
ਲੁਧਿਆਣਾ 11 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਵਾਈਸ ਚਾਂਸਲਰ ਸੈਮੀਨਾਰ ਹਾਲ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਲੁਧਿਆਣਾ ਦੇ ਅਤੇ ਪੰਜਾਬ ਦੇ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੰਧੂ ਵੱਲੋਂ ਕੀਤੇ ਕਾਰਜਾਂ ਲਈ ਯੂਨੀਵਰਸਿਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਪੀ.ਏ.ਯੂ. ਦੇ ਸਮੂਹ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਅਹੁਦੇਦਾਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਇਸ ਮੌਕੇ ਮੌਜੂਦ ਸਨ।
ਵਾਈਸ ਚਾਂਸਲਰ ਨੇ ਇਸ ਮੌਕੇ ਸ਼੍ਰੀ ਹਰਪ੍ਰੀਤ ਸੰਧੂ ਵੱਲੋਂ ਕੀਤੇ ਕਾਰਜਾਂ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਸ਼੍ਰੀ ਸੰਧੂ ਨੇ ਯੂਨੀਵਰਸਿਟੀ ਦੀ ਵਿਰਾਸਤ ਅਤੇ ਵੱਖ-ਵੱਖ ਉਪਲੱਬਧੀਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਇਕ ਪੁਲ ਦਾ ਕਾਰਜ ਕੀਤਾ ਹੈ। ਉਹਨਾਂ ਦੱਸਿਆ ਕਿ ਸ਼੍ਰੀ ਸੰਧੂ ਪੀ.ਏ.ਯੂ. ਦੇ ਸਾਬਕਾ ਮਿਲਖ ਅਧਿਕਾਰੀ ਸ. ਤਰਲੋਚਨ ਸਿੰਘ ਸੰਧੂ ਦੇ ਫਰਜ਼ੰਦ ਹਨ ਅਤੇ ਉਹਨਾਂ ਨੂੰ ਖੇਤੀ ਅਤੇ ਕਿਸਾਨੀ ਦੀ ਸੇਵਾ ਦੀ ਲਗਨ ਵਿਰਸੇ ਵਿੱਚੋਂ ਪ੍ਰਾਪਤ ਹੋਈ ਹੈ। ਡਾ. ਗੋਸਲ ਨੇ ਦੱਸਿਆ ਕਿ ਸ਼੍ਰੀ ਸੰਧੂ ਨੇ ਪੀ.ਏ.ਯੂ. ਵਿਚ ਸਥਾਪਿਤ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਦੇ ਨਵੀਨੀਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਇਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ ਉੱਪਰ ਇਸ ਅਜਾਇਬ ਘਰ ਨੂੰ ਵਿਸ਼ੇਸਤਾ ਨਾਲ ਦਰਜ ਕੀਤਾ ਗਿਆ। ਡਾ. ਗੋਸਲ ਨੇ ਗਾਹੇ-ਬਗਾਹੇ ਸ਼੍ਰੀ ਸੰਧੂ ਵੱਲੋਂ ਕੀਤੇ ਜਾਣ ਵਾਲੇ ਪ੍ਰਕਾਸ਼ਨ ਕਾਰਜ ਲਈ ਉਹਨਾਂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਕਣਕ ਦੀਆਂ ਕਿਸਮਾਂ ਬਾਰੇ ਸ਼੍ਰੀ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੌਫੀਟੇਬਲ ਕਿਤਾਬ ਚਰਚਾ ਦਾ ਹਿੱਸਾ ਬਣੀ। ਇਸ ਤੋਂ ਇਲਾਵਾ ਪੀ.ਏ.ਯੂ. ਦਾ ਮੋਰ ਨਾਮੀ ਫੋਟੋ ਲੜੀ ਅਤੇ ਯੂਨੀਵਰਸਿਟੀ ਦੇ ਰਮਣੀਕ ਸਥਾਨਾਂ ਦੀਆਂ ਤਸਵੀਰਾਂ ਤੋਂ ਬਣਾਏ ਕੈਲੰਡਰ ਆਮ ਜਨਤਾ ਤੱਕ ਯੂਨੀਵਰਸਿਟੀ ਦੀ ਪਹੁੰਚ ਵਧਾਉਣ ਵਿਚ ਸਫਲ ਰਹੇ ਹਨ। ਡਾ. ਗੋਸਲ ਨੇ ਕਿਹਾ ਕਿ ਸ਼੍ਰੀ ਸੰਧੂ ਦੇ ਸਨਮਾਨ ਨਾਲ ਪੀ.ਏ.ਯੂ. ਦਾ ਆਪਣਾ ਜੀਅ ਸਨਮਾਨਿਤ ਹੋ ਰਿਹਾ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਸ਼੍ਰੀ ਹਰਪ੍ਰੀਤ ਸੰਧੂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਾਇਬ ਘਰ ਦਾ ਨਵੀਨੀਕਰਨ ਉਦੋ ਸਾਰਥਕ ਸਿੱਧ ਹੋਇਆ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਸੂਬੇ ਦੇ ਸਕੂਲੀ ਬੱਚਿਆ ਨੇ ਇਸਨੂੰ ਨੇੜਿਉਂ ਦੇਖਿਆ ਅਤੇ ਪੰਜਾਬੀ ਸੱਭਿਆਚਾਰ ਨਾਲ ਆਪਣੀ ਵਿਰਾਸਤੀ ਸਾਂਝ ਮਹਿਸੂਸ ਕੀਤੀ।
ਇਸ ਸਮਾਰੋਹ ਵਿਚ ਸਵਾਗਤੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ਼੍ਰੀ ਸੰਧੂ ਵੱਲੋਂ ਕੀਤੇ ਦਸਤਾਵੇਜ਼ੀ ਅਤੇ ਪ੍ਰਕਾਸ਼ਨ ਕਾਰਜ ਦਾ ਵੇਰਵਾ ਦਿੱਤਾ। ਉਹਨਾਂ ਕਿਹਾ ਕਿ ਇਹ ਕੰਮ ਲਗਾਤਾਰ ਮਿਹਨਤ ਅਤੇ ਲਗਨ ਦੀ ਮੰਗ ਕਰਦਾ ਹੈ ਅਤੇ ਸ਼੍ਰੀ ਸੰਧੂ ਨੇ ਇਸ ਕਾਰਜ ਨੂੰ ਅੰਜਾਮ ਦੇ ਕੇ ਸੱਚੇ ਖੇਤੀ ਹਿਤੈਸ਼ੀ ਹੋਣ ਦਾ ਪ੍ਰਮਾਣ ਦਿੱਤਾ ਹੈ।
ਸ਼੍ਰੀ ਹਰਪ੍ਰੀਤ ਸਿੰਘ ਸੰਧੂ ਨੇ ਇਸ ਸਨਮਾਨ ਲਈ ਭਾਵੁਕ ਸ਼ਬਦਾਂ ਵਿਚ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਹਨਾਂ ਅਹਿਦ ਕੀਤਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਕਾਰਜਾਂ ਨੂੰ ਨੇਪਰੇ ਚਾੜਦੇ ਰਹਿਣਗੇ ਤਾਂ ਜੋ ਪੀ.ਏ.ਯੂ. ਦਾ ਸੁਨਹਿਰੀ ਇਤਿਹਾਸ ਹੋਰ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਇਸ ਸਮਾਰੋਹ ਨੂੰ ਡਾ. ਨਿਰਮਲ ਜੌੜਾ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ।

