1.
ਕਰੋਸ਼ੀਏ ਨਾਲ ਮਾਂ
ਕਰੋਸ਼ੀਏ ਨਾਲ ਮਾਂ,
ਧਾਗੇ ਇੱਕ ਦੂਸਰੇ ’ਚ ਪਾ,
ਰੁਮਾਲ ਨਹੀਂ ਬੁਣਦੀ,
ਕਵਿਤਾਵਾਂ ਲਿਖਦੀ ਹੈ ।
ਰੀਝਾਂ ਦੇ ਮੇਜ਼ਪੋਸ਼,
ਮੂੰਹੋਂ ਬੋਲਦੇ ਦਸਤਰ ਖ੍ਵਾਨ ।
ਹੋਰ ਬਹੁਤ ਕੁਝ,
ਗੀਤਾਂ ਗ਼ਜ਼ਲਾਂ ਜਿਹਾ ।
ਸੌਖਾ ਨਹੀਂ ਹੁੰਦਾ,
ਇੱਕੋ ਰੰਗ ਦੇ
ਧਾਗਿਆਂ ਨਾਲ ਘੁਲਣਾ ।
ਤੇ ਆਕਾਰ ਬਣਾ ਧਰਨਾ ।
ਖਿੜੇ ਕੰਵਲ ਫੁੱਲ,
ਬਿਨ ਪਾਣੀਓਂ ਸਜੀਵ ਕਰਨਾ ।
ਚਿਤਵਣਾ ਤੇ
ਇਸ ਦੀਆਂ ਤੰਦਾਂ,
ਦੇ ਨਾਲ ਨਾਲ ਤੁਰਨਾ ।
ਬੁਲਬੁਲਿਆਂ ਦੇ
ਪਹਾੜ ਬਣਾਉਣਾ ।
ਤੇ ਕਦਮ ਕਦਮ ਚੜ੍ਹਾਈ ਚੜ੍ਹਨਾ ।
ਉਮਰ ਦੇ,
ਨੌਵੇਂ ਪਹਿਰ ਦੇ ਲੌਢੇ ਵੇਲੇ,
ਹਯਾਤੀ ਨੂੰ,
ਕੁਝ ਨਾ ਕੁਝ,
ਜੋੜੀ ਜਾਣ ਵਿੱਚ ਪਾਈ ਰੱਖਣਾ ।
ਟੁੱਟਿਆਂ ਨੂੰ ਜੋੜਦੇ ਰਹਿਣਾ ।
ਗਾਂਢੇ ਦਾ
ਪਤਾ ਵੀ ਨਾ ਲੱਗਣ ਦੇਣਾ ।
ਇਹ ਕਰਾਮਾਤ,
ਸਿਰਫ਼ ਮਾਂ ਹੀ ਕਰਦੀ ਹੈ ।
ਪੁੱਤਰਾਂ ਧੀਆਂ ਤੋਂ ਅੱਗੇ,
ਪੋਤਰੇ ਪੋਤਰੀਆਂ,
ਦੋਹਤਰੇ ਦੋਹਤਰੀਆਂ ਤੀਕ,
ਸੋਚਦੀ ਸੋਚਦੀ ਲੱਗੀ ਰਹਿੰਦੀ ਹੈ ਹਰ ਪਲ ।
ਕਰੋਸ਼ੀਏ ਨਾਲ,
ਆਕਾਰ ਸਾਕਾਰ ਕਰਦਿਆਂ,
ਮਨ ਵਿੱਚ ਬਹੁਤ ਕੁਝ ਤੁਰਦਾ ਹੈ ।
ਉਡਾਰੀ ਭਰਦੀ ਹੈ ਬਿਨ ਖੰਭਾਂ ਤੋਂ,
ਅੰਬਰ ਗਾਹੁੰਦੀ ਹੈ ।
ਗੋਡੇ ਮੋਢੇ,
ਦੁਖਣ ਦੇ ਬਾਵਜੂਦ,
ਬੈਠੀ ਬੈਠੀ,
ਬਹੁਤ ਦੂਰ ਤੁਰ ਜਾਂਦੀ ਹੈ ।
ਪੋਤਰੀਆਂ ਪੜਪੋਤਰੀਆਂ ਨਾਲ,
ਖੇਡ ਲੈਂਦੀ ਹੈ ਇਨ੍ਹਾਂ ਤੰਦਾਂ ਸਹਾਰੇ ।
ਕਰੋਸ਼ੀਆ ਉਸ ਲਈ,
ਉਸ ਸਿਦਕ ਦਾ ਨਾਮ ਹੈ,
ਜੋ ਸਾਡੇ ਰਿਸ਼ਤਿਆਂ ਨੂੰ,
ਹਰ ਪਲ ਅੱਗੇ ਤੋਰਦਾ ਹੈ ।
ਦਿਨ ਰਾਤ ਦੇ ਆਪਸ ’ਚ,
ਫਸੇ ਕੁੰਡਿਆਂ ਵਾਂਗ,
ਨਿਰੰਤਰ ਅਨਹਦ ਨਾਦ ਜਿਹਾ ।
ਮਾਂ ਸਭ ਤੋਂ ਸੁਚਿਆਰੀ ਹੁੰਦੀ ਹੈ,
ਕਰੋਸ਼ੀਆ ਬੁਣਦਿਆਂ ।
ਬੋਲਦੀ ਨਹੀਂ,
ਪਰ ਤੰਦਾਂ ਨਾਲ ਲਗਾਤਾਰ,
ਵਾਰਤਾਲਾਪ ਕਰਦੀ ।
ਕਿਰਤ ਦਾ ਨਿੱਤਨੇਮ ਕਰਦੀ,
ਮਾਂ ਤੋਂ ਵੱਡਾ,
ਮੈਨੂੰ ਕੋਈ ਹੋਰ
ਧਰਮਾਤਮਾ ਨਹੀਂ ਦਿਸਿਆ ।
ਐਨਕ ਦੇ ਸਹਾਰੇ,
ਬਾਰੀਕ ਤੰਦਾਂ ਜੋੜਦੀ ਮਾਂ,
ਮੇਰੀ ਧਰਤੀ ਬਣ ਜਾਂਦੀ ਹੈ,
ਤੇ ਅਗਲੇ ਪਲ ਅੰਬਰ ।
ਮਾਂ,ਠੰਢੀ ਮਿੱਠੀ ਪੌਣ
ਬਣ ਜਾਂਦੀ ਹੈ ।
ਹਰਿਆਲੀ ਛਤਰੀ,
ਧੁੱਪੇ ਸਾਡੇ ਸਿਰਾਂ ਤੇ ਤਣਦੀ ।
ਮਾਂ,ਦੂਸਰਾ ਬਲਿਹਾਰੀ,
ਜੋ ਜਣਦੀ ਪਾਲਦੀ ਸੰਭਾਲਦੀ,
ਆਪਣਾ ਆਪ ।
ਮਿੱਟੀ ’ਚ ਮਿਟਾ ਦਿੰਦੀ ਹੈ ।
ਆਖ਼ਰੀ ਸਵਾਸਾਂ ਨੂੰ ਸਾਂਭ ਸਾਂਭ,
ਕਣ ਕਣ ਟੁੱਟਦੀ ਜੁੜਦੀ,
ਚੇਤਿਆਂ ’ਚ,
ਸਦੀਵ ਕਾਲ ਵਾਸਤੇ
ਬਹਿ ਜਾਂਦੀ ਹੈ ।
🔷
2.
ਬਹੁਤ ਯਾਦ ਆਉਂਦੀ ਹੈ ਲਾਲਟੈਣ
ਕੱਚੇ ਕੋਠਿਆਂ ’ਚ ਬਹੁਤ ਕੁਝ ਸੀ,
ਚਾਨਣ ਤੋਂ ਬਗੈਰ ।
ਸੂਰਜ ਛਿਪਦਾ ਤਾਂ
ਦੀਵਿਆਂ ਵੇਲੇ ਮਨ ਡੁੱਬਦਾ ।
ਚਾਨਣਾ ਤਾਂ ਖ਼ਰਚ ਲੈਂਦੇ ਸਾਂ,
ਸ਼ਾਮੀਂ ਖੇਡਦਿਆਂ ਮੱਲਦਿਆਂ ।
ਰੱਕੜੀ ’ਚ ਖਿੱਦੋ-ਖੂੰਡੀ ਚੱਲਦੀ,
ਰੂੜੀਆਂ ’ਚ ਖਿੱਦੋ ਗੁਆਚਦੀ,
ਤਾਂ ਸ਼ਿਕਾਰੀਆਂ ਵਾਂਗ
ਸੁੰਘਦੇ ਫਿਰਦੇ ।
ਘਰ ਪਰਤਦੇ ਤਾਂ ਮਾਂ ਆਖਦੀ,
ਪਹਿਲਾਂ ਪਿੰਡੇ ਪਾਣੀ ਪਾ,
ਸਕੂਲ ਦਾ ਕੰਮ ਨਬੇੜ,
ਰੋਟੀ ਤਾਂ ਮਿਲੂ ।
ਦੀਵੇ ਦੀ ਲਾਟ ਡੋਲਦੀ,
ਭਮੱਕੜ ਨੱਚਦੇ ਇਰਦ ਗਿਰਦ ।
ਇੱਕੋ ਦੀਵਾ ਚੌਕੇ ’ਚ ਜਗਦਾ ।
ਚੁੱਲ੍ਹਾ ਚੌਂਕਾ ਸਮੇਟ ਕੇ ਹੀ,
ਦੀਵਾ ਮਿਲਦਾ ਕੰਬਦਾ ਕੰਬਦਾ ।
ਨੀਂਦਰ ਦੇ ਡੋਰੇ
ਅੱਖੀਆਂ ਮੱਲ ਖਲੋਂਦੇ ।
ਅੱਖਰ ਅੱਗੇ ਅੱਗੇ,
ਮੈਂ ਪਿੱਛੇ ਪਿੱਛੇ ।
ਦੀਵਾ ਦੁਸ਼ਮਣ ਜਾਪਦਾ ।
ਘਰ ’ਚ ਮੇਜ਼ ਨਹੀਂ ਸੀ
ਉੱਚੀ ਬੰਨੀ ਤੇ ਜਗਦਾ ਮਘਦਾ,
ਗਿਆਨ ਦੂਤ ਜਮਦੂਤ ਜਾਪਦਾ ।
ਨੀਂਦਰ ਦਾ ਵੈਰੀ ।
ਦੀਵਾ ਵਧਾ ਕੇ ਮਾਂ ਆਖਦੀ,
ਹੁਣ ਸੌ ਜਾ,
ਸਵੇਰੇ ਜਾਗ ਪਵੀਂ ਧਾਰਾਂ ਵੇਲੇ ।
ਤੇ ਜਦੋਂ ਘਰ ’ਚ ਲਾਲਟੈਣ ਆਈ,
ਘਰ ਰੁਸ਼ਨਾ ਉੱਠਿਆ ।
ਬਾਪੂ ਜੀ ਆਖਦੇ,
ਹੁਣ ਤਾਂ
ਕੀੜੀ ਤੁਰਦੀ ਵੀ ਦਿਸਦੀ ਹੈ ।
ਚਾਨਣ ’ਚ ਕਿਤਾਬਾਂ ਆਖਦੀਆਂ,
ਆ ਜਾ ਮੇਰੇ ਨਾਲ ਗੱਲਾਂ ਕਰ ।
ਵਰਕਾ ਵਰਕਾ
ਹਰਫ਼ ਹਰਫ਼ ਪੌੜੀ ਦਰ ਪੌੜੀ ।
ਮਿੱਟੀ ਦਾ ਤੇਲ ਬਲਦਾ
ਤਾਂ ਕਾਲਾ ਧੂੰਆਂ,
ਨਾਸੀਂ ਵੜਦਾ
ਕੌੜ ਕੁਸੈਲਾ ਜਿਹਾ ।
ਚਿਮਨੀ ਅੰਦਰ ਕਾਲਖ਼ ਜੰਮਦੀ,
ਤਾਂ ਬੀਬੀ ਜੀ
ਚੁੰਨੀ ਦੇ ਪਾਟੇ ਪੱਲੇ ਨਾਲ ਪੂੰਝਦੇ ।
ਧੁੰਦਲੇ ਅੱਖਰ ਜਗਮਗ ਕਰਦੇ ।
ਨੂਰ-ਸਰੋਵਰ ’ਚ ਸੁਪਨੇ ਤਰਦੇ ।
ਕੱਚੇ ਵਿਹੜੇ ’ਚ
ਰੀਝਾਂ ਉੱਗਦੀਆਂ ।
ਹਿੰਮਤ ਦਾ ਪਾਣੀ ਮਾਪੇ ਪਾਉਂਦੇ ।
ਵੱਡੇ ਭੈਣ ਭਰਾ ਕੜ੍ਹੇ ਹੋਏ ਦੁੱਧ ਨੂੰ,
ਵਿਸ਼ਵਾਸ ਦੀ ਜਾਗ ਲਗਾਉਂਦੇ ।
ਲਾਲਟੈਣ ਨੇ
ਮੇਰਾ ਸੰਸਾਰ ਬਦਲਿਆ ।
ਇਸ ਦੀ ਲੋਏ ਲੋਏ ਜਾਗਦਿਆਂ,
ਮੈਨੂੰ ਸੁੰਦਰ ਸੁਪਨੇ ਆਉਂਦੇ ।
ਸੁੱਤਿਆਂ ਨੂੰ ਫੇਰ ਜਗਾਉਂਦੇ ।
ਚਾਨਣ ਯਾਰ ਬਣ ਗਿਆ,
ਲਾਲਟੈਣ ਦੇ ਆਉਣ ਨਾਲ ।
ਬਿਜਲੀ ਆਈ ਤਾਂ ਬਾਪੂ ਜੀ ਨੇ,
ਦੂਰ ਖਲੋ ਕੇਡਾਂਗ ਨਾਲ ਜਗਾਈ ।
ਕਿਸੇ ਕਿਹਾ ਸੀ,
ਬਾਪੂ ਹਰਨਾਮ ਸਿੰਹਾਂ
ਨੇੜੇ ਨਾ ਜਾਈਂ ।
ਫੜ ਲੈਂਦੀ ਹੈ ਇਹ ਡੈਣ ।
ਉਦੋਂ ਪਤਾ ਹੀ ਨਹੀਂ ਸੀ ਕਿ,
ਹਨ੍ਹੇਰਾ ਕਿੰਨਾ ਸ਼ਾਤਰ ਹੈ ।
ਬੰਦੇ ਦੇ ਰੂਪ ਵਿੱਚ ਆਉਂਦਾ ਹੈ,
ਭੋਲ਼ੇ ਲੋਕ ਡਰਾਉਂਦਾ ਹੈ ।
ਚਾਨਣ ਨੂੰ ਨਹੀਂ ਜਰਦਾ,
ਭਰਮ-ਜਾਲ ਫ਼ੈਲਾਉਂਦਾ ਹੈ ।
ਬਿਜਲੀ ਦੇ ਲਾਟੂ ’ਚੋਂ
ਕਿੰਨਾ ਕੁਝ ਨਿਕਲਿਆ ।
ਸਤਰ ਦਰ ਸਤਰ
ਚਾਨਣ ਲੜੀਆਂ ।
ਇਨ੍ਹਾਂ ਨੇ ਹੀ ਸਾਡੀਆਂ
ਉਂਗਲਾਂ ਫੜੀਆਂ ।
ਮੱਥੇ ’ਚ ਗੂੜ੍ਹੀਆਂ
ਲਕੀਰਾਂ ਜੜੀਆਂ ।
ਹੁਣ ਹਰ ਕਮਰੇ ਵਿੱਚ,
ਦੋ ਦੋ ਤਿੰਨ ਤਿੰਨ
ਟਿਊਬਾਂ ਜਗਦੀਆਂ ।
ਬਲਬ ਰੁਸ਼ਨਾਉਂਦੇ
ਪਰ ਖ੍ਵਾਬ ਨਹੀਂ ਆਉਂਦੇ ।
ਕੰਕਰੀਟ
ਕਿੰਨਾ ਬੇਰਹਿਮ ਜੰਗਲ ਹੈ,
ਕਮਰਿਆਂ ’ਚ ਤਾੜ ਦਿੰਦਾ ਹੈ,
ਤਾਰਿਆਂ ਨਾਲ
ਨਹੀਂ ਮਿਲਣ ਦਿੰਦਾ ।
ਲਾਲਟੈਣ ਰਾਹੀਂ ਕਿੰਨਾ ਕੁਝ,
ਮਿਲਿਆ ਮਿਲਾਇਆ
ਖੋਹ ਲੈਂਦਾ ।
ਟੱਬਰ ਟੀਰ
ਸਾਂਝੇ ਆਦਰਸ਼ ਤੇ ਸੁਪਨੇ ।
ਛੱਤਾਂ ਨਾਲ ਜੁੜੀਆਂ ਛੱਤਾਂ
ਬਾਤਾਂ ਹੁੰਗਾਰੇ,
ਟਿਮਟਿਮਾਉਂਦੇ ਤਾਰੇ ।
ਬੜਾ ਜ਼ਾਲਮ ਹੈ
ਸੁਖਾਂ ਲੱਧਾ ਸੰਸਾਰ ।
ਕੱਚੇ ਵਿਹੜੇ, ਦੀਵੇ, ਲਾਲਟੈਣਾਂ,
ਤੇ ਹੋਰ ਬੜਾ ਕੁਝ ਭੁਲਾ ਦਿੰਦਾ ਹੈ ।
ਸੁਪਨੇ ਜੜ੍ਹੋਂ ਸੁਕਾ ਦਿੰਦਾ ਹੈ ।
ਧਰਤ ਆਕਾਸ਼ ਭੁਲਾ ਦੇਂਦਾ ਹੈ,
ਖਾਲਮ-ਖ਼ਾਲੀ ਕਰ ਦਿੰਦਾ ਹੈ, ਅੰਦਰੋਂ ਬਾਹਰੋਂ,
ਸਭ ਕੁਝ ਹੁੰਦਿਆਂ ਸੁੰਦਿਆਂ ।
◼️
3.
ਮਾਵਾਂ ਨਹੀਂ ਥੱਕਦੀਆਂ
ਮਾਵਾਂ ਨਹੀਂ ਥੱਕਦੀਆਂ,
ਕੰਮ ਨਾਲ,
ਰੋਟੀ ਪਕਾਉਂਦੀਆਂ,
ਲੀੜੇ ਧੋਂਦੀਆਂ, ਨਿਚੋੜਦੀਆਂ
ਸਿਆਲੂ ਕੱਪੜੇ
ਟਰੰਕਾਂ ’ਚੋਂ ਕੱਢਦੀਆਂ,
ਗਰਮੀਆਂ ਆਉਣ ਤੇ ਸਾਂਭਦੀਆਂ,ਸਮੇਟਦੀਆਂ
ਪੇਕਿਆਂ ਸਹੁਰਿਆਂ ਦੇ,
ਸ਼ਿਕਵੇ ਗਿਲੇ ਗੁਜ਼ਾਰੀਆਂ ।
ਰਾਤ ਨੂੰ ਪੜ੍ਹਦੇ,
ਪੁੱਤਰ ਧੀਆਂ ਦੇ ਨਾਲ ਨਾਲ,
ਬੈਠੀਆਂ ਬੈਠੀਆਂ
ਸਵੈਟਰ ਬੁਣਦੀਆਂ ।
ਚਾਵਾਂ ’ਚ
ਸਾਹਾਂ ਦੇ ਕੁੰਡੇ ਪਾਉਂਦੀਆਂ ।
ਇੱਕ ਸਿੱਧਾ ਦੋ ਪੁੱਠੇ,
ਨਿੱਘ ਵਰਤਾਉਂਦੀਆਂ ।
ਬੱਚਿਆਂ ’ਚ
ਘੁਲ ਜਾਂਦੀਆਂ ਹਨ ਮਾਵਾਂ ।
ਸਵੇਰ ਤੋਂ ਸ਼ਾਮ ਤੀਕ
ਟੁੱਟ ਮਰਦੀਆਂ ।
ਆਪਣੇ ਲਈ,
ਇੱਕ ਪਲ ਨਹੀਂ ਬਚਾਉਂਦੀਆਂ ।
ਭਲੇ ਦਿਨਾਂ ਦੀ ਉਡੀਕ ’ਚ,
ਸਾਰੀ ਉਮਰ ਲੰਘਾਉਂਦੀਆਂ ।
ਮਾਵਾਂ ਨਹੀਂ ਥੱਕਦੀਆਂ ।
ਲੰਮੀ ਹੇਕ ਦੇ ਗੀਤਾਂ ਵਿੱਚ,
ਪਿਰ ਪਰਦੇਸ ਗਏ ਨੂੰ ਚਿਤਵਦੀਆਂ ।
ਧੂੰਏਂ ਦੇ ਪੱਜ ਰੋਂਦੀਆਂ,
ਵਿੱਚੇ ਵਿੱਚ ਗਾਉਂਦੀਆਂ ।
ਰੇਲ ਗੱਡੀ ਨੂੰ,
ਟੁੱਟ ਜਾਣ ਦਾ ਸਰਾਪ ਦੇਂਦੀਆਂ ।
ਬਸਰੇ ਦੀ ਲਾਮ ਟੁੱਟਣ ਤੇ,
ਰੰਡੀਓਂ ਸੁਹਾਗਣ ਹੋਣ ਦਾ,
ਸੁਪਨ ਪਾਲਦੀਆਂ ।
ਮਾਵਾਂ ਨਹੀਂ ਥੱਕਦੀਆਂ ।
ਗਲੀ ਗਲੀ ਫਿਰਦੇ ਵਣਜਾਰੇ ਤੋਂ
ਚੂੜੀਆਂ ਦਾ ਹੋਕਾ ਸੁਣ ਕੇ ਕੋਲ ਬੁਲਾਉਂਦੀਆਂ ।
ਭੀੜੀ ਵੰਗ ਬਚਾ ਕੇ ਚਾੜ੍ਹੀਂ,
ਦਾ ਸੁਖ਼ਨ ਅਲਾਉਂਦੀਆਂ ।
ਮਾਵਾਂ ਕਦੇ ਨਹੀਂ ਥੱਕਦੀਆਂ ।
ਪੈਲੀਆਂ ’ਚ ਵਾਹੇ ਸਿਆੜਾਂ ’ਚ,
ਸੁਪਨੇ ਬੀਜਦੇ ਹਾਲ਼ੀ ਦੀ,
ਮਗਰੋਂ ਰੋਟੀ ਲੈ ਕੇ ਜਾਂਦੀਆਂ ।
ਮੱਕੀ ਡੁੰਗਦੀਆਂ
ਪੱਠੇ ਵੱਢਦੀਆਂ ।
ਚੁੱਕਦੀਆਂ ਚੁਕਾਉਂਦੀਆਂ ਕੁਤਰਦੀਆਂ,
ਤੂੜੀ ਦਾ ਗੁਤਾਵਾ ਕਰਦੀਆਂ,
ਖੁਰਲੀ ’ਚ
ਲਵੇਰਿਆਂ ਨੂੰ ਪਾਉਂਦੀਆਂ ।
ਮਾਵਾਂ ਕਦੇ ਨਹੀਂ ਥੱਕਦੀਆਂ ।
ਮਾਵਾਂ ਉਦੋਂ
ਥੱਕ ਹਾਰ ਜਾਂਦੀਆਂ ਹਨ
ਜਦ ਪੁੱਤਰ ਦੀ ਜੇਬ ’ਚੋਂ
ਅਵੱਲੀ ਜੇਹੀ ਕੋਈ
ਪੁੜੀ ਦੇਖਦੀਆਂ ।
ਬਟੂਏ ’ਚ ਲੁਕਾਈ ਕੋਈ
ਕਾਲੀ ਕਰਤੂਤ ਵੇਖਦੀਆਂ ।
ਥੱਕ ਜਾਂਦੀਆਂ ਹਨ ਮਾਵਾਂ ।
ਸ਼ਰਾਬੀ ਪਤੀ ਲਈ ਗੰਢੇ ਚੀਰਦੀਆਂ,
ਅੱਧੀ ਰਾਤ ਤੀਕ
ਘਰ ਬੈਠੇ ਸ਼ਰਾਬੀ ਟੋਲੇ ਦੀ,
ਹਿੜ ਹਿੜ ਸੁਣਦੀਆਂ ।
ਥੱਕ ਜਾਂਦੀਆਂ ਹਨ ਮਾਵਾਂ ।
ਭਲੇ ਦਿਨਾਂ ਦੀ ਆਸ ’ਚ,
ਰੁਜ਼ਗਾਰ ਲੈਣ ਗਏ ਪੁੱਤਰ ਦੇ,
ਖ਼ਾਲੀ ਮੁੜਨ ਤੇ ਵੀ ਨਹੀਂ ।
ਆਸ ਦੀ ਢੇਰੀ ਢਾਹ ਕੇ
ਬਹਿਣ ਨਾਲ,
ਮਾਵਾਂ ਥੱਕ ਜਾਂਦੀਆਂ ਹਨ ।
ਪੁੱਤਰ, ਪਤੀ,
ਪੇਕਿਆਂ ਸਹੁਰਿਆਂ ਦੇ
ਪੁੜਾਂ ’ਚ ਪੀਸ ਕੇ ਵੀ
ਜੁੜੀਆਂ ਰਹਿੰਦੀਆਂ ।
ਜੋੜੀ ਰੱਖਦੀਆਂ
ਟੁੱਟਦੀਆਂ ਨਹੀਂ,
ਅਚਨਚੇਤ,
ਅੰਦਰੇ ਅੰਦਰ ਲੱਗੀ
ਸਿਉਕ ਵਾਂਗ,
ਖਾ ਜਾਂਦੇ ਨੇ ਗ਼ਮ ।
ਥੱਕਦੀਆਂ ਨਹੀਂ ਮਾਵਾਂ,
ਮੁੱਕ ਜਾਂਦੀਆਂ ਹਨ ਮਾਵਾਂ
ਗੁਰਭਜਨ ਗਿੱਲ
