ਫ਼ਰੀਦਕੋਟ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫ਼ਰੀਦ ਜੀ ਦੇ 57ਵੇਂ ਆਗਮਨ-ਪੁਰਬ 2026 ਨੂੰ ਸ਼ਰਧਾ, ਸ਼ਾਂਤੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਜਿੱਥੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ, ਉੱਥੇ ਬਾਬਾ ਫ਼ਰੀਦ ਪਬਲਿਕ ਸਕੂਲ ਅਤੇ ਕਾਲਜ਼ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਪੂਰੀ ਤਨਦੇਹੀ, ਸ਼ਰਧਾ ਅਤੇ ਉਤਸ਼ਾਹ ਨਾਲ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਰੋਜ਼ਾ ਆਗਮਨ-ਪੁਰਬ ਦੌਰਾਨ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਲੇਖ ਲਿਖਣ, ਪ੍ਰਸ਼ਨੋਤਰੀ, ਭਾਸ਼ਣ ਅਤੇ ਸ਼ਬਦ ਗਾਇਨ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਅਤੇ ਉਤਸ਼ਾਹ-ਵਧਾਊ ਇਨਾਮ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਕ੍ਰਮਵਾਰ 10,000, 7,000, 5,000 ਅਤੇ 2,100 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੇਖ ਲਿਖਣ ਮੁਕਾਬਲੇ ਵਿੱਚ ਮਨਕਰਨ ਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਹਰਮਨਜੋਤ ਕੌਰ ਨੇ ਉਤਸ਼ਾਹ-ਵਧਾਊ ਇਨਾਮ ਪ੍ਰਾਪਤ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਰਮਨਦੀਪ ਕੌਰ ਅਤੇ ਮਨਦੀਪ ਕੌਰ ਨੇ ਉਤਸ਼ਾਹ-ਵਧਾਊ ਇਨਾਮ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਹਰਲੀਨ ਕੌਰ ਅਤੇ ਮਨਤੇਗ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਬਦ ਗਾਇਨ ਮੁਕਾਬਲੇ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਆਗਮਨ-ਪੁਰਬ ਦੇ ਪਹਿਲੇ ਦਿਨ, 19 ਸਤੰਬਰ ਨੂੰ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਵਿਖੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਸਕੂਲ ਦੇ ਅਧਿਆਪਕਾਂ ਨੇ ਸ਼ਰਧਾ ਸਹਿਤ ਹਾਜ਼ਰੀ ਭਰੀ ਅਤੇ ਪਾਠ ਸਰਵਣ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਕੂਲ ਅਤੇ ਕਾਲਜ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲੰਗਰ ਦੀ ਸੇਵਾ ਵੀ ਪੂਰੀ ਸ਼ਰਧਾ ਅਤੇ ਤਨਦੇਹੀ ਨਾਲ ਨਿਭਾਈ ਗਈ। ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਵਿੱਚ ਵੀ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਵਿਸ਼ੇਸ਼ ਭਾਗੀਦਾਰੀ ਰਹੀ। ਖਾਲਸਾਈ ਰੂਪ ਵਿੱਚ ਸਜ਼ੇ ਛੋਟੇ ਸਿੰਘਾਂ ਦੇ ਨਾਲ-ਨਾਲ ਡਾਂਡੀਆ, ਲੇਜ਼ੀਅਮ ਅਤੇ ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਪੂਰੀ ਸ਼ਰਧਾ, ਮਰਿਆਦਾ ਅਤੇ ਅਨੁਸ਼ਾਸਨ ਨਾਲ ਨਗਰ ਕੀਰਤਨ ਵਿੱਚ ਆਪਣਾ ਯੋਗਦਾਨ ਪਾਇਆ। ਵੱਡੀ ਗਿਣਤੀ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਵਿਦਿਆਰਥੀਆਂ ਨੇ ਬਾਬਾ ਸ਼ੇਖ ਫ਼ਰੀਦ ਜੀ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸਿਰਫ਼ ਧਾਰਮਿਕ ਸ਼ਰਧਾ ਦਾ ਹੀ ਪ੍ਰਗਟਾਵਾ ਨਹੀਂ ਕੀਤਾ, ਸਗੋਂ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਫ਼ਰੀਦਕੋਟ ਨਗਰੀ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਬਾਬਾ ਸ਼ੇਖ ਫ਼ਰੀਦ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਸਰਬ-ਸਾਂਝੀਵਾਲਤਾ, ਪਿਆਰ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ।
ਪੰਜ ਰੋਜ਼ਾ ਆਗਮਨ-ਪੁਰਬ ਦੇ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਅਤੇ ਕਾਲਜ਼ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸੌਂਪੀਆਂ ਗਈਆਂ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ, ਤਨਦੇਹੀ ਅਤੇ ਅਨੁਸ਼ਾਸਨ ਨਾਲ ਬਾਖ਼ੂਬੀ ਨਿਭਾਇਆ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਮੈਂਬਰ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਸ. ਦੀਪਿੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਸਰਦਾਰਨੀ ਰਾਜਪਾਲ ਕੌਰ ਸੇਖੋਂ, ਡਾ. ਗੁਰਿੰਦਰ ਮੋਹਨ ਸਿੰਘ, ਸ. ਕੁਲਜੀਤ ਸਿੰਘ ਮੌਂਗੀਆ ਅਤੇ ਸ. ਨਰਿੰਦਰਪਾਲ ਸਿੰਘ ਬਰਾੜ ਨੇ ਸਕੂਲ ਅਤੇ ਕਾਲਜ਼ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਦਿਖਾਈ ਗਈ ਸ਼ਰਧਾ, ਸੇਵਾ-ਭਾਵਨਾ, ਸਮਰਪਣ ਅਤੇ ਅਨੁਸ਼ਾਸਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਬਾਬਾ ਸ਼ੇਖ ਫ਼ਰੀਦ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਪਰਮਾਤਮਾ ਇਨ੍ਹਾਂ ਵਿੱਦਿਅਕ ਸੰਸਥਾਵਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਭਵਿੱਖ ਵਿੱਚ ਵੀ ਸਿੱਖਿਆ, ਸੇਵਾ, ਸੰਸਕਾਰ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਬਲ ਬਖ਼ਸ਼ਣ।

