ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅੱਗੇ ਰੱਖੀ ਮੰਗ
ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਅਤੇ ਸਾਦਿਕ ਇਲਾਕੇ ਦੇ ਜਾਣੇ-ਪਛਾਣੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵੀਨ ਅਰੋੜਾ ਅੱਜ ਇਲਾਕੇ ਵਿੱਚ ਹਰਮਨਪਿਆਰੇ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਆਪਣੀ ਈਮਾਨਦਾਰੀ, ਨੇਕਦਿਲੀ ਅਤੇ ਨਿਸ਼ਕਾਮ ਸਮਾਜ ਸੇਵਾ ਦੀ ਬਦੌਲਤ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ, ਜਿਸ ਦੇ ਚੱਲਦਿਆਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਅਤੇ ਵੋਟਰ ਉਹਨਾਂ ਨਾਲ ਚੱਟਾਨ ਵਾਂਗ ਖੜ੍ਹੇ ਨਜ਼ਰ ਆ ਰਹੇ ਹਨ। ਇਲਾਕੇ ਵਿੱਚ ਨਵੀਨ ਅਰੋੜਾ ਵੱਲੋਂ ਨਿਭਾਈਆਂ ਬੇਮਿਸਾਲ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ਰੀਦਕੋਟ ਅਤੇ ਸਾਦਿਕ ਦੀਆਂ ਪ੍ਰਮੁੱਖ ਸਮਾਜਸੇਵੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਕਜੁੱਟ ਹੋ ਕੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੋਂ ਪੁਰਜ਼ੋਰ ਮੰਗ ਕੀਤੀ ਹੈ। ਸੰਸਥਾਵਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਨਵੀਨ ਅਰੋੜਾ ਦੀ ਲੋਕਪ੍ਰਿਯਤਾ ਅਤੇ ਈਮਾਨਦਾਰਾਨਾ ਰਿਕਾਰਡ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜਲਦ ਤੋਂ ਜਲਦ ਕੋਈ ਅਹਿਮ ਚੇਅਰਮੈਨੀ ਸੌਂਪੀ ਜਾਣੀ ਚਾਹੀਦੀ ਹੈ। ਸਥਾਨਕ ਲੋਕਾਂ ਅਤੇ ਸੰਸਥਾਵਾਂ ਦਾ ਮੰਨਣਾ ਹੈ ਕਿ ਨਵੀਨ ਅਰੋੜਾ ਵਰਗੇ ਮਿਹਨਤੀ ਅਤੇ ਸਮਰਪਿਤ ਆਗੂ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਅਤੇ ਹੁਲਾਰਾ ਮਿਲੇਗਾ। ਇਸ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਫ਼ਰੀਦਕੋਟ ਹਲਕੇ ਤੋਂ ਭਾਰੀ ਬਹੁਮਤ ਅਤੇ ਮਜ਼ਬੂਤੀ ਮਿਲੇਗੀ।
ਫੋਟੋ :- ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਆਪ ਆਗੂ ਨਵੀਨ ਅਰੋਡ਼ਾ

