ਕੋਟਕਪੂਰਾ, 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਵਿੱਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋਨੋ ਵਾਹਨਾ ਦੇ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੱਥੇ ਸੜਕ ਕਿਨਾਰੇ ਖੜੇ ਇਕ ਕੈਂਟਰ ਦੇ ਪਿੱਛੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਘਟਨਾ ਐਨੀ ਭਿਆਨਕ ਸੀ ਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਖਮੀਆਂ ਨੂੰ ਇਲਾਜ ਵਾਸਤੇ ਤੁਰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਸ਼ੂਆਂ ਦੇ ਚਾਰੇ ਨਾਲ ਲੱਦਿਆ ਇੱਕ ਕੈਂਟਰ ਬਠਿੰਡਾ ਵੱਲੋਂ ਆ ਰਿਹਾ ਸੀ, ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ’ਤੇ ਅਚਾਨਕ ਖਰਾਬੀ ਆਉਣ ਕਾਰਨ ਚਾਲਕ ਨੇ ਕੈਂਟਰ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਖੜ੍ਹੇ ਕੈਂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੈਂਟਰ ਚਾਲਕ ਜਸਵੀਰ ਸਿੰਘ ਵਾਸੀ ਮੋੜ ਮੰਡੀ ਅਤੇ ਟਰੱਕ ਚਾਲਕ ਪ੍ਰਵੀਨ ਕੁਮਾਰ ਵਾਸੀ ਜੰਮੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਏਐਸਆਈ ਸੰਤੋਖ ਸਿੰਘ ਅਤੇ ਹੌਲਦਾਰ ਮਨਵੀਰ ਸਿੰਘ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਦੋਵੇਂ ਚਾਲਕਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋਵੇਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਏਐਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

