ਲੁਧਿਆਣਾ 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥੀ ਕੁਮਾਰੀ ਸਿਮਰਪ੍ਰੀਤ ਕੌਰ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਸਰਵੋਤਮ ਇਨਾਮ ਦਿੱਤਾ ਗਿਆ| ਕੁਮਾਰੀ ਸਿਮਰਪ੍ਰੀਤ ਕੌਰ ਨੇ ਇਹ ਪੇਪਰ ਬੇਕਰੀ ਉਤਪਾਦਾਂ ਵਿਚ ਗਾਜਰ ਦੇ ਪਾਊਡਰ ਦੇ ਮਹੱਤਵ ਬਾਰੇ ਲਿਖਿਆ ਸੀ ਅਤੇ ਇਸ ਵਿਚ ਉਸਦਾ ਸਹਿਯੋਗ ਡਾ. ਸੋਨਿਕਾ ਸ਼ਰਮਾ, ਡਾ ਅਰਸ਼ਦੀਪ ਸਿੰਘ, ਡਾ. ਸ਼ਿਖਾ ਮਹਾਜਨ ਅਤੇ ਡਾ. ਰੂਮਾ ਦੇਵੀ ਨੇ ਕੀਤਾ ਸੀ| ਇਹ ਕਾਨਫਰੰਸ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਕੋਇੰਬਟੂਰ ਵਿਚ ਕਰਵਾਈ ਗਈ ਸੀ| ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਮਾਰੀ ਸਿਮਰਪ੍ਰੀਤ ਕੌਰ ਨੂੰ ਮਾਸਟਰਜ਼ ਦੀ ਡਿਗਰੀ ਦੌਰਾਨ ਬਾਇਓਫੋਰਟੀਫਾਈਡ ਗਾਜਰ ਦੀ ਪ੍ਰਕਾਰਜੀ ਭੋਜਨ ਵਿਚ ਵਰਤੋਂ ਵਿਸ਼ੇ ਤੇ ਖੋਜ ਲਈ ਇਨਾਮ ਦਿੱਤਾ ਗਿਆ ਸੀ| ਵਿਦਿਆਰਥੀ ਦੇ ਨਿਗਰਾਨ ਭੋਜਨ ਅਤੇ ਪੋਸ਼ਣ ਮਾਹਿਰ ਡਾ. ਸੋਨਿਕਾ ਸ਼ਰਮਾ ਨੇ ਕਿਹਾ ਕਿ ਕੁਮਾਰੀ ਸਿਮਰਪ੍ਰੀਤ ਕੌਰ ਦੀ ਖੋਜ ਬੇਕਰੀ ਉਤਪਾਦਾਂ ਵਿਚ ਉੱਚ ਪੋਸ਼ਣ ਵਾਲੇ ਤੱਤਾਂ ਦੀ ਵਰਤੋਂ ਵਧਾਉਣ ਦੀ ਦਿਸ਼ਾ ਵਿਚ ਬੜੀ ਅਹਿਮ ਸਾਬਿਤ ਹੋਵੇਗੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸੁਖਜੀਤਪਾਲ ਸਿੰਘ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਡੀਨ ਕਮਿਊਨਟੀ ਸਾਇੰਸ ਡਾ. ਕਿਰਨ ਬੈਂਸ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਖਾਤਰ ਵਧਾਈ ਦਿੱਤੀ|

