ਲੁਧਿਆਣਾ 25 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾ. ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਆਫ ਜੈਨੇਟਿਕਸ ਦੇ ਮਾਹਿਰ ਡਾ. ਪੱਲਵੀ ਮਲਿਕ ਨੂੰ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਤੋਂ ਵਿਸ਼ੇਸ਼ ਖੋਜ ਪ੍ਰੋਜੈਕਟ ਤਹਿਤ 99.99 ਲੱਖ ਰੁਪਏ ਦੀ ਇਮਦਾਦ ਦਾ ਪ੍ਰੋਜੈਕਟ ਹਾਸਲ ਹੋਇਆ ਹੈ| ਤਿੰਨ ਸਾਲ ਦੇ ਇਸ ਪ੍ਰੋਜੈਕਟ ਤਹਿਤ ਕਣਕ ਦੇ ਮੁੱਖ ਨਦੀਨ ਗੁੱਲੀ ਡੰਡੇ ਬਾਰੇ ਨਦੀਨਨਾਸ਼ਕਾਂ ਦੀ ਸ਼ਹਿਣਸ਼ੀਲਤਾ ਬਾਰੇ ਖੋਜ ਕੀਤੀ ਜਾਵੇਗੀ| ਇਹ ਪ੍ਰੋਜੈਕਟ ਇਸ ਦਿਸ਼ਾ ਵਿਚ ਖੋਜ ਕਰੇਗਾ ਕਿ ਇੱਕੋ ਤਰ੍ਹਾਂ ਦੇ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਪੰਜਾਬ ਅਤੇ ਹੋਰ ਰਾਜਾਂ ਵਿਚ ਗੁੱਲੀ ਡੰਡੇ ਵਿਚ ਪ੍ਰਤੀਰੋਧਕਤਾ ਕਿਉਂ ਪੈਦਾ ਹੋ ਜਾਂਦੀ ਹੈ| ਡਾ. ਪੱਲਵੀ ਮਲਿਕ ਨਾਲ ਖੋਜ ਸਹਿਯੋਗ ਲਈ ਡਾ. ਪ੍ਰਵੀਨ ਛੁਨੇਜਾ, ਡਾ. ਸਤਿੰਦਰ ਕੌਰ ਅਤੇ ਡਾ. ਤਰੁਨਦੀਪ ਕੌਰ ਧਾਲੀਵਾਲ ਵੀ ਟੀਮ ਦਾ ਹਿੱਸਾ ਹੋਣਗੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਪੱਲਵੀ ਮਲਿਕ ਅਤੇ ਸਹਿਯੋਗੀ ਵਿਗਿਆਨੀਆਂ ਨੂੰ ਇਸ ਪ੍ਰੋਜੈਕਟ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਖੋਜ ਨਾਲ ਗੁੱਲੀਡੰਡੇ ਦੀ ਰੋਕਥਾਮ ਬਾਰੇ ਗੰਭੀਰ ਸਿੱਟੇ ਸਾਹਮਣੇ ਆਉਣਗੇ|

