਇਨਾ ਕੈਂਪ ਲਾਇਆ ਗਿਆ| ਇਸ ਕੈਂਪ ਦੌਰਾਨ ਹਜ਼ਾਰਾਂ ਕਿਸਾਨਾਂ ਦੀ ਸਿਹਤ ਦਾ ਮੁਆਇਨਾ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ|
ਕੈਂਪ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਸ. ਸੁਖਜੀਤਪਾਲ ਸਿੰਘ ਆਈ ਏ ਐੱਸ ਅਤੇ ਡੀ ਐੱਮ ਸੀ ਦੇ ਦਿਲ ਦੇ ਰੋਗਾਂ ਦੇ ਪ੍ਰਮੁੱਖ ਮਾਹਿਰ ਡਾ. ਬਿਸ਼ਵਮੋਹਨ ਨੇ ਸਾਂਝੇ ਤੌਰ ਤੇ ਕੀਤਾ| ਵਾਈਸ ਚਾਂਸਲਰ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਕਿਸਾਨਾਂ ਦੀ ਸਿਹਤ ਵੱਲ ਧਿਆਨ ਦੇਣ ਦੇ ਮੱਦੇਨਜ਼ਰ ਪੀ.ਏ.ਯੂ. ਨੇ ਇਹ ਪਹਿਲਕਦਮੀ ਕੀਤੀ ਹੈ| ਐੱਨ ਐੱਸ ਐੱਸ ਵਲੰਟੀਅਰ ਇਸ ਕਾਰਜ ਲਈ ਵਧਾਈ ਦੇ ਹੱਕਦਾਰ ਹਨ| ਡਾ. ਬਿਸ਼ਵਮੋਹਨ ਨੇ ਇਸ ਮੌਕੇ ਡੀ ਐੱਮ ਸੀ ਵੱਲੋਂ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਕਹੀ|
ਸਵਾਗਤ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਮੇਲੇ ਵਿਚ ਆਉਣ ਵਾਲੇ ਕਿਸਾਨਾਂ ਦੇ ਸਹਿਯੋਗ ਲਈ ਸ਼ੁਕਰਾਨਾ ਅਦਾ ਕੀਤਾ| ਇਸ ਮੌਕੇ ਐੱਨ ਐੱਸ ਐੱਸ ਯੂਨਿਟ ਦੇ ਇੰਚਾਰਜ ਡਾ. ਹਰਮੀਤ ਸਿੰਘ ਸਰਲਾਚ ਅਤੇ ਉਹਨਾਂ ਦੀ ਟੀਮ ਨੇ ਦੋ ਦਿਨਾਂ ਤੱਕ ਨਿੱਠ ਕੇ ਕਾਰਜ ਕੀਤਾ| 2000 ਤੋਂ ਵਧੇਰੇ ਕਿਸਾਨ ਅਤੇ 1400 ਦੇ ਕਰੀਬ ਮੇਲੇ ਵਿਚ ਭਾਗ ਲੈਣ ਵਾਲੇ ਆਮ ਲੋਕਾਂ ਦਾ ਬਲੱਡ ਪ੍ਰੈਸ਼ਰ ਅਤੇ ਹੋਰ ਮੁੱਢਲੀ ਜਾਂਚ ਕੀਤੀ ਗਈ|

