ਲੁਧਿਆਣਾ 11 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਨੇ ਡੀ ਸੀ ਐੱਮ ਸ਼੍ਰੀ ਰਾਮ ਲਿਮਿਟਡ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ। ਇਸ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐੱਚ-27 ਦੇ ਬੀਜ ਉਤਪਾਦਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਦਿੱਤੇ ਗਏ।
ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਕੰਪਨੀ ਦੇ ਪ੍ਰਧਾਨ ਡਾ. ਓ ਪੀ ਸ਼ਰਿੰਗੀ ਨੇ ਦਸਤਖਤ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਡਾ. ਖੁਸ਼ਦੀਪ ਧਰਨੀ ਨੇ ਵਪਾਰੀਕਰਨ ਦੀ ਇਸ ਸੰਧੀ ਦੇ ਸਿਰੇ ਚੜ੍ਹਨ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਅਤੇ ਸਬਜ਼ੀ ਮਾਹਿਰ ਡਾ. ਸਇਅਦ ਅਬਦੁਲ ਹਮੀਦ ਪਟੇਲ ਵੀ ਇਸ ਮੌਕੇ ਮੌਜੂਦ ਸਨ। ਡਾ. ਪਟੇਲ ਨੇ ਦੱਸਿਆ ਕਿ ਸੀ ਐੱਚ-27 ਮਿਰਚਾਂ ਦੀ ਦੋਗਲੀ ਕਿਸਮ ਹੈ ਜੋ ਪੱਤਾ ਮਰੋੜ ਵਾਇਰਸ, ਫਲਾਂ ਦੇ ਗਾਲ੍ਹੇ ਅਤੇ ਜੜ੍ਹਾਂ ਦੀਆਂ ਗੰਢਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਰੱਖਦੀ ਹੈ। ਇਸਦੇ ਪੌਦੇ ਵੱਡੇ ਹੁੰਦੇ ਹਨ ਅਤੇ ਫਲ ਨੂੰ ਲੰਮੇ ਸਮੇਂ ਤੱਕ ਤੋੜਨ ਲਈ ਰੱਖਿਆ ਜਾ ਸਕਦਾ ਹੈ। ਫਲਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਅਤੇ ਇਸ ਵਿਚ ਤਿੱਖੇਪਣ ਦੀ ਮਾਤਰਾ ਦਰਮਿਆਨੀ ਹੁੰਦੀ ਹੈ। ਇਹ ਕਿਸਮ ਮਿਰਚਾਂ ਦਾ ਪਾਊਡਰ ਬਨਾਉਣ ਅਤੇ ਪ੍ਰੋਸੈਸਿੰਗ ਲਈ ਬੇਹੱਦ ਢੁੱਕਵੀਂ ਹੈ।
ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਆਪਣੇ ਭਾਗੀਦਾਰਾਂ ਦੇ ਲਾਭ ਅਤੇ ਕਿਸਾਨਾਂ ਦੇ ਮੁਨਾਫ਼ੇ ਲਈ ਬੇਹੱਦ ਢੁਕਵੀਆਂ ਮਿਰਚਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ।

