ਲੁਧਿਆਣਾ 1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਿਸਾਨ ਕਲੱਬ ਵੱਲੋਂ ਕਰਵਾਏ ਜਾਂਦੇ ਮਾਸਿਕ ਸਿਖਲਾਈ ਕੈਂਪਾਂ ਦੀ ਲੜੀ ਵਿਚ ਅੱਜ ਇਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਵਿਚ ਮਾਹਿਰਾਂ ਨੇ 110 ਦੇ ਕਰੀਬ ਕਿਸਾਨਾਂ ਦੀ ਹਾਜ਼ਰੀ ਵਿਚ ਚਲੰਤ ਖੇਤੀ ਕਾਰਜਾਂ ਅਤੇ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਈ| ਫਸਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਗਰੂਪ ਕੌਰ ਨੇ ਪਰਾਲੀ ਦੀ ਸੰਭਾਲ ਦੇ ਨੁਕਤੇ ਅਤੇ ਲਾਭ ਕਿਸਾਨਾਂ ਨਾਲ ਸਾਂਝੇ ਕੀਤੇ| ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਡਾ. ਰੂਮਾ ਦੇਵੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਫਲੋਰੀਕਲਚਰ ਮਾਹਿਰ ਡਾ. ਸਿਮਰਤ ਸਿੰਘ ਨੇ ਲੈਂਡਸਕੇਪਿੰਗ ਬਾਰੇ ਅਤੇ ਡਾ. ਸ਼ੈਲੀ ਨਈਅਰ ਨੇ ਤੇਲਬੀਜ ਫਸਲਾਂ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਦੱਸਿਆ| ਕਣਕ ਦੀ ਸਫਲਤਾ ਪੂਰਵਕ ਖੇਤੀ ਲਈ ਡਾ. ਇੰਦਰਪ੍ਰੀਤ ਕੌਰ ਧਾਲੀਵਾਲ ਵੱਲੋਂ ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ|
ਇਸ ਕੈਂਪ ਵਿਚ ਸਵਾਗਤ ਦੇ ਸ਼ਬਦ ਡਾ. ਲਵਲੀਸ਼ ਗਰਗ ਨੇ ਕਹੇ ਜਦਕਿ ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ| ਕੈਂਪ ਦੇ ਕੁਆਰਡੀਨੇਟਰ ਸ਼੍ਰੀ ਵਰਿੰਦਰ ਸਿੰਘ ਸਨ|

