
ਬਟਾਲਾ ਮੇਰੇ ਲਈ ਸੁਪਨਿਆਂ ਦੀ ਉਡਾਰੀ ਦਾ ਪਹਿਲਾ ਪੜਾਅ ਸੀ। ਇੱਥੋਂ ਹੀ 1971 ਵਿੱਚ ਪਹਿਲੀ ਵਾਰ ਲੁਧਿਆਣਾ ਲਈ ਬੱਸ ਫੜੀ ਸੀ। ਸਤਲੂਜ ਟਰਾਂਸਪੋਰਟ ਕੰਪਨੀ ਦੀ ਬੱਸ। ਲੁਧਿਆਣਾ ਤੀਕ ਦੀ ਟਿਕਟ ਪੰਜ ਰੁਪਏ ਸੀ। ਬੱਸ ਅੱਡਾ ਵੀ ਏਥੇ ਨਹੀਂ ਸੀ। ਗਾਂਧੀ ਤੌਂ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਤੇ ਘਚੋਰ ਜਿਹੀ ਵਿੱਚ ਸੀ।
ਬਟਾਲਾ ਵਿੱਚ ਮੇਰੀ ਦਿਲਚਸਪੀ ਦਾ ਕਾਰਨ ਇਹ ਵੀ ਸੀ ਕਿ ਏਥੇ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਵਿੱਚ ਮੇਰੇ ਵੱਡੇ ਭਾ ਜੀ ਸੁਖਵੰਤ ਪੜ੍ਹਦੇ ਰਹੇ ਹਨ।
ਫਿਰ ਹੌਲੀ ਹੌਲੀ ਕੁਝ ਮਿੱਤਰ ਬਣੇ ਪਰ ਪਹਿਲਾਂ ਮਿੱਤਰ ਹਰਭਜਨ ਸਿੰਘ ਬਾਜਵਾ ਹੀ ਸੀ।
1973 ਵਿੱਚ ਸ਼ਿਵ ਕੁਮਾਰ ਵਿਦਾ ਹੋਇਆ ਤਾਂ ਸਾਰੇ ਯਾਦਗਾਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ।
1975 ਵਿੱਚ ਦੂਜਾ ਸ਼ਿਵ ਕੁਮਾਰ ਯਾਦਗਾਰੀ ਸਮਾਗਮ ਗੁਰੂ ਨਾਨਕ ਕਾਲਿਜ ਬਟਾਲਾ ਵਿੱਚ ਹੋਇਆ ਸੀ।
ਕੱਲ੍ਹ 1975 ਤੋਂ ਬਾਦ ਪੂਰੇ 51 ਸਾਲ ਬਾਦ ਇਸ ਕਾਲਿਜ ਵਿੱਚ ਜਾਣ ਦਾ ਮੌਕਾ ਮਿਲਿਆ।
ਬੋਹੜ ਤੇ ਸਟੇਜ ਨੂੰ ਮੈਂ ਪਥਾਣ ਲਿਆ। ਬੋਹੜ ਥੱਲੇ ਬਹਿ ਕੇ ਪ੍ਰਿੰਸੀਪਲ ਸਾਹਿਬ ਤੇ ਅਧਿਆਪਕਾਂ ਨਾਲ ਬਹਿ ਕੇ ਰਵਿੰਦਰ ਰਵੀ ਤੋਂ ਫੋਟੋ ਖਿਚਵਾਈ।
ਅਸਲ ਵਿੱਚ ਕੱਲ੍ਹ ਬਟਾਲੇ ਜਾਣ ਦਾ ਬਹਾਨਾ ਹਰਭਜਨ ਸਿੰਘ ਬਾਜਵਾ ਦੀ ਅੰਤਿਮ ਅਰਦਾਸ ਕੇ ਭੋਗ ਵਿੱਚ ਸ਼ਾਮਲ ਹੋਣਾ ਸੀ।
ਲੁਧਿਆਣਾ ਤੋਂ ਅਸੀਂ ਤਿੰਨ ਜਣੇ ਹੀ ਸਾਂ। ਫੋਟੋ ਕਲਾਕਾਰ ਰਵੀ ਰਵਿੰਦਰ ਰਵੀ ਤੇ ਉਸ ਦਾ ਪਟਿਆਲਿਉਂ ਆਇਆ ਫੋਟੋ ਆਰਟਿਸਟ ਦੋਸਤ ਸੁਖਜੀਵਨ ਵੀ ਸੀ।
ਬਾਜਵਾ ਜੀ ਨੂੰ ਸਾਰਾ ਰੀਹ ਚੇਤੇ ਕਰਦੇ ਰਹੇ।
ਗੁਰੂ ਨਾਨਕ ਕਾਲਿਜ ਬਟਾਲਾ ਵਿੱਚ ਪ੍ਰਿੰਸੀਪਲ ਬਲਵਿੰਦਰ ਸਿੰਘ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਪਰਵੇਜ਼ ਸੰਧੂ ਦੀ ਕਿਤਾਬ “ਬਲੌਰੀ ਅੱਖ ਵਾਲਾ ਮੁੰਡਾ” ਦੇ ਦੁਜੇ ਐਡੀਸ਼ਨ ਦਾ ਲੋਕ ਅਰਪਣ ਸਮਾਗਮ ਵੀ ਰੱਖਿਆ ਹੋਇਆ ਸੀ। ਐੱਮ ਏ ਪੰਜਾਬੀ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਮਿਲਣਾ ਬਹੁਤ ਹੀ ਚੰਗਾ ਲੱਗਾ।
ਹਰਭਜਨ ਸਿੰਘ ਬਾਜਵਾ ਨਮਿਤ ਸਮਾਗਮ ਪਿੰਡ ਧੁੱਪ ਸੜੀ ਦੇ ਗੁਰਦਵਾਰਾ ਸਾਹਿਬ ਵਿੱਚ ਸੀ ਕਾਹਨੂੰਵਾਨ ਰੋਡ ਤੇ।
ਵੈਰਾਗਮਈ ਇਲਾਹੀ ਕੀਰਤਨ ਦੀ ਛਹਿਬਰ ਸੀ। ਮੜ੍ਹੀਆਂ ਵਾਲਾ ਪਿੰਡ ਦੇ ਨਿਹੰਗ ਜਥੇਦਾਰ ਸਿੰਘ ਸਾਹਿਬ ਮਾਨ ਸਿੰਘ ਜੀ ਦੇ ਸਪੁੱਤਰ ਕੀਰਤਨ ਕਰ ਰਹੇ ਸਨ। ਰੂਹ ਸਰਸ਼ਾਰ ਹੋ ਗਈ। ਗੁਰਦਵਾਰਾ ਸਾਹਿਬ ਦਾ ਆਭਾ ਮੰਡਲ ਵੀ ਕਮਾਲ ਸੀ।
ਉਹ ਲੋਕ ਵੀ ਚੇਤਿਆਂ ਵਿੱਚ ਕੰਡੇ ਵਾਂਗ ਰੜਕੇ ਜੋ ਸਾੜੇ ਕੀਨੇ ਵੱਸ ਹੋ ਕੇ ਹਰਭਜਨ ਸਿੰਘ ਬਾਜਵਾ ਦੀ ਮੜ੍ਹੀ ਨਾਲ ਹੀ ਲੜੀ ਜਾਂਦੇ ਹਨ।
ਉਨ੍ਹਾਂ ਨੂੰ ਆਪਣਾ ਮਰਨਾ ਵਿੱਸਰਿਆ ਹੋਇਆ ਹੈ।
ਬਟਾਲਾ ਤੋਂ ਵਾਪਸੀ ਤੇ ਬਾਬਾ ਬਕਾਲਾ ਸਾਹਿਬ ਵਿਖੇ ਸ਼ਾਇਰ ਮਿੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਿਆਸ ਵਿੱਚ ਕਵੀ ਮਿੱਤਰ ਵਿਸ਼ਾਲ ਤੇ ਜਲੰਧਰ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੂੰ ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ ਸੌਂਪਿਆ।
ਬਟਾਲਾ ਤੋਂ ਮੇਰੇ ਸੱਜਣ ਹਰਜਿੰਦਰ ਸਿੰਘ ਕਲਸੀ ਨੇ ਜੋ ਕੁਝ ਮੀਡੀਆਂ ਨੂੰ ਲਿਖ ਭੇਜਿਆ, ਤੁਹਾਡੇ ਨਾਲ ਹਰਫ਼ ਹਰਫ਼ ਸਾਂਝਾ ਕਰ ਰਿਹਾ ਹਾਂ।
ਬਟਾਲਾਃ ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਬਟਾਲਾ ਦੇ ਕਾਹਨੂੰਵਾਨ ਰੋਡ ’ਤੇ ਸਥਿਤ ਗੁਰਦੁਆਰਾ ਸਿੰਘ ਸਭਾ ਧੁੱਪਸੜੀ ’ਚ ਹੋਇਆ। ਵੱਖ-ਵੱਖ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਸ. ਹਰਭਜਨ ਸਿੰਘ ਬਾਜਵਾ ਨਾਲ ਗੁਜ਼ਾਰੇ ਪਲਾਂ ਨੂੰ ਜਿੱਥੇ ਬਿਆਨਿਆ, ਉੱਥੇ ਸਾਹਿੱਤ ਤੇ ਫੋਟੋਗ੍ਰਾਫੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਨਿਹੰਗ ਸਿੰਘ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜੀ ਰੱਖਿਆ।
ਅੰਤਿਮ ਅਰਦਾਸ ਮੌਕੇ ਗਗਨਦੀਪ ਸਿੰਘ ਵਿਰਕ ਅਤੇ ਪ੍ਰੋਫੈਸਰ ਨਰੇਸ਼ ਕੁਮਾਰ ਵੱਲੋਂ ਸੰਪਾਦਤ ਕੀਤੀ ਕਿਤਾਬ ‘ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ’ ਲੋਕ ਅਰਪਣ ਕਰਨ ਦੀ ਰਸਮ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਭਗਤ ਪੂਰਨ ਸਿੰਘ ਪਿੰਗਲਵਾੜਾ ਟਰੱਸਟ ਦੇ ਚੇਅਰਮੈਨ ਬੀਬੀ ਡਾ. ਇੰਦਰਜੀਤ ਕੌਰ, ਨਾਮਵਰ ਸ਼ਾਇਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਨਾਵਲਕਾਰ ਜਰਨੈਲ ਸਿੰਘ ਮਾਹਲ,ਪ੍ਰਿੰਸੀਪਲ ਸਵਰਨ ਸਿੰਘ ਵਿਰਕ,ਡਾ. ਸੁਮੇਲ ਸਿੰਘ ਸਿੱਧੂ ਬਠਿੰਡਾ,ਸ਼ਾਇਰ ਡਾ. ਰਵਿੰਦਰ ਬਟਾਲਾ ਤੇ ਪੰਜਾਬੀ ਲੇਖਕ ਦੇਵਿੰਦਰ ਦੀਦਾਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਕੀਤੀ।
ਫੋਟੋ ਕਲਾਕਾਰ ਬਾਜਵਾ ਨੂੰ ਸ਼ਰਧਾਂਜਲੀ ਦੇਂਦਿਆ ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ. ਹਰਭਜਨ ਸਿੰਘ ਬਾਜਵਾ ਵੱਲੋਂ ਉਨ੍ਹਾਂ ਦੇ ਬਾਪ ਮਰਹੂਮ (ਜਥੇਦਾਰ ਜਗਦੇਵ ਸਿੰਘ ਖੁੱਡੀਆਂ) ਨਾਲ ਭਰਾਵਾਂ ਵਰਗੀ ਨਿਭਾਈ ਸਾਂਝ ਨੂੰ ਜਿੱਥੇ ਬਿਆਨਿਆ, ਉੱਥੇ ਬਾਜਵਾ ਵੱਲੋਂ ਉਨ੍ਹਾਂ ਦੇ ਬਚਪਨ ਸਮੇਂ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਬਾਜਵਾ ਨੂੰ ਰੱਜੀ ਰੂਹ ਵਾਲਾ ਮਨੁੱਖ ਦੱਸਿਆ।
ਜਦੋਂ ਕਿ ਵਿਧਾਇਕ ਤੇ ਸਾਬਕਾ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸੰਖੇਪ ਸੰਬੋਧਨ ਦੌਰਾਨ ਪਿੱਛੋਂ ਪਾਕਿਸਤਾਨ ਤੋਂ ਇੱਕੋ ਪਿੰਡੋਂ ਕੋਟਲੀ ਬਾਜਵਾ (ਨਾਰੋਵਾਲ) ਤੋਂ ਆਏ ਇੱਕ ਹੀ ਪਰਿਵਾਰ ਦੀ ਅੰਸ਼-ਵੰਸ਼ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਉਹ ਵੱਡੀ ਤੋਂ ਵੱਡੀ ਤਾਕਤ ਨੂੰ ਵੀ ਵੰਗਾਰਨ ਦੀ ਸਮਰੱਥਾ ਰੱਖਦੇ ਸਨ।
ਪਿੰਗਲਵਾੜਾ ਦੀ ਚੇਅਰਮੈਨ ਬੀਬੀ ਡਾ. ਇੰਦਰਜੀਤ ਕੌਰ ਨੇ ਹਰਭਜਨ ਸਿੰਘ ਬਾਜਵਾ ਨੂੰ ਸਕੋ ਭਰਾ ਤੋਂ ਵੱਧ ਪਿਆਰ ਕਰਨ ਵਾਲਾ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਮੇਰੀ ਆਖਰੀ ਮੁਲਾਕਾਤ 15 ਅਗਸਤ 2026 ਨੂੰ ਉਨ੍ਹਾਂ ਦੇ ਘਰ ਵਿੱਚ ਹੋਈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਇਕੱਲਾ ਫੋਟੋਗ੍ਰਾਫਰ ਹੀ ਨਹੀਂ ਸੀ, ਸਗੋਂ ਉਹ ਸ਼ਾਇਰ, ਲੇਖਕ, ਰਾਹ ਦਸੇਰਾ ਅਤੇ ਕਈ ਕਲਾਵਾਂ ਦਾ ਸੁਮੇਲ ਸੀ। ਦਾਦੀਆਂ ਵਾਲੇ ਸ. ਜਰਨੈਲ ਸਿੰਘ ਮਾਹਲ ਨਾਵਲਕਾਰ ਨੇ ਉਨ੍ਹਾਂ ਨਾਲ ਉਮਰ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਬਾਜਵਾ ਨੇੜਉਸ ਤੋਂ ਜੇਲ੍ਹ ਜੀਵਨ ਬਾਰੇ ਨਾਵਲ ਪਛਤਾਵਾ ਲਿਖਵਾਇਆ।
ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਸੱਚੇ ਸੁੱਚੇ ਮਿੱਤਰ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਦਿਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ।
ਮੰਚ ਸੰਚਾਲਨ ਪੰਜਾਬੀ ਸ਼ਾਇਰ ਡਾ. ਰਵਿੰਦਰ ਨੇ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ , ਸਾਹਿੱਤਕ ਤੇ ਸਮਾਜਿਕ ਜਥੇਬੰਦੀਆਂ ਨੇ ਜਿੱਥੇ ਆਪਣੇ ਸ਼ੋਕ ਸੰਦੇਸ਼ ਭੇਜੇ, ਉੱਥੋਂ ਟੋਰਾਂਟੋ ਤੋਂ ਵਿਸ਼ਵ ਪੰਜਾਬੀ ਭਵਨ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਡਾ. ਵਰਿਆਮ ਸਿੰਘ ਸੰਧੂ,ਪ੍ਰੋ. ਜਾਗੀਰ ਸਿੰਘ ਕਾਹਲੋਂ, ਨਾਟਕਕਾਰ ਹੀਰਾ ਸਿੰਘ ਰੰਧਾਵਾ, ਖਾਲਸਾ ਕਾਲਜ ਅੰਮ੍ਰਿਤਸਰ, ਜੀ.ਐੱਨ.ਡੀ.ਯੂ. ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ, ਡਾ. ਸ ਪ ਸਿੰਘ, ਪੰਜਾਬੀ ਯੂਨੀਵਰਸਿਟੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਵੀ ਆਪਣੇ ਸ਼ੋਕ ਸੰਦੇਸ਼ ਵਿੱਚ ਸਵ: ਹਰਭਜਨ ਸਿੰਘ ਬਾਜਵਾ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਇਸ ਮੌਕੇ ’ਤੇ ਡਾ. ਸਤਿਨਾਮ ਸਿੰਘ ਨਿੱਝਰ, ਚੇਅਰਮੈਨ . ਉੱਤਮ ਸਿੰਘ ਯਾਦਗਾਰੀ ਟਰਸਟ ਬਟਾਲਾ,ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰਤੀਨਿਧ ਮੱਖਣ ਸਿੰਘ ਕੋਹਾੜ, ਵਿਜੈ ਅਗਨੀਹੋਤਰੀ, ਡਾ. ਅਨੂਪ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਪੱਡਾ ਕੈਨੇਡਾ, ਮੁਖਤਾਰ ਗਿੱਲ, ਅਜੀਤ ਕਮਲ, ਵਰਗਿਸ ਸਲਾਮਤ, ਗੁਰਮੀਤ ਸਿੰਘ ਬਾਜਵਾ,ਕਵੀ ਤੇ ਫੋਟੋਕਾਰ ਰਵਿੰਦਰ ਰਵੀ ਲੁਧਿਆਣਾ, ਫੋਟੋ ਕਲਾਕਾਰ ਸੁਖਜੀਵਨ ਪਟਿਆਲਾ, ਕਿਸਾਨ ਆਗੂ ਗੁਰਬਚਨ ਸਿੰਘ ਬਾਜਵਾ, ਸੁਖਵਿੰਦਰ ਸਿੰਘ ਕਾਹਲੋਂ,ਆਮ ਪਾਰਟੀ ਦੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਜੋਬਨ ਰੰਧਾਵਾ, ਫੋਟੋਗ੍ਰਾਫਰ ਐਸੋਸੀਏਸ਼ਨ ਪ੍ਰਧਾਨ ਸੁਖਜਿੰਦਰ ਸਿੰਘ ਧੁੱਪਸੜੀ, ਮੁੱਖ ਖੇਤੀਬਾੜੀ ਅਫਸਰ ਡਾ. ਸ਼ਹਿਬਾਜ ਸਿੰਘ ਚੀਮਾ, ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ, ਸਾਬਕਾ ਰਾਜਸਭਾ ਮੈਂਬਰ ਸ. ਭੂਪਿੰਦਰ ਸਿੰਘ ਮਾਨ, ਸੁਰਜੀਤ ਸਪੋਰਟਸ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ, ਲੋਕਲ ਬਾਡੀਜ਼ ਦੇ ਸੇਵਾਮੁਕਤ ਚੀਫ ਇੰਜਨੀਅਰ ਸ. ਸੁਖਬੀਰ ਸਿੰਘ ਜਾਖੜ ਲੁਧਿਆਣਾ, ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ, ਅੱਖਰ ਦੇ ਸੰਪਾਦਕ ਡਾ. ਬਿਕਰਮਜੀਤ,ਲੋਕ ਗਾਇਕ ਗਾਇਕ ਸਵਿੰਦਰ ਸਿੰਘ ਭਾਗੋਵਾਲੀਆ, ਹੈਪੀ ਬਟਾਲਾ ਸੁਲੱਖਣ ਸਿੰਘ ਰਿਆੜ ਕਵੀਸ਼ਰ, ਨਿਰਮਲ ਸਿੰਘ ਨਿੰਮਾ ਗੁਰਦਾਸਪੁਰੀ ਗਾਇਕ, ਰਛਪਾਲ ਰਸੀਲਾ, ਰਮੇਸ਼ ਯਾਦਵ, ਰਾਜਪਾਲ ਬਾਠ, ਜੋਗਿੰਦਰ ਅੰਗਰੂਲਾ, ਡਾ. ਪਰਮਜੀਤ ਸਿੰਘ ਕਲਸੀ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ , ਨਾਵਲਕਾਰ ਜਰਨੈਲ ਸਿੰਘ ਮਾਹਲ ਸਮੇਤ ਹੋਰ ਹਾਜ਼ਰ ਸਨ। ਹਰਭਜਨ ਸਿੰਘ ਬਾਜਵਾ ਦੇ ਸਪੁੱਤਰ ਹਰਜਸਕੰਵਲ ਸਿੰਘ ਬਾਜਵਾ ਨੇ ਸਭ ਦਾ ਧੱਨਵਾਦ ਕੀਤਾ।
⚫️
ਪਿੱਛੋਂ ਸੁੱਝੀ
ਹਰਭਜਨ ਸਿੰਘ ਬਾਜਵਾ ਦੇ ਭੋਗ ਤੋਂ ਬਟਾਲਿਉਂ ਪਰਤਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਮਹਿਤਾ ਚੌਂਕ ਨੇੜੇ ਪਿੰਡ ਨੰਗਲੀ ਵਿੱਚ ਆਪਣੇ ਬਾਪ ਸ. ਜਗਦੇਵ ਸਿੰਘ ਖੁੱਡੀਆਂ ਦੇ ਖ਼ਾਲਸਾ ਕਾਲਿਜ ਅੰਮ੍ਰਿਤਸਰ ਵਿੱਚ ਰਹੇ ਸਹਿਪਾਠੀ ਤੇ ਭਾਰਤੀ ਅਥਲੈਟਿਕਸ ਟੀਮ ਦੇ ਕੋਚ ਰਹੇ ਸ. ਹਰਭਜਨ ਸਿੰਘ ਰੰਧਾਵਾ ਨੂੰ ਵੀ ਮਿਲਣ ਗਏ। ਸ. ਰੰਧਾਵਾ ਭਾਰਤੀ ਅਥਲੈਟਿਕਸ ਦੇ ਚਾਨਣ ਮੁਨਾਰੇ , ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਤੇ ਪਦਮ ਸ਼੍ਰੀ ਉੁੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ ਦੇ ਵੱਡੇ ਭਰਾਤਾ ਹਨ।
ਗੁਰਭਜਨ ਗਿੱਲ
