ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ, ਸੁਚਾਰੂ ਖਰੀਦ ਅਤੇ ਪਾਰਦਰਸ਼ਤਾ ਸਾਡੀ ਪਹਿਲੀ ਤਰਜੀਹ : ਚੇਅਰਮੈਨ ਨੀਤੂ ਕਪੂਰ
ਸਰਕਾਰ ਵੱਲੋਂ ਮਿਲ ਰਹੀਆਂ ਖੇਤੀ ਸਹੂਲਤਾਂ ’ਤੇ ਕਿਸਾਨਾਂ ਨੇ ਜਤਾਈ ਸੰਤੁਸ਼ਟੀ, ਕਿਹਾ- ਇਸ ਵਾਰ ਫਸਲ ਦੀ ਗੁਣਵੱਤਾ ਬਿਹਤਰ

ਸਾਦਿਕ/ਫਰੀਦਕੋਟ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਮਾਰਕੀਟ ਕਮੇਟੀ ਸਾਦਿਕ ਦੀ ਚੇਅਰਮੈਨ ਮੈਡਮ ਨੀਤੂ ਕਪੂਰ ਵੱਲੋਂ ਅੱਜ ਸਾਦਿਕ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੰਡੀ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੰਡੀ ਦੇ ਦੌਰੇ ਦੌਰਾਨ ਚੇਅਰਮੈਨ ਮੈਡਮ ਨੀਤੂ ਕਪੂਰ ਨੇ ਸਾਫ਼-ਸਫ਼ਾਈ, ਪੀਣ ਵਾਲੇ ਸਾਫ਼ ਪਾਣੀ, ਰਾਤ ਸਮੇਂ ਰੌਸ਼ਨੀ ਦੇ ਪੁਖ਼ਤਾ ਪ੍ਰਬੰਧਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਬੈਠਣ ਲਈ ਛਾਂਦਾਰ ਜਗ੍ਹਾ ਅਤੇ ਫਸਲ ਦੀ ਸੁਚਾਰੂ ਆਵਾਜਾਈ (ਲਿਫਟਿੰਗ) ਸਮੇਤ ਸਾਰੇ ਜ਼ਰੂਰੀ ਇੰਤਜ਼ਾਮਾਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਦਰਪੇਸ਼ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਮੈਡਮ ਨੀਤੂ ਕਪੂਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਖੇਤੀ ਖੇਤਰ ਲਈ ਮਿਲ ਰਹੀਆਂ ਨਿਰਵਿਘਨ ਬਿਜਲੀ, ਪਾਣੀ ਅਤੇ ਹੋਰ ਖੇਤੀ ਸਹੂਲਤਾਂ ’ਤੇ ਪੂਰਨ ਸੰਤੁਸ਼ਟੀ ਪ੍ਰਗਟਾਈ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਲੇ ਸਮੇਂ ਸਿਰ ਸਹਿਯੋਗ ਅਤੇ ਬਿਹਤਰ ਸਹੂਲਤਾਂ ਸਦਕਾ ਇਸ ਵਾਰ ਝੋਨੇ ਦੀ ਫਸਲ ਦੀ ਗੁਣਵੱਤਾ ਵੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਮੈਡਮ ਨੀਤੂ ਕਪੂਰ ਨੇ ਕਿਹਾ, “ਕਿਸਾਨਾਂ ਦੀ ਸਹੂਲਤ, ਫਸਲ ਦੀ ਸੁਚਾਰੂ ਤੇ ਬਿਨਾਂ ਕਿਸੇ ਦੇਰੀ ਤੋਂ ਖਰੀਦ ਅਤੇ ਮੰਡੀ ਪ੍ਰਬੰਧਾਂ ਵਿੱਚ ਪੂਰੀ ਪਾਰਦਰਸ਼ਤਾ ਕਾਇਮ ਰੱਖਣਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ।” ਉਨ੍ਹਾਂ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਖਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਮੰਡੀ ਵਿੱਚ ਜਗ੍ਹਾ ਦੀ ਕਮੀ ਨਾ ਆਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ, ਕਿਸਾਨ ਅਤੇ ਇਲਾਕੇ ਦੇ ਹੋਰ ਪੱਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

