ਲੁਧਿਆਣਾ 14 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਯੋਗ ਅਗਵਾਈ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਨੇ ਸਿਖਲਾਈ ਕੈਂਪ ਆਯੋਜਿਤ ਕੀਤਾ| ਇਸ ਵਿਚ 65 ਜੈਵਿਕ ਖੇਤੀ ਕਿਸਾਨ ਸ਼ਾਮਿਲ ਹੋਏ|
ਇਸ ਕੈਂਪ ਦੇ ਨਿਰਦੇਸ਼ਕ ਅਤੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਉਤਪਾਦਨ ਦੇ ਨਾਲ-ਨਾਲ ਮੌਜੂਦਾ ਦੌਰ ਜਿਣਸਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਖਪਤਕਾਰ ਤੱਕ ਪਹੁੰਚਾਉਣ ਦਾ ਹੈ| ਇਸਲਈ ਵੱਧ ਤੋਂ ਵੱਧ ਕਿਸਾਨ ਰਸਾਇਣ ਮੁਕਤ ਜੈਵਿਕ ਅਤੇ ਕੁਦਰਤੀ ਖੇਤੀ ਨਾਲ ਜੁੜ ਰਹੇ ਹਨ| ਉਹਨਾਂ ਕਿਹਾ ਕਿ ਜੈਵਿਕ ਖੇਤੀ ਤਰੀਕੇ ਅਪਨਾਉਣ ਲਈ ਇਸ ਦੀ ਬਕਾਇਦਾ ਸਮਝ ਅਤੇ ਸੋਝੀ ਹਾਸਲ ਕਰਨ ਵਾਸਤੇ ਹੀ ਕਲੱਬ ਵੱਲੋਂ ਹਰ ਤਿੰਨ ਮਹੀਨਿਆਂ ਬਾਅਦ ਇਸ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ| ਡਾ. ਰਿਆੜ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਜੈਵਿਕ ਖੇਤੀ ਬਾਰੇ ਸਾਹਿਤ ਨਾਲ ਜੁੜਨ ਦੀ ਅਪੀਲ ਵੀ ਕੀਤੀ|
ਡਾ. ਰੁਚਿਕਾ ਭਾਰਦਵਾਜ ਨੇ ਮੋਟੇ ਅਨਾਜਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਬਾਰੇ, ਡਾ. ਅਮਨਪ੍ਰੀਤ ਨੇ ਸਰ੍ਹੋਂ ਦੀ ਜੈਵਿਕ ਕਾਸ਼ਤ ਬਾਰੇ, ਡਾ. ਗੁਰਪ੍ਰੀਤ ਸਿੰਘ ਨੇ ਤਿਲਾਂ ਅਤੇ ਮੂੰਗਫਲੀ ਦੀ ਜੈਵਿਕ ਖੇਤੀ ਬਾਰੇ ਅਤੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਜੈਵਿਕ ਖੇਤੀ ਦੇ ਮਹੱਤਵ ਅਤੇ ਇਸ ਨਾਲ ਜੁੜਨ ਵਾਲੇ ਕਿਸਾਨਾਂ ਦੇ ਮੁਨਾਫ਼ੇ ਵਿਚ ਵਾਧੇ ਬਾਰੇ ਵਿਸਥਾਰ ਨਾਲ ਗੱਲ ਕੀਤੀ|
ਇਸ ਮੌਕੇ ਡਾ. ਅਮਨਦੀਪ ਸਿੰਘ ਸਿੱਧੂ ਨੇ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ| ਅੰਤ ਵਿਚ ਕਲੱਬ ਦੇ ਪ੍ਰਧਾਨ ਅੰਮ੍ਰਿਤ ਸਿੰਘ ਚਾਹਲ ਨੇ ਸਭ ਦਾ ਧੰਨਵਾਦ ਕੀਤਾ| ਇਸ ਸਮਾਗਮ ਦੇ ਕਨਵੀਨਰ ਸੰਚਾਰ ਕੇਂਦਰ ਦੇ ਸ਼੍ਰੀ ਵਰਿੰਦਰ ਸਿੰਘ ਸਨ|
