ਕਾਰਵਾਈ ਸਿਰਫ਼ ਛੋਟੇ ਵਿਕਰੇਤਾਵਾਂ ਤੱਕ ਸੀਮਤ ਨਾ ਰਹੇ, ਨਸ਼ਾ ਕਿੱਥੋਂ ਆ ਰਿਹਾ ਹੈ ਅਤੇ ਇਸ ਪਿੱਛੇ ਪੂਰਾ ਜਾਲ ਕੌਣ ਚਲਾ ਰਿਹਾ ਹੈ, ਸਭ ਕੁਝ ਸਾਹਮਣੇ ਲਿਆਂਦਾ ਜਾਵੇ
ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਲੋਕ ਆਵਾਜ਼ ਟੀ.ਵੀ. ਵੱਲੋਂ ਫਰੀਦਕੋਟ ਸਬੰਧੀ ਪ੍ਰਸਾਰਿਤ ਕੀਤੀ ਗਈ ਇੱਕ ਗੁਪਤ ਪੜਤਾਲ ਦੀ ਵੀਡੀਓ ਵਿੱਚ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਸਬੰਧੀ ਸਾਹਮਣੇ ਲਿਆਂਦੇ ਗਏ ਗੰਭੀਰ ਦਾਅਵਿਆਂ ਦੀ ਨਿਰਪੱਖ, ਉੱਚ ਪੱਧਰੀ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅਰਸ਼ ਸੱਚਰ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪ੍ਰਤੀਨਿਧਤਾ ਭੇਜੀ ਗਈ ਹੈ ਅਤੇ ਇਸ ਦੀਆਂ ਕਾਪੀਆਂ ਮੁੱਖ ਸਕੱਤਰ ਪੰਜਾਬ ਅਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਭੇਜ ਕੇ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਗਈ ਹੈ। ਪ੍ਰਤੀਨਿਧਤਾ ਨਾਲ ਪ੍ਰਸਾਰਿਤ ਵੀਡੀਓ ਦੇ ਤਸਵੀਰੀ ਸਬੂਤ ਅਤੇ ਵੀਡੀਓ ਦਾ ਸੰਪਰਕ-ਸੂਤਰ ਵੀ ਸਾਂਝਾ ਕੀਤਾ ਗਿਆ ਹੈ ਤਾਂ ਜੋ ਇਸ ਸਮੱਗਰੀ ਦੀ ਸੱਚਾਈ ਅਤੇ ਇਸ ਵਿੱਚ ਕੀਤੇ ਗਏ ਦਾਅਵਿਆਂ ਦੀ ਪੂਰੀ ਤਸਦੀਕ ਕੀਤੀ ਜਾ ਸਕੇ। ਅਰਸ਼ ਸੱਚਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਬਿਨਾਂ ਜਾਂਚ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਪਰ ਸਾਹਮਣੇ ਆਈ ਗੰਭੀਰ ਜਾਣਕਾਰੀ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਿਕਰੀ ਸਬੰਧੀ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ ਤਾਂ ਕਾਰਵਾਈ ਸਿਰਫ਼ ਨਸ਼ਾ ਵੇਚਣ ਵਾਲੇ ਛੋਟੇ ਵਿਕਰੇਤਾਵਾਂ ਤੱਕ ਸੀਮਤ ਨਾ ਰਹੇ, ਸਗੋਂ ਨਸ਼ਾ ਕਿੱਥੋਂ ਆ ਰਿਹਾ ਹੈ, ਕੌਣ ਸਪਲਾਈ ਕਰ ਰਿਹਾ ਹੈ, ਕਿਹੜੇ ਰਸਤੇ ਰਾਹੀਂ ਫਰੀਦਕੋਟ ਤੱਕ ਪਹੁੰਚ ਰਿਹਾ ਹੈ, ਕੌਣ ਇਸ ਦੀ ਵੰਡ ਕਰਵਾ ਰਿਹਾ ਹੈ ਅਤੇ ਇਸ ਤੋਂ ਹੋਣ ਵਾਲੀ ਰਕਮ ਕਿੱਥੇ ਜਾ ਰਹੀ ਹੈ, ਇਸ ਪੂਰੀ ਲੜੀ ਦੀ ਜੜ੍ਹ ਤੱਕ ਜਾਂਚ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੋਕ ਆਵਾਜ਼ ਟੀ.ਵੀ. ਕੋਲ ਮੌਜੂਦ ਮੂਲ ਅਤੇ ਬਿਨਾਂ ਕੱਟ-ਛਾਂਟ ਵਾਲੀ ਵੀਡੀਓ ਸਮੱਗਰੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਦਾ ਹਿੱਸਾ ਬਣਾਇਆ ਜਾਵੇ। ਵੀਡੀਓ ਵਿੱਚ ਦਿਖਾਈ ਦੇਣ ਵਾਲੀਆਂ ਥਾਵਾਂ ਅਤੇ ਵਿਅਕਤੀਆਂ ਦੀ ਪਛਾਣ ਤੇ ਤਸਦੀਕ ਕੀਤੀ ਜਾਵੇ ਅਤੇ ਸਬੂਤ ਮਿਲਣ ਦੀ ਸੂਰਤ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਤੋਂ ਲੈ ਕੇ ਸਥਾਨਕ ਵਿਕਰੇਤਾਵਾਂ ਅਤੇ ਇਸ ਨਾਲ ਜੁੜੇ ਪੂਰੇ ਜਾਲ ਦੀ ਜਾਂਚ ਕੀਤੀ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਵਿਅਕਤੀ, ਪੁਲਿਸ ਮੁਲਾਜ਼ਮ ਜਾਂ ਸਰਕਾਰੀ ਅਧਿਕਾਰੀ ਵੱਲੋਂ ਮਿਲੀਭੁਗਤ, ਸਰਪ੍ਰਸਤੀ, ਮਦਦ ਜਾਂ ਜਾਣਬੁੱਝ ਕੇ ਅਣਦੇਖੀ ਕਰਨ ਸਬੰਧੀ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਵੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਸ ਗੰਭੀਰ ਮਾਮਲੇ ਵਿੱਚ ਕੀਤੀ ਗਈ ਮੁੱਢਲੀ ਕਾਰਵਾਈ ਦੀ ਸੱਤ ਦਿਨਾਂ ਅੰਦਰ ਕਾਰਵਾਈ ਰਿਪੋਰਟ ਦੇਣ ਅਤੇ ਪੂਰੀ ਜਾਂਚ ਨੂੰ ਨਿਰਧਾਰਤ ਸਮੇਂ ਅੰਦਰ ਅੰਤਿਮ ਨਤੀਜੇ ਤੱਕ ਪਹੁੰਚਾਉਣ ਦੀ ਮੰਗ ਵੀ ਕੀਤੀ। ਅਰਸ਼ ਸੱਚਰ ਨੇ ਕਿਹਾ, “ਨਸ਼ਿਆਂ ਵਿਰੁੱਧ ਲੜਾਈ ਸਰਕਾਰ, ਪੁਲਿਸ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਡਾ ਮਕਸਦ ਕਿਸੇ ਵਿਅਕਤੀ ਨੂੰ ਬਿਨਾਂ ਜਾਂਚ ਦੋਸ਼ੀ ਠਹਿਰਾਉਣਾ ਨਹੀਂ, ਸਗੋਂ ਸਾਹਮਣੇ ਆਉਣ ਵਾਲੀ ਹਰ ਗੰਭੀਰ ਜਾਣਕਾਰੀ ਦੀ ਤਸਦੀਕ ਕਰਵਾ ਕੇ ਨਸ਼ੇ ਦੀ ਸਪਲਾਈ ਦੀ ਜੜ੍ਹ ਤੱਕ ਪਹੁੰਚਣਾ ਹੈ। ਜੋ ਵੀ ਦੋਸ਼ੀ ਸਬੂਤਾਂ ਦੇ ਆਧਾਰ ’ਤੇ ਸਾਹਮਣੇ ਆਵੇ, ਉਸ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”
